ਲੰਬੀ- ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜਿੱਥੇ ਭਾਰਤ ਦੀਆਂ ਉਘੀਆਂ ਸਖਸ਼ੀਅਤਾਂ ਨੇ ਪਿੰਡ ਬਾਦਲ ਪਹੁੰਚ ਕੇ ਅੰਤਿਮ ਦਰਸ਼ਨ ਕੀਤੇ, ਉਥੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕ ਸਿਆਸਤਦਾਨ, ਉਘੇ ਵਿਦਵਾਨ ਅਤੇ ਵੱਖ ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੇ ਮਹਾਂਪੁਰਸਾਂ ਨੇ ਵੀ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ.ਬਾਦਲ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਦੇਰ ਸ਼ਾਮ ਚੰਡੀਗੜ੍ਹ ਤੋਂ ਗੱਡੀਆਂ ਦੇ ਵੱਡੇ ਕਾਫਲੇ ਦੇ ਰੂਪ ਵਿੱਚ ਉਹਨਾਂ ਦੇ ਜੱਦੀ ਪਿੰਡ ਬਾਦਲ ਲਿਆਂਦਾ ਗਿਆ।ਇਸ ਉਪਰੰਤ ਸਿਵਿਲ ਅਤੇ ਪੁਲਿਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਬਣਾਈ ਗਈ ਇੱਕ ਖਾਸ ਜਗ੍ਹਾਂ ‘ਤੇ ਭਾਰੀ ਇਕੱਠ ਵਿੱਚ ਉਹਨਾਂ ਦੇ ਸਪੁੱਤਰ ਅਤੇ ਪ੍ਰਧਾਨ ਅਕਾਲੀ ਦਲ ਸ.ਸੁਖਬੀਰ ਸਿੰਘ ਬਾਦਲ ਨੇ ਸ.ਬਾਦਲ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤਾ। ਸ਼ੋਕ ਸਮਾਗਮ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਗਈ ਅਤੇ ਇਸ ਮੌਕੇ ਧਾਰਮਿਕ ਜੱਥੇ ਵਲੋਂ ਗੁਰਬਾਣੀ ਦੇ ਸਬਦ ਕੀਰਤਨ ਦੇ ਗਾਇਨ ਕੀਤੇ ਗਏ। ਸ. ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੰਸਕਾਰ ਸਮਾਰੋਹ ‘ਚ ਸ਼ਿਰਕਤ ਕਰਕੇ ਪਰਿਵਾਰ ਦੇ ਦੁੱਖ ਦੀ ਘੜੀ ‘ਚ ਸ਼ਰੀਕ ਹੋਏ, ਸਾਡੇ ਸੰਸਕਾਰ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਅੰਤਿਮ ਯਾਤਰਾ ਸਮੇਂ ਇਨਸਾਨ ਦੇ ਗੁਣਾਂ ਨੂੰ ਚਿਤਾਰਿਆ ਜਾਵੇ। ਮਿੱਠੀ ਬੋਲੀ,ਨਿਮਰਤਾ, ਖੇਤਰੀ ਪਾਰਟੀ ਦੇ ਰੂਪ ‘ਚ ਅਕਾਲੀ ਦਲ ਨੂੰ ਅਹਿਮ ਦਰਜਾ ਦਿਵਾਉਣ ਚ ਉਹਨਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸ੍ਰੀ ਬਨਵਾਰੀ ਲਾਲ ਪਰੋਹਿਤ ਗਵਰਨਰ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਅਮਨ ਅਰੋੜਾ ਅਤੇ ਡਾ.ਬਲਜੀਤ ਕੌਰ ਕੈਬਨਿਟ ਮੰਤਰੀ, ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਕਈ ਸਖਸ਼ੀਅਤਾਂ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਸ੍ਰੀ ਭੁਪਿੰਦਰ ਸਿੰਘ ਹੁੱਡਾ ਸਾਬਕਾ ਮੁੱਖ ਮੰਤਰੀ ਹਰਿਆਣਾ, ਉਮਰ ਅਬਦੁਲਾ ਸਾਬਕਾ ਮੁੱਖ ਮੰਤਰੀ ਜੰਮੂ-ਕਸਮੀਰ, ਪਵਨ ਬਾਂਸਲ ਸਾਬਕਾ ਕੇਂਦਰੀ ਮੰਤਰੀ, ਸਰਦ ਪਵਾਰ ਸਾਬਕਾ ਮੁੱਖ ਮੰਤਰੀ ਮਹਾਰਾਸ਼ਟਰ, ਜੇ.ਪੀ.ਨੱਢਾ ਪ੍ਰਧਾਨ ਭਾਰਤੀ ਜਨਤਾ ਪਾਰਟੀ,ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹਰਿਆਣਾ ਹਾਜ਼ਰ ਸਨ। ਧਾਰਮਿਕ ਆਗੂਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਅਕਾਲ ਤਖਤ, ਹੈਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਗਿਆਨੀ ਜਗਤਾਰ ਸਿੰਘ, ਹਰਮੀਤ ਸਿੰਘ ਕਾਲਕਾ ਪ੍ਰਧਾਨ ਡੀ.ਐਸ.ਜੀ.ਐਮ.ਸੀ. ਨੇ ਵੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਲਗਵਾਈ।