ਕੈਲੀਫੋਰਨੀਆ: ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਇੱਕ ਕਰਮਚਾਰੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ, ਇਸ ਵਿਅਕਤੀ ਨੇ ਮੇਨਲੋ ਪਾਰਕ ਕੈਲੀਫੋਰਨੀਆ ਹੈਡਕੁਆਟਰ ਦੀ ਬਿਲਡਿੰਗ ਦੇ ਚੌਥੇ ਮਾਲੇ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਫਿਲਹਾਲ ਹਾਲੇ ਇਸ ਵਿਅਕਤੀ ਦੇ ਖੁਦਕੁਸ਼ੀ ਕਰਨ ਦੇ ਕਾਰਨਾ ਦਾ ਪਤਾ ਨਹੀਂ ਲੱਗ ਪਾਇਆ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ, ਵੀਰਵਾਰ ਸਵੇਰੇ 11:30 ਵਜੇ ਇਹ ਘਟਨਾ ਵਾਪਰੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਇੱਕ ਫੋਨ ਕਾਲ ਤੋਂ ਮਿਲੀ। ਫਿਲਹਾਲ ਉਸਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਦੇ ਖੇਤਰ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਹਨ।
ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਤੋਂ ਇਲਾਵਾ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਵੱਲੋਂ ਇਸ ਪੂਰੇ ਮਾਮਲੇ ‘ਚ ਸਹਿਯੋਗ ਕਰਨ ਦੀ ਗੱਲ ਕਹੀ ਗਈ ਹੈ। ਕੰਪਨੀ ਦੇ ਬੁਲਾਰੇ ਨੇ ਇਸ ਘਟਨਾ ਸਬੰਧੀ ਬਿਆਨ ਦਿੰਦੇ ਕਿਹਾ, “ਸਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਸਾਡੀ ਕੰਪਨੀ ਦੇ ਕਰਮਚਾਰੀ ਨੇ ਅੱਜ ਸਵੇਰੇ ਸਾਡੇ ਮੇਨਲੋ ਪਾਰਕ ਹੈੱਡਕੁਆਰਟਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। “ਅਸੀਂ ਪੁਲਿਸ ਨਾਲ ਉਨ੍ਹਾਂ ਦੀ ਜਾਂਚ ਵਿਚ ਸਹਿਯੋਗ ਦੇ ਰਹੇ ਹਾਂ ਤੇ ਪੁਲਿਸ ਅਧੀਕਾਰੀਆਂ ਦੀ ਜਾਂਚ ‘ਚ ਸਹਾਇਤ ਕਰ ਰਹੇ ਹਾਂ ਹਾਲੇ ਸਾਡੇ ਕੋਲ ਇਸ ਮਾਮਲੇ ‘ਤੇ ਸਾਂਝਾ ਕਰਨ ਲਈ ਕੋਈ ਜਾਣਕਾਰੀ ਨਹੀਂ ਹੈ।