ਗੁਰਮਤਿ ਸੰਗੀਤ  : ਪ੍ਰਾਪਤੀਆਂ ਤੇ ਸੰਭਾਵਨਾਵਾਂ – ਡਾ. ਗੁਰਨਾਮ ਸਿੰਘ

TeamGlobalPunjab
8 Min Read

ਗੁਰਮਤਿ ਸੰਗੀਤ ‘ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ

ਗੁਰਮਤਿ ਸੰਗੀਤ  : ਪ੍ਰਾਪਤੀਆਂ ਤੇ ਸੰਭਾਵਨਾਵਾਂ

ਡਾ. ਗੁਰਨਾਮ ਸਿੰਘ

      ਗੁਰਮਤਿ ਸੰਗੀਤ ਦਾ ਉਦਗਮ ਤੇ ਵਿਕਾਸ ਨੂੰ ਇਤਿਹਾਸਕ ਰੂਪ ਵਿੱਚ ਵੇਖੀਏ ਤਾਂ ਭਾਰਤੀ ਸੰਗੀਤ ਦੇ ਮੁਗਲ ਕਾਲ ਦੇ ਸਮਾਨੰਤਰ ਹੀ ਗੁਰੂ ਕਾਲ ਵਿੱਚ ਸਿੱਖੀ ਦੀਆਂ ਹੋਰ ਪਰੰਪਰਾਵਾ ਨੇ ਨਾਲ-ਨਾਲ ਗੁਰਮਤਿ ਸੰਗੀਤ ਦਾ ਵਿਕਾਸ ਹੋਇਆ। ਭਾਰਤੀ ਸੰਗੀਤ ਦੇ ਇਤਿਹਾਸਕ ਵਿਸ਼ਲੇਸ਼ਣਾਂ ਵਿੱਚ ਮੁਗਲ ਕਾਲ ਦਾ ਜ਼ਿਕਰ ਤਾਂ ਹੈ ਪ੍ਰੰਤੂ ਭਾਰਤੀ ਸੰਗੀਤ ਦੇ ਅਧਿਐਨਕਾਰਾਂ ਵਲੋਂ ਵੀਹਵੀਂ ਸਦੀ ਵਿੱਚ ਗੁਰਮਤਿ ਸੰਗੀਤ ਨੂੰ ਆਪਣੇ ਅਧਿਐਨ ਕਾਰਜਾਂ ਵਿੱਚ ਵਿਚਾਰ ਦਾ ਵਿਸ਼ਾ ਨਹੀਂ ਬਣਾਇਆ ਜਾ ਸਕਿਆ। ਅਜਿਹੀ ਸਥਿਤੀ ਭਾਵੇਂ ਪੰਜਾਬ ਦੀ ਸੰਗੀਤ ਪਰੰਪਰਾ ਵਿੱਚ ਵੀ ਬਣੀ ਰਹੀ ਫਿਰ ਵੀ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਤਕ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਕਾਰਜਸ਼ੀਲ ਵਿਅਕਤੀਆ ਤੇ ਸੰਸਥਾਵਾਂ ਦੇ ਨਿਰੰਤਰ ਯਤਨਾਂ ਦੁਆਰਾ ਗੁਰਮਤਿ ਸੰਗੀਤ ਦੇ ਨਿਵੇਕਲੀ ਸੰਗੀਤ ਪਰੰਪਰਾ ਵਜੋਂ ਲਕਸ਼ ਉਘੜਨੇ ਸ਼ੁਰੂ ਹੋ ਗਏ।

