Home / ਓਪੀਨੀਅਨ / ਗਿਆਨੀ ਦਿੱਤ ਸਿੰਘ ਨੇ ਤੋੜਿਆ ਸੀ ਸੁਆਮੀ ਦਯਾਨੰਦ ਦਾ ਹੰਕਾਰ !

ਗਿਆਨੀ ਦਿੱਤ ਸਿੰਘ ਨੇ ਤੋੜਿਆ ਸੀ ਸੁਆਮੀ ਦਯਾਨੰਦ ਦਾ ਹੰਕਾਰ !

ਗਿਆਨੀ ਦਿੱਤ ਸਿੰਘ ਜੀ ਦਾ ਜਨਮ ਸੰਨ 1852 ਅਪ੍ਰੈਲ ਮਹੀਨੇ ਦੀ 21 ਤਰੀਕ ਨੂੰ ਪਟਿਆਲੇ ਰਿਆਸਤ ਦੇ ਨਗਰ ਨੰਦਪੁਰ ਕਲੌੜ ਵਿੱਚ ਭਾਈ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਸੁਭਾਅ ਧਾਰਮਿਕ ਬਿਰਤੀ ਵਾਲਾ ਹੋਣ ਕਰਕੇ ਜੀਵਨ ਸਿੱਖੀ ਆਪ ਨੂੰ ਸੰਸਕਾਰੀ ਰੂਪ ਵਿੱਚ ਪ੍ਰਾਪਤ ਹੋਈ। ਧਰਮੀ ਪਿਤਾ ਤੇ ਸੰਤ-ਮਹਾਪੁਰਖਾਂ ਦਾ ਆਪ ਦੇ ਮਨ ਉਤੇ ਵਿਸ਼ੇਸ਼ ਪ੍ਰਭਾਵ ਰਿਹਾ।ਆਪ ਦੀ ਧਾਰਮਿਕ ਲਗਨ ਤੇ ਰੁਚੀ ਨੂੰ ਵੇਖ ਕੇ ਆਪਦੇ ਪਿਤਾ ਜੀ ਨੇ ਇੱਕ ਸੰਤ ਮਹਾਤਮਾ ਗੁਰਬਖਸ਼ ਸਿੰਘ ਕੋਲ ਪਿੰਡ ਤਿਉੜ, ਜਿਲ੍ਹਾ ਅੰਬਾਲਾ ਵਿੱਚ ਗੁਲਾਬਦਾਸੀ ਡੇਰੇ ਭੇਜ ਦਿੱਤਾ ਸੀ। ਉਥੇ ਰਹਿ ਕੇ ਆਪ ਜੀ ਨੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ। ਆਪ ਜੀ ਨੇ ਇਸੇ ਡੇਰੇ ਵਿੱਚ ਹੀ ਪਰਸ਼ੀਅਨ ਦੇ ਉਸਤਾਦ ਦਇਆ ਨੰਦ ਖੱਤਰੀ ਤੋਂ ਪਰਸ਼ੀਅਨ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਇਲਾਵਾ ਸਗੋਂ ਪਿੰਗਲ, ਵਿਆਕਰਣ, ਵੇਦਾਂਤ ਅਤੇ ਰਾਜਨੀਤੀ ਆਦਿ ਦੇ ਗ੍ਰੰਥਾਂ ਦਾ ਵੀ ਅਧਿਐਨ ਕੀਤਾ। ਇਸ ਗਹਿਰ ਗੰਭੀਰ ਅਧਿਐਨ ਨੇ ਆਪ ਵਿਚ ਹਰ ਇਕ ਵਿਸ਼ੇ `ਤੇ ਬਹਿਸ ਕਰਨ ਦੀ ਸਮਰੱਥਾ ਪੈਦਾ ਕਰ ਦਿੱਤੀ ਸੀ।

