ਲੜੀ ਨੰ. 30 – ਗੁਰਦੁਆਰਾ ਥੜਾ ਸਾਹਿਬ, ਮੁਲਤਾਨ ਪਾਕਿਸਤਾਨ

TeamGlobalPunjab
3 Min Read

*ਡਾ. ਗੁਰਦੇਵ ਸਿੰਘ 

ਗੁਰੂ ਨਾਨਕ ਪਾਤਸ਼ਾਹ ਜਿਸ ਅਸਥਾਨ ‘ਤੇ ਗਏ ਉਥੇ ਜਿਥੇ ਗੁਰੂ ਸਾਹਿਬ ਨੇ ਆਮ ਲੋਕਾਈ ਨੂੰ ਤਾਰਿਆ ਉਥੇ ਸਮੇਂ ਦੇ ਉਚ ਪੀਰ ਫਕੀਰ ਅਖਵਾਉਂਣ ਵਾਲੇ ਵਿਦਵਾਨਾਂ ਨਾਲ ਵੀ ਤਰੀਕੇ ਤੇ ਸਲੀਕੇ ਨਾਲ ਵਿਚਾਰ ਵਟਾਂਦਰਾ ਕੀਤਾ। ਪਿਛਲੀ ਲੜੀ ਵਿੱਚ ਅਸੀਂ ਗੁਰਦੁਆਰਾ ਥੜਾ ਸਾਹਿਬ, ਉਚ ਸ਼ਰੀਫ, ਜਿਲਾ ਬਹਾਵਲਪੁਰ ਦੇ ਇਤਿਹਾਸ ਨਾਲ ਸਾਂਝ ਪਾਈ ਸੀ ਅੱਜ ਅਸੀਂ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਗੁਰੂਧਾਮਾਂ ਦੀ ਇਤਿਹਾਸਕ ਲੜੀ ਅਧੀਨ ਗੁਰਦੁਆਰਾ ਥੜਾ ਸਾਹਿਬ, ਮੁਲਤਾਨ ਪਾਕਿਸਤਾਨ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਇਸ ਅਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਕੋਈ ਇਮਾਰਤ ਨਹੀਂ ਹੈ ਪਰ ਜਿਸ ਅਸਥਾਨ ‘ਤੇ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ ਉੱਥੇ ਇੱਕ ਥੜਾ ਸੁਸ਼ੋਭਿਤ ਹੈ।

ਥੜਾ ਸਾਹਿਬ ਦਾ ਇਹ ਪਾਵਨ ਅਸਥਾਨ ਸ਼ਾਹ ਸ਼ਮਸ ਰੋਡ ਉੱਤੇ ਹਜਰਤ ਸ਼ਾਹ ਸ਼ਮਸ ਸਬਜਵਾਰੀ ਹੋਰਾਂ ਦੇ ਮਜਾਰ ਦੇ ਬਰਾਂਡੇ ਵਿੱਚ ਹੈ। ਸਤਿਗੁਰੂ ਜਦੋਂ ਮੁਲਤਾਨ ਆਏ ਤਾਂ ਸ਼ਹਿਰ ਤੋਂ ਬਾਹਰ ਹੀ ਆਪ ਜੀ ਨੇ ਟਿਕਾਣਾ ਕੀਤਾ। ਇੱਥੇ ਹੀ ਸ਼ਾਹ ਰੁਕਨੇ ਆਲਮ ਨੇ ਗੁਰੂ ਸਾਹਿਬ ਦੀ ਸੇਵਾ ਵਿੱਚ ਦੁੱਧ ਦਾ ਭਰਿਆ ਇੱਕ ਗਿਲਾਸ ਭੇਜਿਆ ਜਿਹਦਾ ਮਤਲਬ ਸੀ ਕਿ ਇੱਥੇ ਤਾਂ ਪਹਿਲੇ ਹੀ ਬੜੀ ਭੀੜ ਹੈ। ਸਤਿਗੁਰਾਂ ਨੇ ਉਸ ਦੁੱਧ ਦੇ ਪਿਆਲੇ ਵਿਚ ਫੁੱਲ ਦੀ ਇਕ ਪੱਤੀ ਰੱਖ ਕੇ ਮੋੜ ਦਿੱਤਾ, ਜਿਹਦਾ ਮਤਲਬ ਸੀ ਕਿ ਜਿਵੇਂ ਇਹ ਫੁੱਲ ਭਰੇ ਗਿਲਾਸ ਵਿਚ ਸਮਾ ਗਿਆ ਹੈ, ਬੱਸ ਇਸੇ ਤਰਾਂ ਅਸੀਂ ਵੀ ਥਾਂ ਬਣਾ ਲਵਾਂਗੇ। ਇੱਥੇ ਹੀ ਆਪ ਜੀ ਨੇ ਮੁਲਤਾਨ ਦੇ ਉਸ ਵੇਲੇ ਦੇ ਅਨੇਕ ਪੀਰਾਂ ਨਾਲ ਵਿਚਾਰ ਚਰਚਾ ਕੀਤੀ।

ਇਸ ਪਾਵਨ ਸਥਾਨ ‘ਤੇ ਅੱਜ ਤੱਕ ਕੋਈ ਗੁਰਦੁਆਰਾ ਸਾਹਿਬ ਦੀ ਵੱਖਰੀ ਇਮਾਰਤ ਨਹੀਂ ਹੈ। ਇਸ ਮਜਾਰ ਦੇ ਬਰਾਂਡੇ ਵਿੱਚ ਹੀ ਥੜਾ ਸਾਹਿਬ ਸੁਸ਼ੋਭਿਤ ਹੈ। ਹਵਾਲਿਆਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਸਮੇਂ ਇਸ ਬਰਾਂਡੇ ਵਿਚ ਹੀ ਪ੍ਰਕਾਸ਼ ਹੁੰਦਾ ਰਿਹਾ। 1850 ਨੂੰ ਅੰਗਰੇਜਾਂ ਨੇ ਇਹ ਪ੍ਰਕਾਸ਼ ਬੰਦ ਕਰਵਾ ਦਿੱਤਾ। ਇਹ ਅਸਥਾਨ ਅੱਜ ਵੀ ਜਗਤ ਗੁਰੂ ਜੀ ਦੇ ਮੁਲਤਾਨ ਆਉਣ ਦੀ ਯਾਦਗਾਰ ਵਜੋਂ ਕਾਇਮ ਹੈ।

- Advertisement -

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 31ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖ਼ਿਮਾ। 

*gurdevsinghdr@gmail.com

Share this Article
Leave a comment