      ਇੱਕਵੀਂ ਸਦੀ ਦੇ ਅਰੰਭ ਤਕ ਸ਼ਬਦ ਕੀਰਤਨ ਪਰੰਪਰਾ ਨੂੰ ਅਕਾਦਮਿਕ ਤੌਰ ’ਤੇ ਗੁਰਮਤਿ ਸੰਗੀਤ ਦੇ ਨਾਮ ਨਾਲ ਪਛਾਣਿਆ ਜਾਣ ਲਗ ਪਿਆ। ਇਸ ਸਥਿਤੀ ਤਕ ਪਹੁੰਚਣ ਲਈ ਗੁਰਮਤਿ ਸੰਗੀਤ ਸਬੰਧੀ ਵਿਭਿੰਨ ਖੇਤਰਾਂ ਵਿੱਚ ਕੀਤੇ ਗਏ ਕਾਰਜ ਵਿਸ਼ੇਸ਼ ਹੈ। ਇਨ੍ਹਾਂ ਕਾਰਜਾਂ ਵਿੱਚ ਸਿਧਾਤਕ ਰੂਪ ਵਿੱਚ ਗੁਰਮਤਿ ਸੰਗੀਤ ਦੀ ਖੋਜ ਦਾ ਕਾਰਜ ਡਾ. ਭਾਈ ਚਰਨ ਸਿੰਘ, ਭਾਈ ਵੀਰ ਸਿੰਘ, ਭਾਈ ਬਲਬੀਰ ਸਿੰਘ, ਭਾਈ ਕਾਹਨ ਸਿੰਘ ਨਾਭਾ ਆਦਿ ਦੀ ਪਹਿਲੀ ਕਤਾਰ; ਪ੍ਰੋ. ਤਾਰਾ ਸਿੰਘ, ਡਾ. ਅਜੀਤ ਸਿੰਘ ਪੈਂਤਲ, ਡਾ. ਜਾਗੀਰ ਸਿੰਘ, ਡਾ. ਦਰਸ਼ਨ ਸਿੰਘ ਨਰੂਲਾ ਅਤੇ ਡਾ. ਗੁਰਨਾਮ ਸਿੰਘ ਆਦਿ ਵਿਦਵਾਨਾਂ ਦੀ ਦੂਸਰੀ ਕਤਾਰ ਅਤੇ ਇਸ ਤੋਂ ਬਾਅਦ ਇਸ ਦੇ ਖੋਜਾਰਥੀਆ ਜ਼ੁੰਮੇ ਆਇਆ ਜਿਨ੍ਹਾਂ ਨਿਰੰਤਰ ਆਪਣੀਆਂ ਲਿਖਤਾਂ ਤੇ ਖੋਜ ਕਾਰਜਾਂ ਦੁਆਰਾ ਗੁਰਮਤਿ ਸੰਗੀਤ ਦੀ ਸਿਧਾਂਤਕਤਾ ਨੂੰ ਬਾਣੀ, ਰਾਗ, ਗਾਇਨ ਰੂਪਾਂ ਆਦਿ ਦੇ ਪ੍ਰਸੰਗ ਵਿੱਚ ਵਿਸ਼ਲੇਸ਼ਣ ਕਰਨ ਦਾ ਮੁੱਢ ਬੰਨ੍ਹਿਆ।