ਜਿਲ੍ਹਾ ਅੰਬਾਲਾ ਦੇ ਪਿੰਡ ਤਿਉੜ ਦੇ ਡੇਰੇ ਤੋਂ ਬਾਅਦ ਆਪ ਲਹੌਰ ਦੇ ਗੁਲਾਬਦਾਸੀਆਂ ਦੇ ਪ੍ਰਸਿੱਧ ਡੇਰੇ ਵਿੱਚ ਆ ਗਏ। ਇਥੇ ਆ ਕੇ ਆਪ ਗੁਲਾਬਦਾਸੀ ਸੰਪ੍ਰਦਾਇ ਦੇ ਬੁਲਾਰੇ ਅਤੇ ਪ੍ਰਚਾਰਕ ਬਣ ਗਏ। ਲਹੌਰ ਰਹਿੰਦੀਆ ਹੀ ਆਪ ਦੀ ਮੁਲਾਕਤ ਓਰੀਐਂਅਲ ਕਾਲਜ ਦੇ ਪੰਜਾਬੀ ਦੇ ਪ੍ਰੋਫੈਸਰ ਸਰਦਾਰ ਗੁਰਮੁਖ ਸਿੰਘ ਨਾਲ ਹੋਈ। ਪਹਿਲੀ ਮੁਲਾਕਾਤ ਵਿੱਚ ਦੋਵੇ ਇਕ ਦੂਜੇ ਤੋਂ ਬਹੁਤ ਪ੍ਰਭਾਵਿਤ ਹੋਏ।ਉਸੇ ਸਮੇਂ ਪ੍ਰੋਫੈਸਰ ਸਾਹਿਬ ਅਤੇ ਆਪ ਜੀ ਦੇ ਵਿਚਕਾਰ ਸਿੱਖ ਕੌਮ ਦੀ ਡੁੱਬਦੀ ਬੇੜੀ ਨੂੰ ਨਿਘਾਰ ਤੋਂ ਬਚਾਉਣ ਬਾਰੇ ਗੱਲ ਚੱਲ ਰਹੀ ਸੀ।ਪ੍ਰੋਫੈਸਰ ਸਾਹਿਬ ਦੇ ਕਹਿਣ ਤੇ ਆਪ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ।ਪ੍ਰੀਖਿਆ ਪਾਸ ਕਰਨ ਮਗਰੋਂ ਆਪ ਜੀ ਨੇ ਕਾਲਜ ਦੇ ਪੋਫੈਸਰਾਂ ਸਾਹਮਣੇ ਮਨੁੱਖਤਾ, ਮਨੁੱਖੀ-ਗੁਣਾਂ, ਮਨੁੱਖੀ-ਜੀਵਨ-ਆਦਰਸ਼ਾਂ ਆਦਿ ਵਿਸ਼ਿਆਂ `ਤੇ ਕਈ ਲੈਕਚਰ ਕੀਤੇ। ਆਪ ਜੀ ਤੋਂ ਕਾਲਜ ਦਾ ਪ੍ਰਿਸੀਪਲ ਕਾਫੀ ਪ੍ਰਭਾਵਿਤ ਹੋਇਆ ਤੇ ਆਪ ਨੂੰ ਪੱਕੀ ਧਾਰਮਿਕ ਪ੍ਰੋਫੈਸਰ ਦੀ ਨੌਕਰੀ ਦੇ ਦਿੱਤੀ ਤੇ ਉਸ ਤੋਂ ਮਗਰੋਂ ਆਪ ਦੀ ਚਰਚਾ ਚਾਰੇ ਪਾਸੇ ਹੋਣ ਲੱਗੀ।

