ਨਾਨਕ ਦੀ ਗੱਦੀ ਕੋਈ ਸੰਸਾਰਿਕ ਵਿਰਾਸਤ ਨਹੀਂ ਸਗੋਂ ਇਹ ਤਾਂ …-ਡਾ. ਗੁਰਦੇਵ ਸਿੰਘ

TeamGlobalPunjab
4 Min Read

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ ਜੀ।


ਨਾਨਕ ਦੀ ਗੱਦੀ ਕੋਈ ਸੰਸਾਰਿਕ ਵਿਰਾਸਤ ਨਹੀਂ ਸਗੋਂ ਇਹ ਤਾਂ …

*ਡਾ. ਗੁਰਦੇਵ ਸਿੰਘ

ਪੰਜਵੇਂ ਨਾਨਕ, ਧੀਰਜ ਅਤੇ ਨਿਮਰਤਾ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ, ਦੋਹਿਤਾ ਬਾਣੀ ਕਾ ਬੋਹਿਥਾ’, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਸਾਰਾ ਸਿੱਖ ਜਗਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦਾ ਹੈ। ਨਾਨਕ ਸ਼ਾਹੀ ਕੈਲੰਡਰ ਅਨੁਸਾਰ ਅੱਜ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ।

ਗੁਰੂ ਅਰਜਨ ਦੇਵ ਜੀ ਦਾ ਜਨਮ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਬੀਬੀ ਭਾਨੀ ਜੀ ਦੇ ਕੁਖੋਂ 1563 ਈ. ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ। ਗੁਰੂ ਸਾਹਿਬ ਦਾ ਬਚਪਨ ਆਪਣੇ ਨਾਨਾ ਜੀ ਸ੍ਰੀ ਗੁਰੂ ਅਮਰਦਾਸ ਜੀ ਕੋਲ ਬੀਤਿਆ। ਗੁਰੂ ਅਮਰਦਾਸ ਜੀ ਨੇ ਹੀ ਆਪ ਨੂੰ ‘ਦੋਹਿਤਾ ਬਾਣੀ ਕਾ ਬੋਹਿਤਾ’ ਦਾ ਆਸ਼ਰੀਵਾਦ ਦਿੱਤਾ। ਆਪ ਜੀ ਦੇ ਦੋ ਭਰਾ ਪ੍ਰਿਥੀਚੰਦ ਤੇ ਮਹਾਂਦੇਵ ਸਨ। ਆਪ ਸਭ ਤੋਂ ਛੋਟੇ ਸਨ ਪਰ ਫਿਰ ਵੀ ਪਿਤਾ ਗੁਰੂ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਯੋਗ ਜਾਣ ਕੇ ਗੁਰੂ ਨਾਨਕ ਦੀ ਗੁਰਗੱਦੀ ਦੀ ਬਖਸ਼ਿਸ਼ ਕੀਤੀ, ਜਿਸ ਕਾਰਨ ਆਪ ਜੀ ਨੂੰ ਭਰਾਤਾ ਪ੍ਰਿਥੀ ਚੰਦ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਉਹ ਆਪਣੇ ਆਪ ਨੂੰ ਵੱਡਾ ਪੁੱਤਰ ਹੋਣ ਕਰਕੇ ਇਸ ਪਰ ਆਪਣਾ ਹੱਕ ਸਮਝਦਾ ਸੀ। ਪਰ ਗੁਰੂ ਨਾਨਕ ਦੀ ਗੁਰਗੱਦੀ ਦਾ ਵਾਰਸ ਬਣਨ ਲਈ ਗੁਰੂ ਪੁੱਤਰ ਹੋਣਾ ਜ਼ਰੂਰੀ ਨਹੀਂ, ਇਹ ਵੀ ਜ਼ਰੂਰੀ ਨਹੀਂ ਕਿ ਉਹ ਘਰ ਵਿੱਚ ਵੱਡਾ ਹੈ ਜਾਂ ਛੋਟਾ। ਜਿਵੇਂ ਸੰਸਾਰਕਿ ਵਿਹਾਰ ਹੈ ਕਿ ਘਰ ਦੇ ਵੱਡੇ ਪੁੱਤਰ ਨੂੰ ਆਪਣੇ ਪਿਤਾ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਸੋਂਪੀ ਜਾਂਦੀ ਰਹੀ ਹੈ ਇਸ ਤਰ੍ਹਾਂ ਪ੍ਰਿਥੀਚੰਦ ਸਮਝਦਾ ਸੀ। ਪਰ ਇਹ ਤਾਂ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਸੀ ਇਸ ਨੂੰ ਚੁੱਕਣ ਲਈ ਗੁਰੂ ਦੇ ਦਰ ‘ਤੇ ਪਰਵਾਣ ਹੋਣਾ ਜ਼ਰੂਰੀ ਹੈ ਤਾਂ ਹੀ ਇਹ ਸੇਵਾ ਪ੍ਰਾਪਤ ਹੁੰਦੀ ਹੈ। ਇਹ ਕੋਈ ਸੰਸਾਰਿਕ ਵਿਰਾਸਤ ਨਹੀਂ। ਜੇ ਅਜਿਹਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਨੂੰ ਗੱਦੀ ਦੇਣ ਦੀ ਬਜਾਇ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਚੁਣਦੇ। ਇਸ ਲਈ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਗੁਰੂ ਨਾਨਕ ਦੀ ਗੱਦੀ ਦਾ ਸਹੀ ਵਾਰਸ ਜਾਣ ਕੇ ਗੁਰਗੱਦੀ ਮਹਾਨ ਸੇਵਾ ਪ੍ਰਦਾਨ ਕੀਤੀ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਗੁਰੂ ਆਸ਼ੇ ਅਨੁਸਾਰ ਸਿੱਖੀ ਨੂੰ ਹੋਰ ਪ੍ਰਫੁੱਲਤ ਕੀਤਾ ਤੇ ਮਹਾਨ ਕਾਰਜ ਕੀਤੇ।