- Advertisement -

      ਗੁਰਮਤਿ ਸੰਗੀਤ ਦੀ ਕਿਰਿਆਤਮਕਤਾ ਦੇ ਖੇਤਰ ਵਿੱਚ ਭਾਵੇਂ ਗੁਰਮਤਿ ਸੰਗੀਤ ਸ਼ਬਦ ਕੀਰਤਨ ਨਿਰੰਤਰ ਰੂਪ ਵਿੱਚ ਗੁਰੂ ਘਰ ਦੀ ਕੀਰਤਨ ਪਰੰਪਰਾ ਦਾ ਵਿਹਾਰਕ ਅੰਗ ਰਿਹਾ ਪਰੰਤੂ ਇਸ ਦੀ ਕਿਰਿਆਤਮਕ ਸਥਾਪਤੀ ਸੁਰਲਿਪੀਬੱਧ ਪ੍ਰਕਾਸ਼ਿਤ ਕਾਰਜਾਂ ਨਾਲ ਸੰਪੂਰਨ ਰੂਪ ਵਿੱਚ ਪ੍ਰਗਟ ਹੋਈ। ਰਾਗੀ ਭਾਈ ਪ੍ਰੇਮ ਸਿੰਘ, ਭਾਈ ਸੁੰਦਰ ਸਿੰਘ ਤੋਂ ਬਆਦ ਗਿਆਨ ਸਿੰਘ ਐਬਟਾਬਾਦ ਪ੍ਰੋ. ਤਾਰਾ ਸਿੰਘ, ਭਾਈ ਅਵਤਾਰ ਸਿੰਘ ਗੁਰਚਰਚਨ ਸਿੰਘ, ਭਾਈ ਸਰਵਣ ਸਿੰਘ ਗੰਧਰਬ, ਪ੍ਰਿੰ. ਦਿਆਲ ਸਿੰਘ ਆਦਿ ਤੋਂ ਬਾਅਦ ਜੱਵਦੀ ਟਕਸਾਲ ਦੀਆਂ ਪ੍ਰਕਾਸ਼ਨਾਵਾਂ ਦੇ ਨਾਲ ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ ਪ੍ਰੋ. ਪਰਮਜੋਤ ਸਿੰਘ ਆਦਿ ਦੀਆਂ ਸ਼ਬਦ ਕੀਰਤਨ ਰਚਨਾਵਾਂ ਦੀਆਂ ਪ੍ਰਕਾਸ਼ਨਾਵਾ ਸਾਹਮਣੇ ਆਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਬਾਬਾ ਸੁੱਚਾ ਸਿੰਘ ਜਵੱਦੀ ਟਕਸਾਲ ਅਤੇ ਹੋਰ ਸੰਸਥਾਵਾ ਦੁਆਰਾ ਕਰਵਾਏ ਰਾਗ ਦਰਬਾਰਾਂ ਨੇ ਗੁਰਮਤਿ ਸੰਗੀਤ ਨੂੰ ਕਿਰਿਆਤਮਕ ਰੂਪ ਵਿੱਚ ਸਰੂਪਿਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ, ਇਸ ਸਮੇਂ ਤਕ ਵਿਭਿੰਨ ਰਿਕਾਰਡਿੰਗ ਕੰਪਨੀਆਂ ਦੀ ਵਿਸ਼ੇਸ਼ ਰਾਗਾਤਮਕ ਰਿਕਾਡਿੰਗ ਵੀ ਪ੍ਰਮੁੱਖ ਰੂਪ ਵਿੱਚ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਵੱਦੀ ਟਕਸਾਲ ਵਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ, ਭਾਈ ਅਵਤਾਰ ਸਿੰਘ ਵਲੋਂ ਮਿਊਜਿਕ ਟੂਡੇ ਅਤੇ ਡਾ. ਗੁਰਨਾਮ ਸਿੰਘ ਦੀ 31 ਰਾਗ ਅਤੇ 31 ਰਾਗ ਪ੍ਰਕਾਰਾਂ ਦੀ ਐਚ. ਐਮ. ਵੀ. ਵਲੋਂ ਆਦਿ ਰਿਕਾਰਡਿੰਗ ਵਿਸ਼ੇਸ਼ ਹਨ।

      ਵੀਹਵੀਂ ਸਦੀ ਦੇ ਅੰਤਲੇ ਦਹਾਕੇ ਤਕ ਸ਼ਬਦ ਕੀਰਤਨ ਦੇ ਸੁਗਮ ਸੰਗੀਤ ਪ੍ਰਭਾਵੀ ਸਰੂਪ ਦੀ ਤੁਲਨਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗਾਂ ਦੀ ਪਰੰਪਰਾ ਨੇ ਆਪਣੇ ਵਿਸ਼ੇਸ਼ ਪਛਾਣ ਬਣਾ ਲਈ। ਵੀਹਵੀਂ ਸਦੀ ਦੇ ਅੰਤਿਮ ਦਹਾਕੇ ਦੇ ਅੰਤ ਤਕ ਅਕਾਦਮਿਕ ਪੱਧਰ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ +1 ਤੇ +2 ਵਿੱਚ ਗੁਰਮਤਿ ਸੰਗੀਤ ਨੂੰ ਵਿਸ਼ੇ ਵਜੋਂ ਲਾਗੂ ਕਰਨਾ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ (1993) ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ (1995) ਐਮ. ਏ. ਸੰਗੀਤ ਦੇ ਪਾਠਕ੍ਰਮ ਵਿੱਚ ਗੁਰਮਤਿ ਸੰਗੀਤ ਦੇ ਕੁਝ ਅੰਸ਼ ਸ਼ਾਮਲ ਕੀਤੇ ਗਏ। 1997 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਸਿੱਖਿਆ ਵਿਭਾਗ ਦੁਆਰਾ ਡਿਪਲੋਮਾ ਇਨ ਗੁਰਮਤਿ ਸੰਗੀਤ ਦਾ ਇੱਕ ਸੁਤੰਤਰ ਕੋਰਸ ਪ੍ਰਾਰੰਭ ਕੀਤਾ ਗਿਆ ਪਰੰਤੂ ਯੂਨੀਵਰਸਿਟੀ ਵਿਿਦਆ ਵਿੱਚ ਗੁਰਮਤਿ ਸੰਗੀਤ ਦੀ ਮਾਨਤਾ ਅਜੇ ਅਧੂਰੀ ਸੀ।

