ਨੇਕ ਕੰਮ ਕਰ ਕੇ ਮਸ਼ਹੂਰ ਹੋ ਗਿਆ ਨੇਕ ਚੰਦ

TeamGlobalPunjab
4 Min Read

-ਅਵਤਾਰ ਸਿੰਘ

ਚੰਡੀਗੜ੍ਹ ਵਿਚ ਜਦੋਂ ਵੀ ਕੋਈ ਸੈਲਾਨੀ ਵਿਦੇਸ਼ ਜਾਂ ਦੂਜੇ ਪ੍ਰਾਂਤ ਤੋਂ ਪਹੁੰਚਦਾ ਹੈ ਤਾਂ ਉਸ ਦੀ ਤਮੰਨਾ ਹੁੰਦੀ ਕਿ ਉਹ ਵਿਸ਼ਵ ਪ੍ਰਸਿੱਧ ਪੱਥਰਾਂ ਦਾ ਬਾਗ਼ ਰੌਕ ਗਾਰਡਨ ਜ਼ਰੂਰ ਦੇਖੇ ਜਿਸ ਵਿੱਚ ਮਨੁੱਖੀ ਰੂਹ ਧੜਕਦੀ ਨਜ਼ਰ ਆਉਂਦੀ ਹੈ। ਸਾਰਾ ਰੌਕ ਗਾਰਡਨ ਘੁੰਮਣ ਤੋਂ ਬਾਅਦ ਹਰ ਦਰਸ਼ਕ ਦੀ ਤ੍ਰਿਪਤ ਹੋਈ ਰੂਹ ਲੋਚਦੀ ਹੈ ਕਿ ਪਤਾ ਲਗਾਇਆ ਜਾਵੇ ਕਿ ਇਸ ਦਾ ਨਿਰਮਾਤਾ ਕੌਣ ਹੈ। ਫੇਰ ਇਸ ਗੱਲ ਦਾ ਜਵਾਬ ਮਿਲਣਾ ਸ਼ੁਰੂ ਹੁੰਦਾ ਕਿ ਇਸ ਦੇ ਨਿਰਮਾਤਾ ਇਕ ਸਾਧਾਰਨ ਤੇ ਨੇਕ ਇਨਸਾਨ ਸਨ ਨੇਕ ਚੰਦ। ਅੱਜ 12 ਜੂਨ ਨੂੰ ਇਸ ਮਹਾਨ ਸਖਸ਼ੀਅਤ ਦੀ ਬਰਸੀ ਹੈ। ਪੇਸ਼ ਹੈ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸੰਖੇਪ ਜਿਹੀ ਜਾਣਕਾਰੀ।
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਸਥਿਤ ਰੌਕ ਗਾਰਡਨ ਅਠਾਰਾਂ ਏਕੜ ਵਿੱਚ ਵਿਸ਼ਵ ਪ੍ਰਸਿੱਧ ਮੂਰਤੀਆ ਦਾ ਬਾਗ਼ ਹੈ, ਜਿਸ ਨੂੰ ਇਸ ਦੇ ਬਾਨੀ ਦੇ ਨਾਮ ‘ਤੇ ਨੇਕ ਚੰਦ ਦਾ ਰੌਕ ਗਾਰਡਨ ਵੀ ਕਹਿ ਦਿੰਦੇ ਹਨ। ਉਹ ਚੰਡੀਗੜ੍ਹ ਦੇ ਪੀ ਡਬਲਿਊ ਡੀ ਮਹਿਕਮੇ ਵਿੱਚ ਛੋਟਾ ਜਿਹਾ ਇੱਕ ਸਰਕਾਰੀ ਮੁਲਾਜ਼ਮ ਸੀ ਜਿਸਨੇ ਸ਼ੁਗਲ-ਸ਼ੁਗਲ ਵਿੱਚ ਹੀ 1957 ਵਿੱਚ ਗੁਪਤ ਤੌਰ ‘ਤੇ ਇਸਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ ਚਾਲੀ-ਏਕੜ ਤੋਂ ਵੱਧ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।

ਇਸ ਨੂੰ ਪੂਰਨ ਤੌਰ ‘ਤੇ ਉਦਯੋਗਿਕ ਅਤੇ ਘਰੇਲੂ ਰਹਿੰਦ ਖੂੰਦ ਦੀਆਂ ਆਈਟਮਾਂ ਜਿਵੇਂ ਪੱਥਰ, ਵੰਗਾਂ, ਕੱਪ, ਪਲੇਟਾਂ, ਸਿੰਕ, ਟਾਇਲਟ ਅਤੇ ਪੌਟ ਆਦਿ ਦੀ ਵਰਤੋਂ ਨਾਲ ਬਣਾਇਆ ਗਿਆ। ਰਸਮੀ ਤੌਰ ‘ਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ’ਚ ਹੋਈ ਸੀ।

