ਵਾਤਾਵਰਣ ਦੇ ਮੁੱਦੇ ਨੂੰ ਚੋਣਾਂ ਚ ‘ਲੋਕ ਅਤੇ ਵੋਟ’ ਮੁੱਦਾ ਬਣਾਉਣ ਦੀ ਲੋੜ

TeamGlobalPunjab
10 Min Read

ਸੰਤ ਬਲਬੀਰ ਸਿੰਘ ਸੀਚੇਵਾਲ

 

ਵੋਟ ਤੁਹਾਡੀ,  ਭਵਿੱਖ ਤੁਹਾਡੇ ਬੱਚਿਆਂ ਦਾ
ਵੋਟ ਪਾਉਣ ਤੋਂ ਪਹਿਲਾਂ, ਬੱਚਿਆਂ ਦੇ ਭਵਿੱਖ ਬਾਰੇ ਸੋਚੋ

 

- Advertisement -

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਅਸੀਂ ਹਰ ਰੋਜ ਪੜਦੇ ਹਾਂ , ਪਰ ਬੇਹੱਦ ਅਫਸੋਸ ਦੀ ਗੱਲ ਹੈ ਕਿ ਅਸੀਂ ਇਸ ਤੇ ਅਮਲ ਨਹੀਂ ਕੀਤਾ ਜਿਸਦਾ ਸਿੱਟਾ ਇਹ ਹੈ ਕਿ ਅੱਜ ਗੁਰੂ ਸਮਾਨ ਹਵਾ ਸਾਹ ਲੈਣ ਯੋਗ ਨਹੀਂ , ਨਾ ਹੀ ਪਿਤਾ ਰੂਪੀ  ਪਾਣੀ ਪੀਣ ਯੋਗ ਹੈ ਅਤੇ ਧਰਤੀ ਮਾਂ ਦੀ ਗੋਦ ਨੂੰ ਅਸੀਂ ਜ਼ਹਿਰਾਂ ਪਾ ਕੇ ਅਤੇ ਗੰਦਗੀ ਦੇ ਢੇਰ ਲਾ  ਬੁਰੀ ਤਰਾਂ ਪ੍ਰਦੂਸ਼ਿਤ ਕਰ ਦਿੱਤਾ ਹੈ ।  ਸ਼ੁੱਧ ਹਵਾ, ਪਾਣੀ ਤੇ ਧਰਤੀ ਕੇਵਲ ਮੁਨੱਖਾਂ ਲਈ ਨਹੀ ਸਗੋਂ ਸਾਰੇ ਜੀਵ ਜੰਤੂਆਂ ਦੇ ਜਿਊਣ ਲਈ ਜਰੂਰੀ ਹੈ ।ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਤਾਂ ਹੀ ਸੁਰੱਖਿਅਤ ਅਤੇ ਖੁਸ਼ਹਾਲ ਹੋਵੇਗਾ ਜੇਕਰ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਵਾਂਗੇ। ਵਾਤਾਵਰਣ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਮਜਬੂਤ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੈ  ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਵਾਤਾਵਰਣ ਦੇ ਮੁੱਦੇ ਨੂੰ ਚੋਣਾਂ ਦੌਰਾਨ ਮੁੱਖ ਮੁੱਦਾ ਬਣਾਵਾਂਗੇ ਅਤੇ ਵਾਤਾਵਰਣ ਪੱਖੀ ਸਰਕਾਰ ਦੀ ਚੋਣ ਕਰਾਂਗੇ।

 

ਪੰਜਾਬ ਵਿੱਚ ਫੈਸਲੇ ਦੀ ਘੜੀ ਦਾ ਸਮਾਂ ਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਘੋਸ਼ਿਤ ਕਰ ਦਿੱਤੀ ਗਈ ਹੈ ਤੇ ਚੋਣ ਜ਼ਾਬਤਾ ਲਗਾ ਦਿੱਤਾ ਗਿਆ ਹੈ। ਹੁਣ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਕਿ ਨਿੱਜੀ ਸਵਾਰਥ , ਪਾਰਟੀਬਾਜੀ ਅਤੇ ਕਿਸੇ ਵੀ ਤਰਾਂ ਦੇ ਦਬਾਅ,ਲਾਲਚ ਤੇ ਡਰ ਨੂੰ ਛੱਡ ਕਿ  ਵਾਤਾਵਰਣ ਦੇ ਮੁੱਦੇ ਨੂੰ ਤਵੱਜੋਂ ਦਿੰਦਿਆਂ ਉਸ ਪਾਰਟੀ ਨੂੰ ਵੋਟ ਪਾਈਏ ਜਿਹੜੀ ਭਾਰਤ ਦੇ ਸੰਵਿਧਾਨ ਮੁਤਾਬਕ ਮਿਲੇ ‘ਜਿਊਣ ਦੇ ਮੌਲਿਕ’ ਅਧਿਕਾਰ ਦੀ ਰੱਖਿਆ ਕਰੇ ।