      ਇੱਕਵੀ ਸਦੀ ਦੇ ਪਹਿਲੇ ਦਹਾਕੇ ਤਕ ਗੁਰਮਤਿ ਸੰਗੀਤ ਸਬੰਧੀ ਸਿਧਾਂਤਕ,ਵਿਹਾਰਕ ਤੇ ਇਤਿਹਾਸਕ ਖੋਜ ਕਾਰਜਾਂ ਤੋਂ ਇਲਾਵਾ ਗੁਰਮਤਿ ਸੰਗੀਤ ਸੇਵੀ ਵਿਦਵਾਨਾਂ ਅਤੇ ਸੰਸਥਾਵਾਂ ਦੇ ਯਤਨਾਂ ਦੁਆਰਾ ਸਿੱਖ ਸਮਾਜ ਅਤੇ ਸੰਗੀਤ ਸਮਾਜ ਵਿੱਚ ਗੁਰਮਤਿ ਸੰਗੀਤ ਪ੍ਰਤਿ ਚੇਤਨਾ ਦੀ ਚਿਣਗ ਲਗੀ। 2003 ਵਿੱਚ ਜਦੋਂ ਯੂਨੀਵਰਸਿਟੀ ਵਿੱਚ ਅਕਾਦਮਿਕ ਪੱਧਰ ’ਤੇ ਗੁਰਮਤਿ ਸੰਗੀਤ ਦੀ ਆਂਸ਼ਿਕ ਅਰੰਭਤਾ ਨੂੰ ਰੱਦ ਕਰਨ ਦੇ ਯਤਨਾਂ ਨੇ ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਤੀ ਲਈ ਵਿਸ਼ੇਸ਼ ਪ੍ਰੇਰਕ ਵਜੋਂ ਕਾਰਜ ਕੀਤਾ। 2003 ਵਿੱਚ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਉਂਡੇਸ਼ਨ ਦੇ ਯਤਨਾਂ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ  2004 ਵਿੱਚ ਸੁੰਤਤਰ  ਤੌਰ ’ਤੇ ਐਮ. ਏ. ਗੁਰਮਤਿ ਸੰਗੀਤ ਅਤੇ 2005 ਵਿੱਚ ਗੁਰਮਤਿ ਸੰਗੀਤ ਵਿਭਾਗ ਦੀ ਸਥਾਪਨਾ, ਵਿਸ਼ਵ ਪੱਧਰ ’ਤੇ ਗੁਰਮਤਿ ਸੰਗੀਤ ਦੀ ਪਛਾਣ ਸਥਾਪਤੀ ਲਈ ਮੁਬਾਰਕ ਕਦਮ ਸਨ। 2006 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤੰਤੀ ਸਾਜ਼ਾਂ ਦੇ ਪੁਨਰ ਪ੍ਰਚਲਨ ਨਾਲ ਗੁਰਮਤਿ ਸੰਗੀਤ ਦੀ ਤੰਤੀ ਸਾਜ਼ ਪਰੰਪਰਾ ਨੂੰ ਵਿਸ਼ਵ ਪੱਧਰ ’ਤੇ ਹੁਲਾਰਾ ਮਿਲਿਆ ਅਤੇ ਨਵੀਂ ਪੀੜੀ ਦਾ ਆਕਰਸ਼ਣ ਗੁਰਮਤਿ ਸੰਗੀਤ ਅਤੇ ਇਸ ਦੀ ਤੰਤੀ ਸਾਜ਼ਾਂ ਪਰੰਪਰਾ ਪ੍ਰਤਿ ਵਧਿਆ। ਤੰਤੀ ਸਾਜ਼ਾਂ ਦੇ ਨਾਲ ਇਸ ਦੇ ਸਾਜ਼ਾਂ ਦੇ ਬਨਾਉਣ ਵਾਲੇ ਕਾਰੀਗਰਾਂ ਦੀ ਘੱਟ ਗਿਣਤੀ ਵੀ ਖਟਕਣ ਲੱਗੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵਲੋਂ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਸਨਮੁਖ ਭਵਿੱਖ ਵਿੱਚ ਗੁਰਮਤਿ ਸੰਗੀਤ ਦੀ ‘ਸਾਜ਼ ਕਲਾ’ ਵਿਕਸਤ ਕਰਨ ਦਾ ਪ੍ਰਸਤਾਵ ਰੱਖਿਆ। ਗੁਰਮਤਿ ਸੰਗੀਤ ਦੀਆਂ ਹੋਰ ਪ੍ਰਕਾਸ਼ਨਾਵਾਂ ਤੋਂ ਇਲਾਵਾ ਆਕਸਫੋਰਡ ਪਬਲੀਕੇਸ਼ਨਜ਼ ਵਿੱਚ ਗੁਰਮਤਿ ਸੰਗੀਤ ਨੂੰ ਵਿਸ਼ੇਸ਼ ਸਟੱਡੀਜ਼ ਵਲੋਂ ਸ਼ਾਮਲ ਕੀਤੇ ਜਾਣੇ ਅਤੇ ਪੰਜਾਬੀ ਯੂਨੀਵਰਸਿਟੀ ਦੁਆਰਾ ਬਹੁਭਾਸ਼ੀ ‘ਗੁਰਮਤਿ ਸੰਗੀਤ ਟਰਮੀਨਾਲੋਜੀ’ (Gurmat Sangeet Terminology) ਦੀ ਪ੍ਰਕਾਸ਼ਨਾ ਇੱਕ ਹੋਰ ਸੁਭਾਗ ਕਦਮ ਸੀ।

