Breaking News

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ …ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -129

ਬਾਬਾ ਹੋਰੁ ਖਾਣਾ ਖੁਸੀ ਖੁਆਰੁ…

*ਡਾ. ਗੁਰਦੇਵ ਸਿੰਘ

ਮਨੁੱਖ ਸਾਰੀ ਉਮਰ ਸੁਆਦਲੇ ਭੋਜਨਾਂ ਦੇ ਪਿੱਛੇ ਘੰਮਦਾ ਰਹਿੰਦਾ ਹੈ। ਸੋਹਣੇ ਸੋਹਣੇ ਮਹਿਲ ਉਸਾਰਦਾ ਹੈ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ। ਇਸੇ ਤਰ੍ਹਾਂ ਮਨੁੱਖ ਸੰਦਰ ਬਸਤਰਾਂ ਦੀ ਦੌੜ ਵਿੱਚ ਵੀ ਹਮੇਸ਼ਾਂ ਰਹਿੰਦਾ ਹੈ ਪਰ ਗੁਰਬਾਣੀ ਵਿੱਚ ਇਸ ਸੰਬੰਧ ਵਿੱਚ ਵਿਸ਼ੇਸ਼ ਉਪਦੇਸ਼ ਕਰਦੀ ਹੈ। ਗੁਰਬਾਣੀ ਸਾਨੂੰ ਇਸ ਸੰਦਰਭ ਵਿੱਚ ਮਾਰਗ ਦਰਸ਼ਨ ਕਰਦੀ ਹੈ ਕਿ ਸਾਨੂੰ ਕੀ ਖਾਣਾ ਚਾਹੀਦਾ ਹੈ, ਕੀ ਪਹਿਨਣਾ ਚਾਹੀਦਾ ਹੈ , ਕਿਵੇਂ ਜੀਣਾ ਚਾਹੀਦਾ ਹੈ ਆਦਿ ਤੇ ਇਹ ਕਿਉਂ ਜ਼ਰੂਰੀ ਹੈ ਇਸ ਦਾ ਉਪਦੇਸ਼ ਵੀ ਬਾਣੀ ਵਿੱਚ ਭਲੀਭਾਂਤ ਦਿੱਤਾ ਗਿਆ ਹੈ। ਸ਼ਬਦ ਵਿਚਾਰ ਦੀ ਲੜੀ ਅਧੀਨ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਬਾਣੀ ਦਾ ਸ਼ਬਦ ਬਾਬਾ ਹੋਰੁ ਖਾਣਾ ਖੁਸੀ ਖੁਆਰੁ …” ਦੀ ਵਿਚਾਰ ਕਰਾਂਗੇ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 16 ‘ਤੇ ਅੰਕਿਤ ਹੈ। ਸਿਰੀ ਰਾਗ ਦਾ ਇਹ ਸੱਤਵਾਂ ਸ਼ਬਦ ਹੈ। ਇਸ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਸੁਚੱਜੀ ਜੀਵਨ ਜਾਚ ਦਾ ਪਾਠ ਪੜਾ ਰਹੇ ਹਨ।

ਸਿਰੀਰਾਗੁ ਮਹਲਾ ੧ ॥

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥

ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥

ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥

ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥

ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥

ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥

ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥

ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥

ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥

ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥

ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥

ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥

ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥

ਪਦ ਅਰਥ: ਸਭਿ = ਸਾਰੇ। ਰਸ = ਸੁਆਦ। ਮੰਨਿਐ = ਜੇ (ਮਨ) ਮੰਨ ਜਾਏ। ਸੁਣਿਐ = ਜੇ ਸੁਣ ਲਏ, ਜੇ ਸੁਰਤਿ ਜੁੜ ਜਾਏ। ਸਾਲੋਣੇ = ਲੂਣ ਵਾਲੇ। ਖਟ ਤੁਰਸੀ = ਖੱਟੇ ਤੁਰਸ਼। ਮੁਖਿ = ਮੂੰਹ ਨਾਲ। ਮਾਰਣ = ਮਸਾਲੇ। ਨਾਦ = ਰਾਗੁ, ਕੀਰਤਨ। ਭਾਉ = ਪ੍ਰੇਮ।1।

ਬਾਬਾ = ਹੇ ਭਾਈ! ਖੁਆਰ = ਜ਼ਲੀਲ। ਜਿਤੁ = ਜਿਸ ਦੀ ਰਾਹੀਂ। ਜਿਤੁ ਖਾਧੈ = ਜਿਸ ਖਾਧੇ (ਪਦਾਰਥ) ਨਾਲ। ਪੀੜੀਐ = ਔਖਾ ਹੁੰਦਾ ਹੈ। ਚਲਹਿ = ਚੱਲ ਪੈਂਦੇ ਹਨ।1। ਰਹਾਉ।

ਰਤਾ = ਰੰਗਿਆ ਹੋਇਆ। ਸੁਪੇਦੀ = ਚਿੱਟਾ ਕੱਪੜਾ। ਸਤੁ = ਦਾਨ। ਨੀਲੀ = ਨੀਲੀ ਪੁਸ਼ਾਕ। ਸਿਆਹੀ = ਮਨ ਦੀ ਕਾਲਖ। ਕਦਾ ਕਰਣੀ = ਕੱਟ ਦੇਣੀ। ਪਹਿਰਣੁ = ਜਾਮਾ, ਚੋਗਾ। ਕਮਰ = ਲੱਕ। ਕਮਰ ਬੰਦੁ = ਲੱਕ ਦਾ ਪਟਕਾ।2।