ਗਿਆਨੀ ਦਿੱਤ ਸਿੰਘ ਦਾ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਯੋਗਦਾਨ ਸਿੰਘ ਸਭਾ ਲਹਿਰ ਨੂੰ ਆਰੰਭ ਕਰਨਾ ਸੀ। ਜਿਸ ਵਿੱਚ ਅੰਧ-ਵਿਸਵਾਸ਼ਾਂ, ਵਹਿਮਾਂ,ਭਰਮਾਂ ਅਤੇ ਫੋਕੀਆਂ ਰਹੁਰੀਤਾਂ ਤੋਂ ਮੁਕਤ ਕਰਵਾਉਣਾ ਸੀ। ਸਿੰਘ ਸਭਾ ਲਹਿਰ ਦਾ ਪ੍ਰਭਾਵ ਦੂਰ-ਦਰਾਡੇ ਫੈਲਣ ਮਗਰੋਂ ਆਰੀਆਂ ਸਮਾਜ ਵੱਲੋਂ ਇਸ ਦੀ ਵਿਰੋਧਤਾ ਕੀਤੀ ਗਈ। ਸਿੰਘ ਸਭਾਂ ਲਹਿਰ ਦੇ ਬਾਨੀਆਂ ਵਿੱਚੋਂ ਆਪ ਨੇ ਆਰੀਆਂ ਸਮਾਜ ਦੇ ਸਵਾਮੀ ਦਯਾਨੰਦ ਨਾਲ ਧਰਮ ਦੇ ਵਿਸ਼ੇ `ਤੇ ਬਹਿਸ ਕਰਨ ਲਈ ਟੱਕਰ ਲਈ। ਸੰੰਨ 1877 ਅਪ੍ਰੈਲ 18 ਨੂੰ ਸਵਾਮੀ ਦਯਾਨੰਦ ਲਹੌਰ ਆਏ, ਤਾਂ ਉਨ੍ਹਾਂ ਨੇ ਰਤਨ ਚੰਦ ਦਾਹੜੀਵਾਲੇ ਬਾਗ ਵਿੱਚ ਬਹਿਸਾਂ ਕਰਨੀਆਂ ਸ਼ੁਰੂ ਕਰੀਆ। ਜਿਹੜਾ ਵਿਅਕਤੀ ਸਵਾਮੀ ਦੀ ਗੱਲ ਨਾਲ ਸਹਿਮਤ ਨਹੀ ਸੀ ਹੁੰਦਾ ਉਹ (ਸਵਾਮੀ) ਉਸ ਵਿਅਕਤੀ ਦੀ ਮੂਰਖ ਕਹਿ ਕੇ ਬੇਇੱਜਤੀ ਕਰ ਦਿੰਦਾ ਸੀ। ਸਵਾਮੀ ਦੀ ਬਹਿਸਾਂ ਦੀ ਧੁੰਮਾਂ ਸੁਣ ਕੇ ਆਪ ਜੀ ਨੇ ਸਵਾਮੀ ਨਾਲ ਸ੍ਰਿਸ਼ਟੀ ਦੀ ਰਚਨਾ ਦੇ ਵਿਸ਼ੇ `ਤੇ ਬਹਿਸ ਕਰਕੇ ਉਸ ਦੇ ਅੰਦਰ ਢੇਰ ਸਾਰ ਪੈਦਾ ਹੋਇਆ ਹੰਕਾਰ ਤੋੜਿਆ।ਇਸ ਸਬੰਧੀ ਆਪਨੇ ਇਕ ਪੁਸਤਕ ‘ਮੇਰਾ ਅਤੇ ਸਾਧੂ ਦਯਾਨੰਦ ਜੀ ਦਾ ਸੰਬਾਦ` ਵੀ ਲਿਖੀ।

