ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਸੋਧੇ ਗਏ ਮੋਟਰ ਵਹੀਕਲ ਕਾਨੂੰਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਘਰੇਲੂ ਸੂਬੇ ਗੁਜਰਾਤ ਦੀ ਸਰਕਾਰ ਨੇ ਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇੱਥੋਂ ਦੀ ਸਰਕਾਰ ਨੇ ਕੇਂਦਰ ਸਰਕਾਰ ਵੱਲੋ ਨਵੇਂ ਕਾਨੂੰਨ ਤਹਿਤ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਵਧਾਏ ਗਏ ਜ਼ੁਰਮਾਨੇ ਦੀ ਰਕਮ ਨੂੰ ਅੱਧਾ ਕਰ ਕੇ ਲੈਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਲਏ ਗਏ ਫੈਸਲੇ ਤਹਿਤ ਕਈ ਜ਼ੁਰਮਾਨੇ ਤਾਂ ਸਿੱਧੇ ਸਿੱਧੇ ਅੱਧੇ ਕਰ ਦਿੱਤੇ ਗਏ ਹਨ।ਇਸ ਸਬੰਧ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਵਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਵਧਾਏ ਗਏ ਜ਼ੁਰਮਾਨਿਆਂ ਨਾਲ ਸਹਿਮਤ ਨਹੀਂ ਹਨ। ਰੁਪਾਣੀ ਅਨੁਸਾਰ ਇਹ ਜ਼ੁਰਮਾਨੇ ਬਹੁਤ ਜ਼ਿਆਦਾ ਹਨ ਤੇ ਗੁਜਰਾਤ ਸਰਕਾਰ ਵੱਲੋਂ ਇਸ ‘ਤੇ ਡੂੰਘਾਈ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਇਸ ਵਿੱਚ ਕਟੌਤੀ ਕੀਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਦੇ ਫੈਸਲੇ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਹੀ ਘਰੇਲੂ ਸੂਬੇ ਦੀ ਸਰਕਾਰ ਵਲੋਂ ਵਿਰੋਧ ਕਰਨ ਤੇ ਕੇਂਦਰ ਸਰਕਾਰ ਕੀ ਪ੍ਰਤੀਕਿਰਿਆ ਦਿੰਦੀ ਹੈ।