 

- Advertisement -

 

ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣਾਂ ਕਿਉਂ ਜਰੂਰੀ : ਕੇਂਦਰੀ ਭੂਮੀ ਜਲ ਬੋਰਡ ਦੀ ਰਿਪੋਰਟ ਜੋ ਕਿ ਭਾਰਤ ਅਤੇ ਇਜ਼ਰਾਇਲ ਦੇ ਮਾਹਿਰਾਂ ਦੀ ਖੋਜ ਤੇ ਆਧਾਰਿਤ ਹੈ , ਉਸ ਮੁਤਾਬਕ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਅਗਲੇ 17 ਸਾਲਾਂ ਵਿੱਚ ਖਤਮ ਹੋ ਜਾਵੇਗਾ। ਹਰ ਸਾਲ ਧਰਤੀ ਹੇਠਲੇ ਪਾਣੀ ਦਾ ਪੱਧਰ 14 ਅਰਬ ਘਣ ਮੀਟਰ ਘੱਟ ਹੋ ਰਿਹਾ ਹੈ ।ਅੱਜ ਦਾ ਸੱਭ ਤੋਂ ਵੱਡਾ ਸਵਾਲ ਤੇ ਚਿੰਤਾ ਇਹੀ ਹੈ ਕਿ  ਜੇਕਰ ਇਹ ਵਰਤਾਰਾ ਜਾਰੀ ਰਿਹਾ ਤਾਂ  17 ਸਾਲ ਬਾਅਦ ਅਸੀਂ ਤੇ ਸਾਡੇ ਬੱਚੇ ਪਾਣੀ ਤੋਂ ਬਿਨਾਂ ਕਿਵੇਂ ਜਿਊਂਦਾ ਰਹਿਣਗੇ। ਪਾਣੀ ਦੇ ਕੁਦਰਤੀ ਸਰੋਤ ਵੇਂਈਆਂ- ਦਰਿਆਵਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਗੰਦੇ ਪਾਣੀ ਪਾਏ ਜਾਣ ਕਰਕੇ ਬੁਰੀ ਤਰਾਂ ਪ੍ਰਦੂਸ਼ਿਤ ਹੋ ਚੁੱਕੇ ਹਨ ਅਤੇ ਅਜੇ ਵੀ ਅਣਟਰੀਟਡ (Untreated) ਪਾਣੀ ਇਹਨਾਂ ਕੁਦਰਤੀ ਸੋਮਿਆਂ ਵਿੱਚ ਬੇਰੋਕ ਡਿੱਗ ਰਿਹਾ ਹੈ ।

 

 

