ਗੁਰਦੁਆਰਾ ਪਹਿਲੀ ਪਾਤਸ਼ਾਹੀ, ਅਲਪਾ, ਕਸੂਰ – ਡਾ. ਗੁਰਦੇਵ ਸਿੰਘ

TeamGlobalPunjab
3 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -18

ਗੁਰਦੁਆਰਾ ਪਹਿਲੀ ਪਾਤਸ਼ਾਹੀ, ਅਲਪਾ, ਕਸੂਰ

*ਡਾ. ਗੁਰਦੇਵ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧੰਤ ਇਤਿਹਾਸਕ ਅਸਥਾਨਾਂ ਦੇ ਇਤਿਹਾਸ ਦੀ ਚੱਲ ਰਹੀ ਲੜੀ ਅਧੀਨ ਅੱਜ ਅਸੀਂ ਗੁਰਦੁਆਰਾ ਪਹਿਲੀ ਪਾਤਸ਼ਾਹੀ ਅਲਪਾ, ਕਸੂਰ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਅਸੀਂ ਪਹਿਲਾਂ ਪਹਿਲ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਲੜੀ ਆਰੰਭ ਕੀਤੀ ਹੋਈ ਹੈ ਜਿਸ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ।

ਗੁਰਧਾਮਾਂ ਦੇ ਇਤਿਹਾਸ ਦੇ ਨਾਲ ਸਾਂਝ ਪਾਉਂਦੇ ਸਮੇਂ ਸਾਡੇ ਸਾਹਮਣੇ ਜਦੋਂ ਇਨ੍ਹਾਂ ਗੁਰਦੁਆਰਾ ਦੇ ਵਰਤਮਾਨ ਹਲਾਤਾਂ ਤੱਥ ਆਉਂਦੇ ਹਨ ਤਾਂ ਦਿਲ ਵਿੱਚ ਦਰਦ ਭਰੀ ਚੀਸ ਨਿਕਲਦੀ ਹੈ। ਵਰਤਮਾਨ ਸਮੇਂ ਇਨ੍ਹਾਂ ਗੁਰੂਧਾਮਾਂ ਦੇ ਹਲਾਤ ਨ ਬਿਆਨਯੋਗ ਹਨ। ਅੱਜ ਅਸੀਂ ਜਿਸ ਉਕਤ ਗੁਰਦੁਆਰਾ ਸਾਹਿਬ ਦੀ ਗੱਲ ਕਰਨ ਲੱਗੇ ਹਾਂ ਉਸ ਦੇ ਵਰਤਮਾਨ ਹਲਾਤ ਵੀ ਤਰਸਯੋਗ ਹਨ।

- Advertisement -

ਗੁਰਦੁਆਰਾ ਪਹਿਲੀ ਪਾਤਸ਼ਾਹੀ ਅਲਪਾ ਤਹਿਸੀਲ ਚੂਨੀਆਂ ਜਿਲ੍ਹਾ ਕਸੂਰ ਵਿੱਚ ਹੈ। ਪੱਤੋਕੀ ਤੋਂ ਇੱਕ ਸੜਕ ਰਾਵੀ ਦਰਿਆ ਵੱਲ ਨਿਕਲਦੀ ਹੈ ਜਿਸ ‘ਤੇ ਇੱਕ ਮਸ਼ਹੂਰ ਨਗਰ ਹੱਲਾ ਹੈ। ਇਸ ਨਗਰ ਤੋਂ ਕੋਈ 12 ਕੁ ਕਿਲੋਮੀਟਰ ਰਾਵੀ ਦਰਿਆ ਦੇ ਬਿਲਕੁਲ ਕੰਢੇ ਉੱਤੇ ਪਿੰਡ ਛੋਟਾ ਨਾਨਕਿਆਣਾ ਅਲਪਾ ਵਸਿਆ ਹੋਇਆ ਹੈ। ਇਹ ਅਸਥਾਨ ਪਿੰਡ ਅਲਪਾ ਤੋਂ ਵੀ ਕੋਈ ਚਾਰ ਕਿਲੋਮੀਟਰ ਹੱਟ ਕੇ ਹੈ।  ਇਸ ਅਸਥਾਨ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ।  ਇਸ ਅਸਥਾਨ ‘ਤੇ ਕਦੀ ਨਿਤ ਪ੍ਰਕਾਸ਼ ਹੁੰਦਾ ਸੀ ਅਤੇ ਵਿਸਾਖੀ ‘ਤੇ ਵਿਸ਼ੇਸ਼ ਸੰਗਤਾਂ ਦਾ ਇੱਕਠ ਵੀ ਹੁੰਦਾ ਸੀ ਪ੍ਰੰਤੂ ਵਰਤਮਾਨ ਸਮੇਂ ਇਹ ਅਸਥਾਨ ਇਤਿਹਾਸ ਦੀ ਗੋਦ ਵਿੱਚ ਸਮਾਉਂਦਾ ਹੋਇਆ ਅੰਤਿਮ ਸਾਹਾਂ ਤੇ ਹੈ। ਹੁਣ ਇਥੇ ਕੋਈ ਪ੍ਰਕਾਸ਼ ਨਹੀਂ ਹੁੰਦਾ। ਹੁਣ ਤਾਂ ਕੇਵਲ ਕਾਗਜ ਦੇ ਪੰਨਿਆਂ ‘ਤੇ ਇਸ ਅਸਥਾਨ ਦਾ ਇਤਿਹਾਸ ਰਹਿ ਗਿਆ ਹੈ। ਇਸ ਅਸਥਾਨ ਦੇ ਨਾਮ ‘ਤੇ ਕਈ ਪਿੰਡਾਂ ਵਿੱਚ ਭਾਰੀ ਜ਼ਮੀਨ ਹੈ। 1947 ਈਸਵੀ ਦੀ ਦੇਸ਼ ਵੰਡ ਦੇ ਇਹ ਨਤੀਜਾ ਹਨ ਜੋ ਸਾਡੇ ਇਨ੍ਹਾਂ ਗੁਰੂ ਧਾਮਾਂ ਨਾਲ ਹੋ ਰਿਹਾ ਹੈ। ਸਾਡੀਆਂ ਸਿੱਖ ਸੰਸਥਾਵਾਂ ਨੂੰ ਇਨ੍ਹਾਂ ਸਿੱਖ ਇਤਿਹਾਸਕ ਧਰੋਹਰਾਂ ਨੂੰ ਬਚਾਉਣ ਲਈ ਕੋਈ ਅੰਤਰਰਾਸ਼ਟਰੀ ਪੱਧਰ ‘ਤੇ ਹੰਭਲਾ ਮਾਰਨਾ ਚਾਹੀਦਾ ਹੈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 19ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

*gurdevsinghdr@gmail.com

Share this Article
Leave a comment