ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ‘ਚ ਐਤਵਾਰ ਫੂਡ ਫੈਸਟੀਵਲ ਦੌਰਾਨ ਹੋਈ ਅੰਨ੍ਹੇਵਾਹ ਗੋਲੀਬਾਰੀ ‘ਚ ਹਮਲਾਵਰ ਸਮੇਤ 4 ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾਵਰ ਗੋਲੀਬਾਰੀ ਦੌਰਾਨ ਇੱਕ ਮਿੰਟ ਅਮਦਰ ਹੀ ਢੇਰ ਕਰ ਦਿੱਤਾ ਗਿਆ।

ਖਬਰਾਂ ਅਨੁਸਾਰ ਉੱਤਰੀ ਕੈਲੀਫੋਰਨੀਆ ‘ਚ ਮਨਾਇਆ ਜਾ ਰਿਹਾ ਗਾਰਲਿਕ ਫੈਸਟੀਵਲ ਸਭ ਤੋਂ ਵੱਡੇ ਫੂਡ ਫੈਸਟਿਵਲਾਂ ‘ਚੋਂ ਇੱਕ ਸੀ। 3 ਦਿਨਾਂ ਤਕ ਚੱਲਣ ਵਾਲੇ ਇਸ ਫੈਸਟੀਵਲ ਦੇ ਆਖਰੀ ਦਿਨ ਐਤਵਾਰ ਨੂੰ ਹਮਲਾ ਹੋਇਆ। ਇਸ ਦਾ ਆਯੋਜਨ ਸੈਨ ਜੋਸ ਦੇ ਦੱਖਣ-ਪੂਰਬ ਤੋਂ ਲਗਭਗ 48 ਕਿਲੋਮੀਟਰ ਦੀ ਦੂਰੀ ‘ਤੇ ਕੀਤਾ ਗਿਆ। ਇਸ ਘਟਨਾ ‘ਚ ਜ਼ਖਮੀ ਹੋਏ ਲੋਕਾਂ ਨੂੰ ਉੱਥੋਂ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਗਿਆ।
ਘਟਨਾ ਸਥਾਨ ‘ਤੇ ਮੌਜੂਦ ਮਹਿਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਹਮਲਾਵਰ ਲਗਭਗ 30 ਕੁ ਸਾਲ ਦਾ ਲਗ ਰਿਹਾ ਸੀ , ਜਿਸਨੇ ਆਪਣੀ ਰਾਈਫਲ ਨਾਲ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਉਸਨੇ ਅੱਗੇ ਦੱਸਿਆ ਕਿ ਹਮਲਾਵਰ ਚਾਰੇ ਪਾਸੇ ਗੋਲੀਬਾਰੀ ਕਰ ਰਿਹਾ ਸੀ, ਉਹ ਕਿਸੇ
ਇੱਕ ਨੂੰ ਨਿਸ਼ਾਨਾ ਨਹੀਂ ਬਣਾ ਰਿਹਾ ਸੀ ਉਹ ਸੱਜੇ-ਖੱਬੇ ਚਾਰੋਂ ਪਾਸੇ ਗੋਲੀਆਂ ਚਲਾ ਰਿਹਾ ਸੀ।

ਸਥਾਨਕ ਪੁਲਿਸ ਵਿਭਾਗ ਨੇ ਟਵੀਟ ਕਰਕੇ ਗੋਲੀਬਾਰੀ ਦੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਸ਼ਾਮ 5:41 ਵਜੇ ਗੋਲੀ ਦੀ ਅਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਮਿੰਟ ਤੋਂ ਘੱਟ ਦੇ ਸਮੇਂ ‘ਚ ਹੀ ਹਮਲਾਵਰ ਨੂੰ ਢੇਰ ਕਰ ਦਿੱਤਾ ਗਿਆ।