ਪਾਖਰ = ਕਾਠੀ। ਸਾਖਤਿ = ਦੁਮਚੀ। ਤੇਰੀ ਵਾਟ = ਤੇਰੇ ਚਰਨਾਂ ਤਕ ਅੱਪੜਨ ਦਾ ਰਸਤਾ। ਤਰਕਸ = ਭੱਥਾ, ਤੀਰ ਰੱਖਣ ਵਾਲਾ ਥੈਲਾ। ਸਾਂਗ = ਬਰਛੀ। ਤੇਗਬੰਦ = ਤਲਵਾਰ ਦਾ ਗਾਤ੍ਰਾ। ਧਾਤ = ਦੌੜ-ਭੱਜ, ਜਤਨ। ਪਤਿ = ਇੱਜ਼ਤ। ਕਰਮ = ਬਖ਼ਸ਼ਸ਼।3।

ਤੁਧੁ ਭਾਵਸੀ = ਤੇਰੀ ਰਜ਼ਾ ਵਿਚ ਰਹਿਣਾ। ਹੋਰੁ ਆਖਣੁ = ਹੋਰ ਹੁਕਮ ਕਰਨ ਦਾ ਬਚਨ। ਪੂਛਿ = ਪੁੱਛ ਕੇ।4।

ਸਉਣਾ = ਦੁਨਿਆਵੀ ਮੌਜਾਂ ਮਾਣਨੀਆਂ। ਜਿਤੁ ਸੁਤੈ = ਜਿਸ ਐਸ਼-ਇਸ਼ਰਤ ਦੀ ਰਾਹੀਂ।

ਵਿਆਖਿਆ : ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤਿ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ। ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਕੀਰਤਨ ਮਸਾਲੇ ਜਾਣੋ। ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤਿ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ।1।

ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।1। ਰਹਾਉ।

ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ। ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ। ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ।2।

ਹੇ ਭਾਈ! ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ, ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ।1। ਰਹਾਉ।

ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ। ਤੇਰੀ ਸਿਫ਼ਤਿ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ। (ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ।3।

ਹੇ ਭਾਈ! ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ, ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ।1। ਰਹਾਉ।

ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ)। (ਦੂਜਿਆਂ ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।

ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ।4।

ਹੇ ਭਾਈ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ, ਕਿਉਂਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ।1। ਰਹਾਉ।4।7।

ਉਕਤ ਸ਼ਬਦ ਵਿੱਚ ਪਾਤਸ਼ਾਹ ਇਹੀ ਉਪਦੇਸ਼ ਕਰ ਰਹੇ ਹਨ ਕਿ ਵਾਹਿਗੁਰੂ ਦੀ ਯਾਦ ਨੂੰ ਹਮੇਸ਼ਾਂ ਮਨ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ। ਪ੍ਰਭੂ ਦੀ ਪ੍ਰੀਤ ਵਿੱਚ ਹੀ ਮਨ ਨੂੰ ਰੰਗਣਾ ਚਾਹੀਦਾ ਹੈ। ਪ੍ਰਭੁ ਦੇ ਚਰਨਾਂ ਵਿੱਚ ਮਨ ਲਾਉਣ ਵਰਗੀ ਕੋਈ ਸੋਹਣੀ ਸਵਾਰੀ ਨਹੀਂ। ਉਸ ਦੇ ਨਾਮ ਜੱਪਣ ਦੇ ਨਾਲ ਜੋ ਖੁਸ਼ੀ ਮਿਲਦੀ ਹੈ ਉਸ ਦੇ ਸਾਹਮਣੇ ਕਿਸੇ ਵੀ ਸ਼ਾਨਦਾਰ ਘਰ ਦੀ ਖੁਸ਼ੀ ਨਹੀਂ ਟਿਕਦੀ। ਅਖੀਰ ਗੁਰੂ ਸਾਹਿਬ ਇਹੀ ਨਿਰਣਾ ਕਰਦੇ ਹਨ ਕਿ ਉਸ ਅਕਾਲ ਪੁਰਖ ਦੀ ਸਿਫਤ ਸਾਲਾਹ ਦੇ ਸਾਹਮਣੇ ਸਭ ਰਸ ਫਿਕੇ ਹਨ। ਉਹ ਕੋਈ ਵੀ ਚੀਜ ਜਿਸ ਨੂੰ ਖਾਣ, ਪੀਣ ਤੇ ਪਹਿਨਣ ਨਾਲ ਖੁਆਰ ਹੋਈਦਾ ਹੈ ਉਨ੍ਹਾਂ ਤੋਂ ਸਾਨੂੰ ਕਿਨਾਰਾ ਕਰਨਾ ਚਾਹੀਦਾ ਹੈ।  ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚਲੇ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਜੀ।

*gurdevsinghdr@gmail.com

Check Also

ਸਕੂਲ ਬੱਸ ਤੇ PRTC ਵਿਚਾਲੇ ਜ਼ਬਰਦਸਤ ਟੱਕਰ, 15 ਬੱਚੇ ਜ਼ਖਮੀ 2 ਦੀ ਹਾਲਤ ਗੰਭੀਰ

ਲੁਧਿਆਣਾ : ਜਗਰਾਓਂ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਪ੍ਰਾਈਵੇਟ ਸਕੂਲ …

Leave a Reply

Your email address will not be published. Required fields are marked *