      ਇੱਕਵੀਂ ਸਦੀ ਦੇ ਦੂਸਰੇ ਦਹਾਕੇ ਤਕ ਗੁਰਮਤਿ ਸੰਗੀਤ ਅਕਾਦਮਿਕ ਪਛਾਣ ਵਿਸ਼ਵ ਭਰ ਵਿੱਚ ਸਥਾਪਤ ਹੋ ਚੁੱਕੀ ਹੈ। ਇਸ ਦੇ ਸਿਧਾਂਤਕ ਸਥਾਪਤੀ ਦੇ ਨਕਸ਼ ਉਘੜ ਚੁੱਕੇ ਹਨ। ਵਿਸ਼ਵ ਦੀਆਂ ਸੰਸਥਾਵਾਂ, ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ, ਅਕੈਡਮੀਆਂ ਅਤੇ ਗੁਰਦੁਆਰਾ ਸਾਹਿਬਾਨ ਸ਼ਬਦ ਕੀਰਤਨ ਦੁਆਰਾ ਗਰਮਤਿ ਸੰਗੀਤ ਦੀ ਗਾਇਨ, ਵਾਦਨ ਤੇ ਤਾਲ ਸਾਜ਼ ਪੰਰਪਰਾ ਨੂੰ ਪ੍ਰਫੱੁਲਤ ਕਰ ਰਹੇ ਹਨ। ਹੁਣ ਗੁਰਮਤਿ ਸੰਗੀਤ ਦੀ ਖੋਜ ਤੋਂ ਇਲਾਵਾ ਸੰਸਥਾਵਾਂ ਵਿੱਚ ਆਨ ਕੈਂਪਸ ਰੈਗੂਲਰ, ਡਿਸਟੈਂਸ ਐਜੂਕੇਸ਼ਨ ਤੇ ਆਨ ਲਾਈਨ ਤਿੰਨੇ ਪ੍ਰਣਾਲੀਆਂ ਦੁਆਰਾ ਅਧਿਆਪਨ ਕਰਵਾਇਆ ਜਾ ਰਿਹਾ ਹੈ ਜੋ ਐਲੀਮੈਂਟਰੀ ਪੱਧਰ ਤੋਂ ਪੀਐਚ.ਡੀ. ਤਕ ਜਾਰੀ ਹੈ।