ਪਵਿੱਤਰ ਇਤਿਹਾਸਿਕ ਬੁੱਢਾ ਦਰਿਆ ਅੱਜ ਸੜਿਆਂਦ ਮਾਰਦਾ ਅਤੇ ਬਿਮਾਰੀਆਂ ਨੂੰ ਵੰਡਦਾ ਬੁੱਢਾ ਨਾਲਾ ਬਣ ਗਿਆ ਹੈ । ਸਤਲੁਜ ਦਰਿਆ ਜੋ ਕਿ  ਗਲੇਸ਼ੀਅਰਾਂ ਦੇ ਅਮ੍ਰਿਤ ਰੂਪੀ ਪਾਣੀ ਦਾ ਸੋਮਾ ਹੈ , ਹਿਮਾਚਲ ਵਿੱਚੋਂ ਲੰਘਦਾ ਬੀ ਗਰੇਡ ਅਤੇ ਲੁਧਿਆਣਾ ਸ਼ਹਿਰ ਦਾ ਅਣਟਰੀਟਡ ਪਾਣੀ ਬੁੱਢੇ ਨਾਲੇ ਰਾਂਹੀ ਪੈਣ ਉਪਰੰਤ ਈ ਗਰੇਡ ਹੋ ਜਾਂਦਾ ਹੈ । ਜਲੰਧਰ ਸ਼ਹਿਰ ਦਾ ਸੀਵਰੇਜ, ਉਦਯੋਗਾਂ ਅਤੇ ਨੇੜਲੇ ਪਿੰਡਾ ਦੀ ਗੰਦਗੀ ਢੋਂਦੀ  ਕਾਲਾ ਸੰਘਿਆ ਡਰੇਨ ਅਤੇ ਚਿੱਟੀ ਵੇਂਈ ਵੀ ਸਤਲੁਜ ਦਰਿਆ ਵਿੱਚ ਆ ਮਿਲਦੀ ਹੈ । ਇਹ ਪਾਣੀ ਹਰੀਕੇ ਪੱਤਣ ਤੋਂ ਨਹਿਰੀ ਸਿਸਟਮ ਰਾਂਹੀ ਪੰਜਾਬ ਦੇ ਮਾਲਵਾ ਖੇਤਰ ਅਤੇ ਰਾਜਸਥਾਨ ਦੇ ਲੋਕ ਸਿੱਧੇ ਤੌਰ ਤੇ ਪੀਣ ਲਈ ਮਜਬੂਰ ਹਨ। ਇਹੀ ਪਾਣੀ ਗੁਰੂ ਘਰਾਂ ਦੇ ਪਵਿੱਤਰ ਸੋਰਵਰਾਂ ਅਤੇ ਲੰਗਰਾਂ ਵਿੱਚ ਵਰਤਿਆ ਜਾ ਰਿਹਾ ਹੈ ।

 

 

ਅੱਜ ਜੀਵਨ ਦੇਣ ਵਾਲਾ ਪਾਣੀ ਬਿਮਾਰੀਆਂ ਅਤੇ ਮੌਤ ਵੰਡ ਰਿਹਾ ਹੈ।ਇਸ ਸਭ ਭਿਆਨਕ ਵਰਤਾਰੇ ਲਈ ਕੌਣ ਜਿੰਮੇਵਾਰ ਹੈ ? ਧਰਤੀ ‘ਤੇ ਥਾਂ-ਥਾਂ ਤੇ ਲੱਗੇ ਕੂੜੇ ਦੇ ਢੇਰ ਤੇ ਖੇਤਾਂ ਵਿਚ ਪਾਈ ਜਾ ਰਹੀ ਅੰਨੇਵਾਹ ਕੀਟਨਾਸ਼ਕਾਂ ਤੇ ਜ਼ਹਿਰੀਲੀਆਂ ਦਵਾਈਆਂ ਨੇ ਸਾਡੀ ਖੁਰਾਕ ਵੀ ਪ੍ਰਦੂਸ਼ਿਤ ਕਰ ਦਿੱਤੀ ਹੈ। ਫਸਲਾਂ ਦਾ ਝਾੜ ਵਧਾਉਣ ਦੇ ਚੱਕਰਾਂ ਵਿਚ ਅਸੀਂ ਆਪਣੀ ਗੁਣਵੱਤਾ ਵੀ  ਖਰਾਬ ਕਰ ਲਈ ਹੈ। ਅਫਸੋਸ ਹੈ ਕਿ ਸਰਕਾਰਾਂ ਨੇ ਅਜਿਹੀਆਂ ਨੀਤੀਆਂ ਨਹੀਂ ਬਣਾਈਆਂ ਜਿਸ ਨਾਲ ਕਿਸਾਨ ਕੁਦਰਤੀ ਤੇ ਸਾਂਝੀ ਖੇਤੀ ਵੱਲ ਪਰਤਣ। ਸਾਂਝੀ ਖੇਤੀ ਤਾਂ ਹੀ ਕਾਮਯਾਬ ਹੋਵੇਗੀ ਜੇ ਸਹਿਕਾਰੀ ਖੇਤਰ ਦਾ ਬੁਨਿਆਦੀ ਢਾਚਾਂ ਮਜ਼ਬੂਤ ਹੋਵੇਗਾ। ਅਸੀਂ ਆਉਣ ਵਾਲੀਆਂ ਨਸਲਾਂ ਲਈ ਤਾਂ ਹੀ ਤੰਦਰੁਸਤ ਪੰਜਾਬ ਛੱਡ ਕੇ ਜਾਵਾਂਗੇ ਜੇ ਕੁਦਰਤੀ ਖੇਤੀ ਕਰਾਂਗੇ। ਪੰਜਾਬ ਵਿੱਚ ਜੰਗਲਾਤ ਹੇਠ ਰਕਬਾ 40% ਹੁੰਦਾ ਸੀ ਜਿਹੜਾ ਕਿ ਹੁਣ ਸਿਰਫ 4% ਰਹਿ ਗਿਆ ਹੈ ।