ਬਾਗ ਰੀਸਾਈਕਲ ਸਿਰਾਮਿਕ ਦੀਆਂ ਮੂਰਤੀਆਂ ਲਈ ਸਭ ਤੋਂ ਵਧੇਰੇ ਮਸ਼ਹੂਰ ਹੈ। ਇਹ ਸੁਖਨਾ ਝੀਲ ਦੇ ਨੇੜੇ ਸਥਿਤ ਹੈ। ਇਸ ਵਿੱਚ ਮਨੁੱਖ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਹਨ ਜਿਸ ਨੂੰ ਫਾਲਤੂ ਪੱਥਰ, ਵੰਗਾਂ, ਕੱਚ ਆਦਿ ਨਾਲ ਖੂਬਸੂਰਤ ਢੰਗ ਨਾਲ ਸ਼ੰਗਾਰੀਆ ਗਿਆ ਹੈ। ਖਾਲੀ ਸਮੇਂ ਵਿੱਚ, ਨੇਕ ਚੰਦ ਨੇ ਸ਼ਹਿਰ ਦੇ ਆਲੇ ਦੁਆਲੇ ਢਾਹੁਣ ਵਾਲੀਆਂ ਥਾਵਾਂ ਤੋਂ ਸਮੱਗਰੀ ਇਕੱਠੀ ਕਰਨੀ ਸ਼ੁਰੂ ਕੀਤੀ। ਸੁਖਨਾ ਝੀਲ ਦੇ ਨੇੜੇ ਇਕ ਜੰਗਲ ਦੀ ਇੱਕ ਖਾਈ ਨੁਮਾ ਜ਼ਮੀਨ ਦੀ ਚੋਣ ਕੀਤੀ, ਇਹ ਖਾਈ ਨੁਮਾ ਜ਼ਮੀਨ ਜੰਗਲਾਤ ਵਿਭਾਗ ਅਧੀਨ ਸੀ ਜਿਸ ਉੱਤੇ ਕੁਝ ਵੀ ਨਹੀਂ ਬਣਾਇਆ ਜਾ ਸਕਦਾ ਸੀ ਉਸਦਾ ਕੰਮ ਗ਼ੈਰ-ਕਾਨੂੰਨੀ ਸੀ, ਪਰ ਉਹ 1975 ‘ਚ ਅਧਿਕਾਰੀਆਂ ਦੁਆਰਾ ਖੋਜੇ ਜਾਣ ਤੋਂ 18 ਸਾਲ ਪਹਿਲਾਂ ਇਸ ਨੂੰ ਛੁਪਾਉਣ ਵਿੱਚ ਕਾਮਯਾਬ ਰਿਹਾ, ਇਹ 12-ਏਕੜ ਦੇ ਅੰਦਰੂਨੀ ਖੇਤਰ ਦੇ ਰੂਪ ਵਿੱਚ ਵਧਿਆ ਸੀ, ਹਰ ਇੱਕ ਜਗ੍ਹਾ ਮਿੱਟੀ ਦੇ ਭਾਂਡੇ ਨਾਲ ਭਰਿਆ ਹੋਇਆ ਸੀ, ਜਿਸ ਵਿੱਚ ਡਾਂਸਰ, ਸੰਗੀਤਕਾਰ ਅਤੇ ਜਾਨਵਰ ਸੀ। ਚੰਡੀਗੜ੍ਹ ਦੇ ਕੁਝ ਅਨਾੜੀ ਅਧਿਕਾਰੀ ਤਾਂ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਤੇ ਉਹ ਨੇਕ ਚੰਦ ਦੇ ਖਿਲਾਫ ਹੀ ਕਾਰਵਾਈ ਕਰਨ ਦੀ ਸੋਚਣ ਲਗ ਪਏ ਪਰ ਕੁਝ ਪਾਰਖੂ ਨਜ਼ਰ ਵਾਲੇ ਅਧਿਕਾਰੀਆਂ ਨੇ ਇਸ ਦੀ ਕਦਰ ਪਾਈ। ਉਨ੍ਹਾਂ ਨੇ ਨੇਕ ਚੰਦ ਨੂੰ ਹੱਲਾ ਸ਼ੇਰੀ ਦਿੱਤੀ ਤੇ ਇਹ ਲੋਕਾਂ ਲਈ ਆਕਰਸ਼ਣ ਬਣਾ ਦਿੱਤਾ। ਇਸ ਦੀ ਵਿਸ਼ਵ ਵਿਚ ਚਰਚਾ ਹੋਣ ਲੱਗੀ। ਵਿਦੇਸ਼ਾਂ ਤੋਂ ਕਲਾਕਾਰ ਦੇਖਣ ਲਈ ਆਉਣ ਲੱਗ ਪਏ। ਇਸ ਤੋਂ ਬਾਅਦ ਨੇਕ ਚੰਦ ਨੂੰ ਕਈ ਦੇਸ਼ਾਂ ਵਿਚ ਵੀ ਅਜਿਹਾ ਨਿਰਮਾਣ ਕਰਨ ਲਈ ਸੱਦਾ ਆਇਆ। ਇਸ ਮਹਾਨ ਕ੍ਰਿਤ ਬਦਲੇ ਨੇਕ ਚੰਦ ਨੂੰ ਪਦਮ ਸ਼੍ਰੀ ਅਵਾਰਡ ਨਾਲ ਵੀ ਨਿਵਾਜ਼ਿਆ ਗਿਆ। 12 ਜੂਨ 2015 ਨੂੰ ਇਸ ਮਹਾਨ ਸਖਸ਼ੀਅਤ ਦਾ ਦੇਹਾਂਤ ਹੋ ਗਿਆ।

- Advertisement -

ਸੰਪਰਕ : 78889-73676

Share this Article
Leave a comment