ਸ੍ਰੀ ਗੁਰੂ ਗੋਬਿੰਦ ਸਿੰਘ ਨੇ ਧਰਮ ਦੀ ਦੁਨੀਆਂ ਨੂੰ ਦਿੱਤੀ ਨਵੀਂ ਸੇਧ

TeamGlobalPunjab
3 Min Read

ਗੁਰਗੱਦੀ ਦਿਵਸ ‘ਤੇ ਵਿਸ਼ੇਸ਼

ਸ੍ਰੀ ਗੁਰੂ ਗੋਬਿੰਦ ਸਿੰਘ ਨੇ ਧਰਮ ਦੀ ਦੁਨੀਆਂ ਨੂੰ ਦਿੱਤੀ ਨਵੀਂ ਸੇਧ

*ਡਾ. ਗੁਰਦੇਵ ਸਿੰਘ

ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਗੁਰਗੱਦੀ ਦਿਵਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ 1675 ਈਸਵੀ ਵਿੱਚ ਗੁਰੂ ਨਾਨਕ ਦੀ ਗੱਦੀ ‘ਤੇ ਬਿਰਾਜਮਾਨ ਹੋਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1666 ਈ: ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ। ਛੋਟੀ ਉਮਰੇ ਹੀ ਆਪ ਨੇ ਪਿਤਾ ਗੁਰੂ, ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਧਰਮ ਦੀ ਖਾਤਰ ਖੁਦ ਕੁਰਬਾਨ ਹੋਣ ਦੀ ਸਲਾਹ ਦਿੱਤੀ। ਚਾਂਦਨੀ ਚੌਂਕ ਦਿੱਲੀ ਵਿਖੇ ਪਿਤਾ ਗੁਰੂ ਦੀ ਸ਼ਹਾਦਤ ਤੋਂ ਬਾਅਦ ਆਪ ਨੇ  ਕੇਵਲ ਨੌਂ ਸਾਲ ਦੀ ਉਮਰ ਵਿੱਚ ਸਿੱਖ ਕੌਮ ਦੀ ਵੱਡੀ ਜ਼ਿੰਮੇਵਾਰੀ ਚੁੱਕੀ ਤੇ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਵਾਰਸ ਬਣੇ। ਆਪ ਨੇ 1699 ਈਸਵੀ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਮੁਰਦਾ ਹੋ ਚੁੱਕੀ ਕੌਮ ਵਿੱਚ ਨਵੀਂ ਰੂਹ ਫੂਕ ਕੇ ਜਾਗ੍ਰਿਤੀ ਪੈਦਾ ਕੀਤੀ। ਆਪ ਨੇ ਸਿੱਖਾਂ ਨੂੰ ਗ਼ੈਰਤ, ਜੁਅੱਰਤ, ਅਨੁਸ਼ਾਸਨ, ਸੂਰਬੀਰਤਾ ਅਤੇ ਅੰਮ੍ਰਿਤ ਦੀ ਅਨਮੋਲ ਦਾਤ ਬਖਸ਼ਿਸ਼ ਕੀਤੀ।

ਗੁਰੂ ਗੋਬਿੰਦ ਸਿੰਘ ਨੇ ਆਪਣੇ  ਦਰਬਾਰ ਵਿੱਚ 52 ਕਵੀ ਰਖੇ ਹੋਏ ਸਨ ਜੋ ਆਪ ਦੀ ਸਾਹਿਤ ਨਾਲ ਪੀਡੀ ਸਾਂਝ ਨੂੰ ਬਿਆਨਦੇ ਹਨ। ਆਪ ਨੇ ਸਿੱਖਾਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਕੀਤਾ। ਧਰਮ ਦੀ ਖਾਤਰ ਤੇ ਜ਼ੁਲਮ ਦੇ ਖਿਲਾਫ ਭੰਗਾਣੀ ਦੀ ਜੰਗ, ਨੰਦੌਣ ਦੀ ਜੰਗ, ਚਮਕੌਰ ਦੀ ਜੰਗ, ਮੁਕਤਸਰ ਦੀ ਜੰਗ ਸਮੇਤ 14 ਜੰਗ ਕੀਤੇ ਜਿਨ੍ਹਾਂ ਵਿੱਚ ਆਪ ਦੀ ਫਤਿਹ ਹੋਈ।