 

 

ਵੋਟਾਂ ਦੌਰਾਨ ਇਹ ਸਵਾਲ ਪੁੱਛਣ ਦੀ ਲੋੜ ਹੈ ਕਿ ਅਗਲੇ 5 ਸਾਲਾਂ ਵਿਚ ਰਾਜਨੀਤਿਕ ਪਾਰਟੀਆਂ ਸੱਤਾ ਵਿਚ ਆਉਂਣ ਤੋਂ ਬਾਅਦ ਜੰਗਲਾਤ ਹੇਠ ਰਕਬਾ ਘੱਟੋ-ਘੱਟ10% ਕਿਵੇਂ ਕਰਨਗੀਆਂ। ਉਦਯੋਗਾਂ ਵਿੱਚੋਂ ਨਿਕਲਦਾ ਧੂੰਆਂ  ਅਤੇ ਪਰਾਲੀ ਨੂੰ ਲਾਈ ਜਾਂਦੀ ਅੱਗ ਨਾਲ  ਪ੍ਰਦੂਸ਼ਿਤ ਹੋ ਰਹੀ ਹਵਾ ਨੂੰ ਬਚਾਉਣ ਲਈ ਸਰਕਾਰਾਂ ਦੀ ਕੀ ਯੋਜਨਾ ਹੈ? ਕੀ ਅਸੀਂ ਇਸ ਵਾਰ ਵੀ  ਇਹਨਾਂ ਗੰਭੀਰ ਮੁੱਦਿਆਂ ਨੂੰ ਅਣਗੌਲੇ ਕਰਕੇ ਵੋਟ ਪਾਵਾਂਗੇ ?

 

 

ਵੋਟ ਮੰਗਣ ਆਉਣ ਵਾਲੇ ਲੀਡਰਾਂ ਨੂੰ ਵਾਤਾਵਰਣ ਦੇ ਮੁੱਦੇ ‘ਤੇ ਸਵਾਲ ਕਰੋ । ਹੁਣ ਤੱਕ ਆਮ ਲੋਕ ਵਾਤਾਰਣ ਦੇ ਮੁੱਦੇ ਤੇ ਚੁੱਪ ਰਹੇ ਹਨ ਅਤੇ ਲੀਡਰ ਵੋਟਾਂ ਮੌਕੇ ਲੋਕ ਲੁਭਾਉਂਦੇ ਝੂਠੇ ਲਾਰੇ ਲਾਕੇ ਵਿਧਾਨ ਸਭਾ ਵਿੱਚ ਚਲੇ ਜਾਂਦੇ ਹਨ । ਪਰ ਸਾਡੀ ਇਹ ਚੁੱਪ ਪੰਜਾਬ ਦੀ ਬਰਬਾਦੀ ਬਣ ਸਕਦੀ ਹੈ । ਇਸ ਲਈ ਹਰੇਕ ਵੋਟਰ ਦਾ ਫਰਜ ਹੈ ਕਿ ਵੋਟ ਮੰਗਣ ਆਉਣ ਵਾਲੇ ਲੀਡਰਾਂ ਅਤੇ ਰਾਜਨੀਤਿਕ ਪਾਰਟੀਆਂ ਨੁੰ ਵਾਤਾਵਰਣ ਦੇ ਮੁੱਦੇ ਸਬੰਧੀ ਸਵਾਲ ਕਰਨ  ਕਿ ਉਹ ਸਰਕਾਰ ਬਣਨ ਤੇ  ਮੌਲਿਕ ਅਧਿਕਾਰਾਂ ਨੂੰ ਸੁਰੱਖਿਅਤ ਕਿਵੇਂ ਰੱਖਣਗੇ ? ਕੀ ਉਹ ਪਾਣੀ ਪ੍ਰਦੂਸ਼ਣ ਦੀ ਰੋਕਥਾਮ ਐਕਟ 1974, ਹਵਾ ਪ੍ਰਦੂਸ਼ਣ ਰੋਕਥਾਮ ਐਕਟ 1981 ਅਤੇ ਵਾਤਾਵਰਣ ਸੁਰੱਖਿਆ ਐਕਟ 1986 ਨੂੰ ਸਖ਼ਤੀ ਨਾਲ ਲਾਗੂ ਕਰਨਗੇ ?ਇਹ ਪ੍ਰਸ਼ਨ ਉਹਨਾਂ ਲੀਡਰਾਂ ਨੂੰ ਇਕ ਵਾਰ ਤਾਂ ਜ਼ਰੂਰ ਸੋਚਣ ਲਈ ਮਜ਼ਬੂਰ ਕਰਨਗੇ ਜੋ ਲੋਕ ਸੇਵਾ ਕਹਿ ਕੇ ਲੋਕਾਂ ਦੀਆਂ ਵੋਟਾਂ ਲੈ ਜਾਂਦੇ ਹਨ ਪਰ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਮੌਤਾਂ ਤੋਂ ਹਮੇਸ਼ਾ ਹੀ ਅਣਜਾਣ ਬਣ ਕੇ ਪਾਸਾ ਵੱਟ ਕੇ ਹੀ ਲੰਘ ਜਾਂਦੇ ਹਨ।