ਗਿਆਨੀ ਦਿੱਤ ਸਿੰਘ ਜੀ ਨੇ ਜਾਤਪਾਤ, ਵਹਿਮਾਂ-ਭਰਮਾਂ, ਅੰਧ-ਵਿਸਵਾਸ਼ਾਂ ਦੇ ਵਿਸ਼ਿਆਂ `ਤੇ ਪੁਸਤਕਾਂ, ਪੈਫਲਿਟ ਅਤੇ ਇਸ਼ਤਿਹਾਰ ਛਾਪ ਕੇ ਵੰਡੇ।ਸਿੰਘ ਸਭਾ ਦੇ ਪ੍ਰਚਾਰਕ ਨੇ ‘ਖਾਲਸਾ ਅਖਬਾਰ` ਛਾਪਣਾ ਆਰੰਭ ਕੀਤਾ ਤੇ ਇਸ ਵਿੱਚ ਸਭ ਤੋਂ ਵੱਧ ਲੇਖ ਆਪ ਹੀ ਲਿਖਦੇ ਸਨ। ਇਸ ਤੋਂ ਇਲਾਵਾਂ ਉਰਦੂ ਵਿਚ ‘ਖਾਲਸਾ ਗਜ਼ਟ` ਪ੍ਰਸਿੱਧ ਹੋਇਆ। ਆਪ ਨੇ ਇੱਕ ‘ਸ੍ਵਪਨ ਨਾਟਕ` ਨਾ ਦਾ ਨਾਟਕ ਲਿਖਿਆ ਸੀ। ਜਿਸ ਵਿੱਚ ਵਿਅੰਗਤਮਕ ਸ਼ੈਲੀ ਵਿੱਚ ਬਾਬਾ ਖੇਮ ਸਿੰਘ ਬੇਦੀ, ਰਾਜਾ ਬਿਕ੍ਰਮ ਸਿੰਘ, ਗਿਆਨੀ ਝੰਡਾ ਸਿੰਘ ਆਦਿ ਨੂੰ ਨਾਟਕ ਦੇ ਪਾਤਰ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ। ਕਿ ਇਹ ਅਖੌਤੀ ਸੇਵਾਦਾਰ ਪੰਥ ਨੂੰ ਕਿਵੇ ਉਜਾੜਣ ਤੇ ਲੱਗੇ ਹੋਏ ਨੇਂ।ਇਨ੍ਹਾਂ ਅਖੌਤੀ ਸੇਵਾਦਾਰਾਂ ਨੇ ਗੁੱਸੇ ਵਿੱਚ ਆਕੇ ਆਪ ਤੇ ਮਾਣ ਹਾਨੀ ਦਾ ਮੁਕਦੱਮਾ ਕਰਕੇ ‘ਖਾਲਸਾ ਪ੍ਰੈਸ਼` ਅਤੇ ‘ਖਾਲਸਾ ਅਖਬਾਰ` ਬੰਦ ਕਰਵਾ ਦਿੱਤੇ ਸਨ। ਇਸ ਮੁੱਕਦਮੇ ਵਿੱਚ ਆਪ ਨੂੰ 51 ਰੁਪਏ ਜੁਰਮਾਨਾ ਕੀਤਾ ਗਿਆ ਸੀ। ਸੰਨ 1893 ਇੱਕ ਮਈ ਨੂੰ ‘ਖਾਲਸਾ ਅਖਬਾਰ` ਮੁੜ ਜਾਰੀ ਕੀਤਾ ਗਿਆ ਤੇ ਫਿਰ ਆਪ ਇਸ ਦੇ ਅੱਠ ਸਾਲ ਸੰਪਾਦਕ ਰਹੇ। ਇਸ ਦੇ 2 ਸਾਲ ਮਗਰੋਂ ‘ਖਾਲਸਾ ਪ੍ਰੈਸ਼` ਵੀ ਜਾਰੀ ਕੀਤਾ ਗਿਆ ਸੀ।

ਗਿਆਨੀ ਦਿੱਤ ਸਿੰਘ ਜੀ ਨੇ ਪੰਜਾਬੀ ਸਾਹਿਤਕ ਦੀ ਝੋਲੀ ਕਾਫੀ ਪੁਸਤਕਾਂ ਵੀ ਪਾਈਆ ਹਨ। ‘ਸਿੱਖ ਬਚੇ ਦੀ ਸ਼ਹੀਦੀ`, ‘ਭਾਈ ਤਾਰਾਂ ਸਿੰਘ ਵਾਈਏ ਦੀ ਸ਼ਹੀਦੀ`, ‘ਭਾਈ ਬੋਤਾ ਸਿੰਘ ਦੀ ਸ਼ਹੀਦੀ`, ‘ਸਿੰਘਣੀਆਂ ਦੇ ਸਿਦਕ`, ‘ਗੁੱਗਾ ਗਪੌੜਾ`, ‘ਦੁਰਗਾ ਪ੍ਰਬੋਧ` ਆਦਿ।