- Advertisement -

ਚਮਕੌਰ ਦੀ ਜੰਗ ਸੰਸਾਰ ਦੀ ਇੱਕ ਅਜਿਹੀ ਜੰਗ ਹੈ ਜਿੱਥੇ ਬਾਪ ਨੇ ਆਪਣੇ ਬੇਟੇ ਕੌਮ ‘ਤੇ ਵਾਰਨ ਲਈ ਖੁੱਦ ਤੋਰੇ ਅਤੇ ਉਨ੍ਹਾਂ ਨੂੰ ਖੁਦ ਸ਼ਹੀਦ ਹੁੰਦੇ ਦੇਖਿਆ ਤੇ ਇੱਕ ਹੰਝੂ ਤਕ ਨਾਹ ਵਹਾਇਆ। ਆਪ ਨੇ ਗ੍ਰੰਥ ਸਾਹਿਬ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਇਸ ਨੂੰ ਸੰਪੂਰਨ ਕੀਤਾ ਅਤੇ 1708 ਈਸਵੀ ਵਿੱਚ ਅਬਚਲ ਨਗਰ ਨਾਂਦੇੜ ਵਿਖੇ ਸ੍ਰੀ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ ਕੇ ਜਿੱਥੇ ਵਿਸ਼ਵ ਧਰਮ ਦਰਸ਼ਨ ਵਿੱਚ ਨਵੀ ਚੇਤਨਾ ਪੈਦਾ ਕੀਤੀ ਉੱਥੇ ਸਿੱਖਾਂ ਨੂੰ ਸਦਾ ਲਈ ਸ਼ਬਦ ਗੁਰੂ ਦੇ ਲੜ ਲਾਇਆ।

ਗੁਰੂ ਸਾਹਿਬ ਨੇ ਮਨੁੱਖਤਾ ਦੀ ਭਲਾਈ ਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਭ ਕੁਝ ਲੇਖੇ ਲਾ ਦਿੱਤਾ। ਆਪ ਨਿਪੁੰਨ ਆਗੂ, ਮਹਾਂਬਲੀ ਯੋਧੇ, ਮਹਾਂ ਕਵੀ ਤੇ ਸੰਗੀਤਕਾਰ ਸਨ ਜੋ ਆਪ ਜੀ ਦੀ ਮਹਾਨ ਸ਼ਖ਼ਸੀਅਤ ਦੇ ਲਖਾਇਕ ਹਨ। ਆਪ ਜੀ ਦੀ ਮਹਾਨ, ਵਿਲੱਖਣ ਤੇ ਬਹੁਪੱਖੀ ਸ਼ਖ਼ਸੀਅਤ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਔਖਾ ਹੀ ਨਹੀਂ, ਸਗੋਂ ਅਸੰਭਵ ਏ। 

ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ। ਜਿਤਨੀ ਭੀ ਹੋ ਗੋਬਿੰਦ ਕੀ ਤਾੱਰੀਫ਼ ਵੁਹ ਕਮ ਹੈ।

ਹਰਚੰਦ ਮੇਰੇ ਹਾਥ ਮੇਂ, ਪੁਰ ਜ਼ੋਰ ਕਲਮ ਹੈ। ਸਤਿਗੁਰ ਕੇ ਲਿਖੂੰ, ਵਸਫ਼, ਕਹਾਂ ਤਾਬੇ-ਰਕਮ ਹੈ। (ਗੰਜ-ਏ-ਸ਼ਹੀਦਾਂ ਅੱਲ੍ਹਾ ਯਾਰ ਖ਼ਾਂ ਜੋਗੀ)

ਗੁਰੂ ਸਾਹਿਬ ਨੇ ਨਾਨਕ ਦੀ ਗੱਦੀ ‘ਤੇ ਬਿਰਾਜਮਾਨ ਹੋ ਕੇ ਅਜਿਹੇ ਲਾਸਾਨੀ ਕਾਰਜ ਕੀਤੇ ਜਿਨ੍ਹਾਂ ਨੇ ਧਰਮ ਦੀ ਦੁਨੀਆਂ ਨੂੰ ਹੀ ਬਦਲ ਰੱਖ ਕੇ ਦਿੱਤਾ।

- Advertisement -

*gurdevsinghdr@gmail.com

Share this Article
Leave a comment