      ਉਕਤ ਪ੍ਰਾਪਤੀਆਂ ਦੇ ਸਨਮੁੱਖ ਹੁਣ ਗੁਰਮਤਿ ਸੰਗੀਤ ਪ੍ਰਤਿ ਸਾਡੀਆਂ ਜ਼ਿੰਮੇਵਾਰੀਆਂ ਅਤੇ ਚਣੌਤੀਆਂ ਵੀ ਵਿਸ਼ਾਲ ਰੂਪ ਵਿੱਚ ਸਾਡੇ ਸਹਾਮਣੇ ਹਨ।ਜ਼ਿੰਮੇਵਾਰੀ ਦੇ ਅਹਿਸਾਸ ਨਾਲ ਵੱਖ-ਵੱਖ ਸੰਸਥਾਵਾਂ, ਕਾਰਜਸ਼ੀਲ ਕੀਰਤਨੀਆਂ, ਸੰਗੀਤਕਾਰਾਂ, ਵਿਦਵਾਨਾਂ ਤੇ ਆਉਣ ਵਾਲੀ ਪੀੜੀ ਨੂੰ ਚੇਤੰਨ ਹੋਣ ਦੀ ਜ਼ਰੂਰਤ ਹੈ। ਹਰ ਪੱਧਰ ’ਤੇ ਗੁਰਮਤਿ ਸੰਗੀਤ ਦੀ ਮੌਲਿਕਤਾ ਤੇ ਪਰਮਾਣਿਕਤਾ ਨੂੰ ਵਿਸ਼ਵ ਸੰਗੀਤ ਅਤੇ ਪ੍ਰਚਲਿਤ ਸ਼ਬਦ ਕੀਰਤਨ ਪਰੰਪਰਾ ਦੇ ਸਨਮੁੱਖ ਕਾਇਮ ਰੱਖਣਾ, ਸਮਕਾਲ ਵਿੱਚ ਗੁਰਮਤਿ ਸੰਗੀਤ  ਦੇ ਖੇਤਰ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਤੇ ਗੰਭੀਰ ਚਣੌਤੀ ਹੈ। ਇਸ ਮੌਲਿਕਤਾ ਤੇ ਪਰਮਾਣਿਕਤਾ ਦਾ ਆਧਾਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਸ ਵਿੱਚ ਅੰਕਿਤ ਸੰਗੀਤ ਵਿਧਾਨ ਹੀ ਹੋ ਸਕਦਾ ਹੈ। ਵਿਅਕਤੀ ਵਿਸ਼ੇਸ਼ ਅਤੇ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਨੂੰ ਵੀ ਇਸੇ ਅਧਾਰ *ਤੇ ਨਿਰਖਿਆ ਤੇ ਪਰਖਿਆ ਜਾ ਸਕਦਾ ਹੈ। ਗੁਰਮਤਿ ਸੰਗੀਤ ਦੀਆਂ ਸ਼ਬਦ ਕੀਰਤਨ ਰਚਨਾਵਾਂ ਦਾ ਵਿਸ਼ਾਲ ਭੰਡਾਰ ਇਸ ਪਰੰਪਰਾ ਦੇ ਵਿਿਭੰਨ ਸਰੋਤਾਂ, ਮਰਿਆਦਾ ਤੇ ਪ੍ਰਚਲਨ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਗੁਰਮਤਿ ਸਿਧਾਂਤ ਅਤੇ ਸ਼ਬਦ ਕੀਰਤਨ ਦੇ ਸੰਗੀਤ ਸਿਧਾਂਤ ਦੇ ਅਧਾਰ ਅਨੁਸਾਰ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ।ਇਸ ਦ੍ਰਿਸ਼ਟੀ ਤੋਂ ਭਵਿੱਖ ਵਿੱਚ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਅਸੀਮ ਸੰਭਾਵਨਾਵਾਂ ਇਸ ਮਾਰਗ ਦੇ ਪਾਂਧੀਆਂ ਦਾ ਇੰਤਜ਼ਾਰ ਕਰ ਰਹੀਆਂ ਹਨ।(ਚਲਦਾ)   

- Advertisement -

*drgnam@yahoo.com

Share this Article
Leave a comment