- Advertisement -

ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਕਾਲ ਵਿੱਚ ਰਾਮਦਾਸ ਸਰੋਵਰ ਦੀ ਸੇਵਾ ਨੂੰ ਸੰਪੂਰਨ ਕਰਵਾਇਆ, ਸਰੋਵਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਪਾਵਨ ਈਮਾਰਤ ਬਣਵਾਈ। ਆਪ ਨੇ ਧਰਮ ਦੀ ਦੁਨੀਆਂ ਦਾ ਨਿਵੇਕਲਾ ਕਾਰਜ ਕਰਦਿਆਂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦਾ ਸੰਕਲਨ ਕੀਤਾ, ਜਿਸ ਵਿੱਚ ਆਪਣੀ ਤੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਸਮੇਤ ਵੱਖ ਵੱਖ ਸੰਤਾਂ ਭਗਤਾਂ ਦੀ ਬਾਣੀ ਨੂੰ ਅੰਕਿਤ ਕੀਤਾ ਗਿਆ। ਭਾਈ ਗੁਰਦਾਸ ਜੀ ਨੇ ਬਾਣੀ ਲਿਖਣ ਦੀ ਸੇਵਾ ਨਿਭਾਈ। ਗੁਰੂ ਜੀ 1604 ਨੂੰ ਇਸ ਇਲਾਹੀ ਗ੍ਰੰਥ ਦਾ ਸ੍ਰੀ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕਰਵਾਇਆ। ਪੰਜਵੇਂ ਪਾਤਸ਼ਾਹ ਨੇ ਹੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸ਼ਸ਼ਤਰ ਧਾਰਨ ਦੀ ਤਾਕੀਦ ਕੀਤੀ। ਸੋ ਅਜਿਹੇ ਮਹਾਨ ਗੁਰੂ, ਸਾਂਤੀ ਦੇ ਪੁੰਜ, ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਣ ਦਾ ਉਪਦੇਸ਼ ਦੇਣ ਵਾਲੇ, ਸ੍ਰੀ ਦਰਬਾਰ ਸਾਹਿਬ ਦੇ ਨਿਰਮਾਤਾ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।

*gurdevsinghdr@gmail.com

Share this Article
Leave a comment