 

 

ਅਖੌਤੀ ਵਿਕਾਸ ਦੀ ਇਸ ਹਨੇਰੀ ‘ਚ ਅਸੀਂ ਆਪਣੇ ਕੁਦਰਤੀ ਸੋਮਿਆਂ ਨੂੰ ਇੰਨਾ ਜਿਆਦਾ ਪ੍ਰਦੂਸ਼ਿਤ ਕਰ ਲਿਆ ਹੈ ਕਿ ਇਹ ਵੀ ਨਹੀੰ ਸੋਚਿਆ ਕਿ ਇਸਦਾ ਆਉਣ ਵਾਲਾ ਭੱਵਿਖ ਬਹੁਤ ਖਤਰਨਾਕ ਹੋਵੇਗਾ।ਅਸੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਫ਼ ਪਾਣੀ ਤੇ ਸਾਫ ਹਵਾ ਨੂੰ ਕਿਵੇਂ ਤਰਸ ਜਾਣਗੀਆਂ।ਅੱਜ ਸਾਡੀ ਖਾਮੋਸ਼ੀ ਸਾਡੇ ਭੱਵਿਖ ਦੀ ਤਬਾਹੀ ਦਾ ਕਾਰਨ ਹੈ।

 

ਅਸੀਂ ਸਾਲ 2008 ਤੋਂ ਹਰੇਕ ਚੋਣਾਂ ਦੌਰਾਨ ਵਾਤਾਵਰਣ ਦੇ ਮੁੱਦੇ ਨੂੰ ਲੋਕ ਮੁੱਦਾ ਬਣਾਉਣ ਦੀ ਅਪੀਲ ਕੀਤੀ ਪਰ ਨਾ ਤਾਂ ਕਿਸੇ ਪਾਰਟੀ ਨੇ ਇਸਨੂੰ ਗੰਭੀਰਤਾ ਨਾਲ ਲਿਆ ਤੇ ਨਾ ਹੀ ਆਮ ਲੋਕਾਂ ਨੇ। ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਪੰਜਾਬ ਵਾਤਾਵਰਣ ਚੇਤਨਾ ਲਹਿਰ ਵਾਤਾਵਰਣ ਦੇ ਮੁੱਦੇ ਨੂੰ ਵੱਡੇ ਪੱਧਰ ਤੇ ਉਭਾਰਣ ਦੀ ਕੋਸ਼ਿਸ ਕਰ ਰਹੀ ਹੈ ਜਿਸ ਅਧੀਨ ਗਰੀਨ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ ਹੈ ਜਿਸ ਵਿੱਚ ਪੰਜਾਬ ਦੇ ਵਾਤਾਵਰਨ ਦੇ ਗੰਭੀਰ ਸੰਕਟ ਦਾ ਵਿਸਥਾਰਪੂਰਵਕ ਜਿਕਰ ਕੀਤਾ ਹੈ ।

