ਮਿਕੀ ਹੋਥੀ ਬਣੇ ਕੈਲੀਫੋਰਨੀਆ ਦੇ ਪਹਿਲੇ ਸਿੱਖ ਮੇਅਰ

Rajneet Kaur
2 Min Read

ਨਿਊਯਾਰਕ: ਮਿਕੀ ਹੋਥੀ ਨੂੰ ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਉਹ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਪੰਜਾਬੀ ਮਾਪਿਆਂ ਦਾ ਪੁੱਤਰ ਹੋਥੀ, ਪਹਿਲਾਂ ਮੇਅਰ ਮਾਰਕ ਚੈਂਡਲਰ ਦੇ ਅਧੀਨ ਡਿਪਟੀ ਮੇਅਰ ਵਜੋਂ ਸੇਵਾ ਕਰਦੇ ਸਨ।  ਹੋਥੀ ਸ਼ਹਿਰ ਦੇ ਮੇਅਰ ਵਜੋਂ ਦੋ ਸਾਲ ਦਾ ਕਾਰਜਕਾਲ ਸੰਭਾਲਣਗੇ। ਉਹ ਕਾਮਨ ਕੌਂਸਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ ਅਤੇ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰਨਗੇ।

ਇਸ ਕਾਮਯਾਬੀ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਥੀ ਨੇ ਕਿਹਾ, ‘ਸਾਡਾ ਤਜਰਬਾ ਸਾਡੇ ਤੋਂ ਪਹਿਲਾਂ ਆਏ ਯੂਨਾਨੀ ਭਾਈਚਾਰੇ, ਜਰਮਨ, ਹਿਸਪੈਨਿਕ (ਸਪੈਨਿਸ਼ ਬੋਲਣ ਵਾਲੇ) ਭਾਈਚਾਰੇ ਵਰਗਾ ਹੈ।’ ਉਨ੍ਹਾਂ  ਨੇ ਕਿਹਾ, ‘ਹਰ ਕੋਈ ਲੋਦੀ ਆਇਆ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਪਰਿਵਾਰ ਲਈ ਸੁਰੱਖਿਅਤ ਸ਼ਹਿਰ ਹੈ।  ਇਸ ਸ਼ਹਿਰ ਵਿੱਚ ਮਹਾਨ ਸਿੱਖਿਆ, ਮਹਾਨ ਲੋਕ, ਮਹਾਨ ਸੱਭਿਆਚਾਰ, ਮਹਾਨ ਕਦਰਾਂ-ਕੀਮਤਾਂ ਅਤੇ ਸਿਰਫ਼ ਮਿਹਨਤੀ ਲੋਕ ਹਨ। ਮੈਨੂੰ ਅਗਲੇ ਮੇਅਰ ਵਜੋਂ ਇਸ ਭਾਈਚਾਰੇ ਦੀ ਨੁਮਾਇੰਦਗੀ ਕਰਨ ‘ਤੇ ਮਾਣ ਹੈ।

ਹੋਥੀ ਨੇ ਟਵੀਟ ਕਰਕੇ ਕਿਹਾ ਕਿ ਲੋਧੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਹੁੰ ਚੁੱਕਣ ਦਾ ਮਾਣ ਮਹਿਸੂਸ ਕਰ ਰਹੇ ਹਨ। ਹੋਥੀ ਦੇ ਮਾਤਾ-ਪਿਤਾ ਪੰਜਾਬ ਤੋਂ ਹਨ। ਹੋਥੀ ਨੇ ਟੋਕੇ ਹਾਈ ਸਕੂਲ ਤੋਂ 2008 ਵਿੱਚ ਪੜ੍ਹਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੱਡਾ ਹੋਣਾ ਇੱਕ ਚੁਣੌਤੀ ਸੀ, ਖਾਸ ਤੌਰ ‘ਤੇ 9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ, ਜਦੋਂ ਬਹੁਤ ਸਾਰੇ ਮੁਸਲਮਾਨਾਂ ਅਤੇ ਸਿੱਖਾਂ ਨੇ ਬੇਲੋੜੇ ਜ਼ੁਲਮ ਦਾ ਅਨੁਭਵ ਕੀਤਾ ਸੀ। ਪਰ ਉਸ ਦਾ ਪਰਿਵਾਰ ਲੋਦੀ ਵਿੱਚ ਨਾ ਸਿਰਫ਼ ਬਚਿਆ ਸਗੋਂ ਵਧਿਆ-ਫੁੱਲਿਆ ਵੀ ਹੈ।

 

- Advertisement -

Share this Article
Leave a comment