-ਡਾ. ਗੁਰਦੇਵ ਸਿੰਘ
ਬਹੁਤ ਕੀਮਤੀ ਹੈ ਇਹ ਮਨੁੱਖਾ ਜਨਮ
ਵੱਡੇ ਭਾਗਾਂ ਨਾਲ ਸਾਨੂੰ ਅਮੋਲਕ ਮਾਨਸ ਜਨਮ ਪ੍ਰਾਪਤ ਹੋਇਆ ਹੈ। ਇਹ ਵਾਰ ਵਾਰ ਨਹੀਂ ਮਿਲਣਾ ਇਸ ਲਈ ਇਸ ਜਨਮ ਦਾ ਜਿੰਨਾ ਲਾਹਾ ਲੈ ਸਕਦੇ ਹਾਂ ਉਹ ਸਾਨੂੰ ਲੈ ਲੈਣਾ ਚਾਹੀਦਾ ਹੈ ਕਿਉਂਕਿ ਇੱਕ ਵਾਰ ਸਮਾਂ ਹੱਥੋਂ ਨਿਕਲਿਆ ਦੁਬਾਰਾ ਹੱਥ ਨਹੀਂ ਆਉਂਦਾ।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ ਪੰਜਵੇਂ ਸ਼ਬਦ ਸਾਧੋ ਗੋਬਿੰਦ ਕੇ ਗੁਨ ਗਾਵਉ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ॥੧॥ਰਹਾਉ॥ ਵਿੱਚ ਗੁਰੂ ਜੀ ਕੀਮਤੀ ਮਨੁੱਖਾ ਜਨਮ ਨੂੰ ਸੰਭਾਲਣ ਦਾ ਹੀ ਉਪਦੇਸ਼ ਦੇ ਰਹੇ ਹਨ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਬਿ ਦੇ ਅੰਗ ੨੧੯ ‘ਤੇ ਗਉੜੀ ਰਾਗ ਅਧੀਨ ਅੰਕਤਿ ਹੈ।
ਗਉੜੀ ਮਹਲਾ ੯॥
- Advertisement -
ਸਾਧੋ ਗੋਬਿੰਦ ਕੇ ਗੁਨ ਗਾਵਉ॥
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ॥੧॥ਰਹਾਉ॥
ਹੇ ਸੰਤ ਜਨੋ! ਸਦਾ ਗੋਬਿੰਦ ਦੇ ਗੁਣ ਗਾਂਦੇ ਰਹੋ। ਇਹ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ, ਇਸ ਨੂੰ ਅਜਾਈਂ ਕਿਉਂ ਗਵਾਂਦੇ ਹੋ?।1।ਰਹਾਉ।
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ॥
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ॥੧॥
- Advertisement -
ਹੇ ਸੰਤ ਜਨੋ! ਉਹ ਹਰੀ ਗਰੀਬਾਂ ਦਾ ਮਦਦ ਕਰਨ ਵਾਲਾ ਹੈ। ਪਰਮਾਤਮਾ ਤਾਂ ਉਹਨਾਂ ਬੰਦਿਆਂ ਨੂੰ ਭੀ ਪਵਿਤ੍ਰ ਕਰਨ ਵਾਲਾ ਹੈ ਜਿਹੜੇ ਵਿਕਾਰਾਂ ਵਿਚ ਡਿੱਗੇ ਹੋਏ ਹੁੰਦੇ ਹਨ। ਭਾਗਵਤ ਦੀ ਪ੍ਰਚਲਿਤ ਕਥਾ ਹੈ ਕਿ ਇਕ ਗੰਧਰਬ ਕਿਸੇ ਸ੍ਰਾਪ ਦੇ ਕਾਰਨ ਹਾਥੀ ਬਣ ਗਿਆ। ਇੱਕ ਦਿਨ ਜਦੋਂ ਉਹ ਨਦੀ ਤੋਂ ਪਾਣੀ ਪੀਣ ਗਿਆ ਤਾਂ ਪਾਣੀ ਵਿਚੋਂ ਇਕ ਤੰਦੂਏ ਨੇ ਉਸ ਫੜ ਲਿਆ। ਉਸ ਨੇ ਪ੍ਰਭੂ ਨੂੰ ਸਿਮਰਿਆ ਤਾਂ ਉਸ ਦੀ ਖ਼ਲਾਸੀ ਹੋ ਗਈ। ਹੇ ਭਾਈ ਤੁਸੀਂ ਭੀ ਉਸੇ ਦੀ ਸਰਨ ਪਵੋ ਜਿਸ ਦਾ ਸਿਮਰਨ ਕਰ ਕੇ ਹਾਥੀ ਦਾ ਡਰ ਮਿਟ ਗਿਆ ਸੀ, ਤੁਸੀ ਉਸ ਨੂੰ ਕਿਉਂ ਭੁਲਾ ਰਹੇ ਹੋ?।1।
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥
ਹੇ ਸੰਤ ਜਨੋ! ਅਹੰਕਾਰ ਦੂਰ ਕਰ ਕੇ, ਮਾਇਆ ਦਾ ਮੋਹ ਤਿਆਗ ਕੇ ਆਪਣਾ ਚਿੱਤ ਪਰਮਾਤਮਾ ਦੇ ਭਜਨ ਵਿਚ ਜੋੜੀ ਰੱਖੋ। ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਖ ਰਹੇ ਹਨ ਕਿ–ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਇਹੀ ਰਸਤਾ ਏ ਪਰ ਗੁਰੂ ਦੀ ਸਰਨ ਪੈ ਕੇ ਹੀ ਤੁਸੀਂ ਇਹ ਰਸਤਾ ਲੱਭ ਸਕਦੇ ਹੋ।2।
ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਮਨੁੱਖਾ ਜਨਮ ਨੂੰ ਅਜਾਈਂ ਗਵਾਉਂਣ ਤੋਂ ਵਰਜ ਰਹੇ ਹਨ ਤੇ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਸਾਰੇ ਹੰਕਾਰ, ਮਾਇਆ ਦੇ ਮੋਹ ਆਦਿ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਜਾ।
ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਦੀ ਇਹ ਪਾਵਨ ਲੜੀ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 6 ਵਜੇ ਆਪ ਸਭ ਦੇ ਸਨਮੁਖ ਲੈ ਕੇ ਹਾਜਰ ਹੁੰਦੇ ਹਾਂ। ਇਸ ਨੂੰ ਹੋਰ ਵਧੀਆ ਕਰਨ ਲਈ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਵੋ ਜੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