 

 

ਜੇਕਰ ਸੰਘਰਸ਼ ਦਾ ਸ਼ੋਰ ਅੱਜ ਤੱਕ ਵੀ ਤੁਹਾਡੇ ਕੰਨਾਂ ਤੱਕ ਨਹੀ ਪਹੁੰਚ ਰਿਹਾ ਤਾਂ ਇਹ ਗੱਲ ਯਾਦ ਰੱਖ ਲਿਓ ਕੇ ਤੁਸੀ ਆਉਣ ਵਾਲੀਆ ਨਸਲਾਂ ਦੇ ਦੋਸ਼ੀ ਹੋਵੋਗੇ। ਵਾਤਾਵਰਣ ਦੀ ਲਹਿਰ ਨੂੰ ਇਹਨਾਂ ਚੋਣਾਂ ਦੌਰਾਨ ਵੱਡੇ ਪੱਧਰ ਤੇ ਉਭਾਰਣ ਵਿੱਚ ਤੁਹਾਡਾ ਯੋਗਦਾਨ ਇਤਿਹਾਸ ਸਿਰਜ ਸਕਦਾ ਹੈ। ਇਹ ਮੁੱਦਾ ਹੁਣ ਕੇਵਲ ਸਾਡਾ ਹੀ ਨਹੀਂ ਸਗੋਂ ਇਸ ਵੇਲੇ ਵਿਸ਼ਵ ਲਈ ‘ਮੌਤ’ ਦਾ ਮੁੱਦਾ ਬਣ ਚੁੱਕਾ ਹੈ। ਲੋੜ ਹੈ ਵਾਤਾਵਰਣ ਦੇ ਮੁੱਦੇ ਨੂੰ ਇੱਕ ਅਹਿਮ ਮੁੱਦਾ ਬਣਾ ਕੇ ਪਾਰਟੀਆਂ ਅੱਗੇ ਰੱਖੀਏ।

 

 

ਜੇਕਰ ਕਿਸੇ ਪਾਰਟੀ ਨੇ ਹੁਣ ਤੱਕ ਇਸਨੂੰ ਗੰਭੀਰਤਾ ਨਾਲ ਨਹੀ ਲਿਆ ਤਾਂ ਉਸ ਲਈ ਕਿਤੇ ਨਾ ਕਿਤੇ ਅਸੀਂ ਵੀ ਭਾਗੀਦਾਰ ਹਾਂ ਕਿਉਂਕਿ ਅਸੀ ਹੁਣ ਤੱਕ ਕਿਸੇ ਵੀ ਪਾਰਟੀ ਕੋਲ ਨਾ ਤਾਂ ਆਪਣੇ ਮੌਲਿਕ ਅਧਿਕਾਰਾਂ ਦੀ ਮੰਗ ਕੀਤੀ ਹੈ ਤੇ ਨਾ ਹੀ ਸਾਫ ਵਾਤਾਵਰਣ ਦੀ। ਜੇਕਰ ਤੁਸੀਂ ਅੱਜ ਇਸ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਨੂੰ ਸਮਝੋਗੇ ਤੇ ਸਰਕਾਰਾਂ ਕੋਲੋਂ ਵੱਡੇ ਪੱਧਰ ਤੇ ਇਸਦੀ ਮੰਗ ਕਰੋਗੇ ਤਾਂ ਹੀ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਮਾਣ ਨਾਲ ਦੱਸ ਸਕੋਗੇ ਕੇ ਅਸੀਂ ਤੁਹਾਡੇ ਲਈ ਸ਼ੁੱਧ ਹਵਾ, ਸ਼ੁੱਧ ਪਾਣੀ ਅਤੇ ਸ਼ੁੱਧ  ਖੁਰਾਕ ਦੀ ਜੰਗ ਲੜੀ ਸੀ।ਇਸ ਮੁੱਦੇ ਨੂੰ ਕਿਸਾਨ ਅੰਦੋਲਨ ਵਾਂਗ ਲੋਕ ਲਹਿਰ ਬਣਾਉਣ ਦੀ ਲੋੜ ਹੈ। ਜਿਸ ਤਰ੍ਹਾਂ ਬਜ਼ੁਰਗਾਂ ਦੇ ਹੋਸ਼ ਤੇ ਨੌਜਵਾਨੀ ਦੇ ਜੋਸ਼ ਨਾਲ ਇਹ ਜੰਗ ਸਰਕਾਰ ਕੋਲੋਂ ਜਿੱਤੀ ਗਈ ਸੀ, ਉਸੇ ਤਰ੍ਹਾਂ ਹੀ ਇੱਕ ਲੋਕ ਲਹਿਰ ਦੀ ਲੋੜ ਹੈ ਜਿਸਦਾ ਮਕਸਦ ਵਾਤਾਵਰਣ ਨੂੰ ਸੁਰੱਖਿਅਤ ਕਰਨਾ ਹੋਵੇ।