ਗਿਆਨੀ ਦਿੱਤ ਸਿੰਘ ਨੇ ਆਪਣੇ ਪ੍ਰੋ: ਸਾਹਿਬ ਨਾਲ ਮਿਲ ਕੇ ਸਿੱਖ ਵਿਦਿਅਕ ਸੰਸਥਾ ਸਥਾਪਿਤ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ 20 ਫਰਵਰੀ 1890 ਨੂੰ ਇੱਕਤਰਤਾ ਲਈ ਸਦਾਪੱਤਰ ਭੇਜੇ ਇਸ ਮੀਟਿੰਗ ਵਿੱਚ ਸ: ਅਤਰ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਖਾਲਸਾ ਕਾਲਜ ਦੀ ਸਥਾਪਨਾ ਲਈ ਕੋਸ਼ਿਸ਼ ਹੋਣ ਲੱਗੀ। ਆਪ ਨੇ ਇਸ ਕਾਲਜ ਲਈ ਅਣਥੱਕ ਦਿਨ ਰਾਤ ਮਿਹਨਤ ਕੀਤੀ। 5 ਮਾਰਚ 1892 ਨੂੰ ਖਾਲਸਾ ਕਾਲਜ ਅਮ੍ਰਿਤਸਰ ਦੀ ਨੀਹ ਰੱਖੀ ਗਈ। ਇਸ ਕਾਲਜ ਨੂੰ ਵਸਾਉਣ ਲਈ ਮਿਹਨਤ ਨੂੰ ਵੇਖਦਿਆਂ ਆਪ ਦੀ ਯਾਦ ਵਿੱਚ ਖਾਲਸਾ ਕਾਲਜ ਵਿੱਚ ਵਿਦਿਆਰਥੀਆਂ ਨੂੰ ਆਪ ਦੇ ਨਾਂਅ `ਤੇ ਸਕਾਉਲਰਸਿਪ ਵੀ ਦਿੱਤੀ ਜਾਦੀ ਹੈ।

ਸਿੱਖ ਧਰਮ ਨੂੰ ਅੰਧ-ਵਿਸਵਾਸ਼ਾਂ, ਵਹਿਮਾਂ,ਭਰਮਾਂ ਅਤੇ ਫੋਕੀਆਂ ਰਹੁਰੀਤਾਂ ਤੋਂ ਮੁਕਤ ਕਰਵਾਉਣ ਲਈ ਅਣਥੱਕ ਮਿਹਨਤ ਕਰਦੇ ਹੋਏ 6 ਸਤਬੰਰ ਸੰਨ 1901 ਦੀ ਸਵੇਰ ਨੂੰ ਤਕਰੀਬਨ ਸਾਢੇ ਦਸ ਵਜੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ, ਪ੍ਰਕਾਂਡ ਵਿਦਵਾਨ ਅਤੇ ਸਮਾਜ ਸੁਧਾਰਕ ਗਿਆਨੀ ਦਿੱਤ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਅੱਜ ਮੁੜ ਸਿੱਖ ਕੌਮ ਨੂੰ ਗਿਆਨੀ ਦਿੱਤ ਸਿੰਘ ਵਰਗੇ ਮਹਾਨ ਪ੍ਰਚਾਰਕਾਂ ਦੀ ਲੋੜ ਹੈ।

-ਮਨਦੀਪ ਸਿੰਘ

Check Also

‘ਸੁੰਦਰ ਮੁੰਦਰੀਏ ਹੋ’

ਗੁਰਪ੍ਰੀਤ ਡਿੰਪੀ; ਭਾਰਤ ਦੀ ਧਰਤੀ ਤਿਉਹਾਰਾਂ ਦੀ ਧਰਤੀ ਹੈ। ਇੱਥੇ ਹਰ ਸਾਲ ਤਿਉਹਾਰਾਂ ਦੇ ਮੇਲੇ …

Leave a Reply

Your email address will not be published. Required fields are marked *