 

 

ਪੜ੍ਹੇ ਲਿਖੇ ਅਤੇ ਨੌਜਵਾਨਾਂ ਨੂੰ ਅਪੀਲ : ਵਾਤਾਵਰਣ ਦੇ ਮੁੱਦੇ ਨੂੰ ਵੱਡੇ ਪੱਧਰ ਤੇ ਉਭਾਰਨ ਵਿੱਚ ਪੜ੍ਹੇ ਲਿਖੇ ਅਤੇ ਨੌਜਵਾਨ ਅਹਿਮ ਭੂਮਿਕਾ ਨਿਭਾ ਸਕਦੇ ਹਨ । 

 

 

ਹੁਣ ਤੱਕ ਪੜ੍ਹੇ ਲਿਖੇ ਵਰਗ ਨੇ ਵਾਤਾਵਰਣ ਦੇ ਮੁੱਦੇ ਅਤੇ ਆਪਣੀ ਵੋਟ ਦੀ ਅਹਿਮੀਅਤ ਨੂੰ ਅਣਗੌਲਿਆ ਕੀਤਾ ਹੈ । ਅੱਜ ਦਾ ਸਮਾਂ ਸ਼ੋਸ਼ਲ ਮੀਡੀਆ ਦਾ ਹੈ । ਅੱਜ ਰਾਜਨੀਤਿਕ ਪਾਰਟੀਆਂ ਵੀ ਸ਼ੋਸ਼ਲ ਮੀਡੀਆ ਤੋਂ ਹੀ ਲੋਕਾਂ ਦੀ ਨਬਜ ਪਛਾਨਣ ਦਾ ਯਤਨ ਕਰਦੀਆਂ ਹਨ । ਇਸ ਲਈ ਵਾਤਾਵਰਣ ਦੇ ਮੁੱਦੇ ਨੂੰ ਸ਼ੋਸਲ ਮੀਡੀਆ ਤੇ ਵੱਡੇ ਪੱਧਰ ਤੇ ਉਭਾਰਣ ਦੀ ਲੋੜ ਹੈ ਕਿ ਈਮੇਲ ,ਮੈਸਜ ਅਤੇ ਟਵੀਟ ਕਰਕੇ ਆਪਣੀ ‘ਮੌਲਿਕ ਅਧਿਕਾਰਾਂ’ ਦੀ ਮੰਗ ਪਾਰਟੀਆਂ ਅੱਗੇ ਰੱਖੀ ਜਾਵੇ ਅਤੇ ਪਾਰਟੀ ਦੇ ਉਮੀਦਵਾਰਾਂ ਨੂੰ ਪੁੱਛੋ ਕਿ ਉਹਨਾਂ ਦੇ ਹਿੱਸੇ ਦੀ ਸ਼ੁੱਧ ਹਵਾ ਪਾਣੀ ਤੇ ਖੁਰਾਕ ਕਿੱਥੇ ਹੈ? ਉਹਨਾਂ ਦੇ ਏਜੰਡੇ ਵਿਚ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਨਾਲ ਨਾਲ ਅਹਿਮ ਮੁੱਦਾ ਵਾਤਾਵਰਣ ਕਿੱਥੇ ਹੈ?

Share this Article
Leave a comment