ਕੋਰੋਨਾ : ਤਾਸ਼ ਖੇਡ ਕੇ ਟਾਈਮ ਪਾਸ ਕਰਨਾ ਪਿਆ ਮਹਿੰਗਾ, 24 ਲੋਕ ਸੰਕਰਮਿਤ

TeamGlobalPunjab
3 Min Read

ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਮਈ ਤੱਕ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਪਰ ਲੌਕਡਾਊਨ ਤੋਂ ਬਾਅਦ ਵੀ ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਸਰਕਾਰਾਂ ਵੱਲੋਂ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਸਮੇਂ-ਸਮੇਂ ‘ਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਵੀ ਲੋਕਾਂ ਵੱਲੋਂ ਹਰ ਰੋਜ਼ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਸਮਾਜਿਕ ਦੂਰੀ ਦੇ ਨਿਯਮ ਦੀਆਂ ਧੱਜੀਆਂ ਉਡਾਉਣ ਦਾ ਇੱਕ ਅਜਿਹਾ ਹੀ ਮਾਮਲਾ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਸ਼ਹਿਰ ‘ਚ ਸਾਹਮਣੇ ਆਇਆ ਹੈ, ਜਿੱਥੇ ਲੌਕਡਾਊਨ ਕਰਕੇ ਟਾਈਮ ਪਾਸ ਕਰਨ ਦੇ ਇਰਾਦੇ ਨਾਲ ਇੱਕ ਟਰੱਕ ਡਰਾਈਵਰ ਵੱਲੋਂ ਆਪਣੇ ਦੋਸਤਾਂ ਤੇ ਗੁਆਂਢੀਆਂ ਨਾਲ ਤਾਸ਼ ਖੇਡਣ ਦੇ ਚੱਕਰ ‘ਚ 24 ਲੋਕ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ। ਇਸ ਦੀ ਜਾਣਕਾਰੀ ਕ੍ਰਿਸ਼ਣਾ ਜ਼ਿਲ੍ਹੇ ਦੇ ਮੈਜਿਸਟ੍ਰੇਟ ਏ. ਮੁਹੰਮਦ ਇਮਤਿਆਜ਼ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਆਪਣੇ ਦੋਸਤਾਂ ਅਤੇ ਗੁਆਂਢੀਆਂ ਨਾਲ ਵਿਜੇਵਾੜਾ ਸ਼ਹਿਰ ਦੇ ਕ੍ਰਿਸ਼ਨਾ ਲੰਕਾ ਇਲਾਕੇ ‘ਚ ਤਾਸ਼ ਖੇਡ ਰਿਹਾ ਸੀ ਤੇ ਇਸ ਦੇ ਨਾਲ ਹੀ ਔਰਤਾਂ ਗਰੁੱਪ ਬਣਾ ਕੇ ਤੰਬੋਲਾ ਖੇਡ ਰਹੀਆਂ ਸਨ। ਜਿਸ ਕਾਰਨ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਕਾਰਨ 24 ਲੋਕ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਆ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ‘ਚ ਦੋਵਾਂ ਘਟਨਾਵਾਂ ਕਾਰਨ ਲਗਭਗ 40 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਅਜਿਹੀ ਹੀ ਇੱਕ ਘਟਨਾ ਕਰਮਿਕਾ ਨਗਰ ‘ਚ ਸਾਹਮਣੇ ਆਈ। ਟਰੱਕ ਡਰਾਈਵਰ ਨੇ ਸਮਾਜਿਕ ਦੂਰੀ ਦੀ ਉਲੰਘਣਾ ਕੀਤੀ, ਜਿਸ ਕਾਰਨ 15 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਏ. ਮੁਹੰਮਦ ਇਮਤਿਆਜ਼ ਨੇ ਆਪਣੇ ਇੱਕ ਵੀਡੀਓ ਸੰਦੇਸ਼ ਰਾਹੀਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ।

ਦੱਸ ਦਈਏ ਕਿ ਆਂਧਰਾ ਪ੍ਰਦੇਸ਼ ‘ਚ ਹੁਣ ਤੱਕ ਕੋਰੋਨਾ ਦੇ 1,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ  ਹਨ ਤੇ 31 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਕੱਲੇ ਵਿਜੇਵਾੜਾ ਸ਼ਹਿਰ ਵਿੱਚ ਕੋਰੋਨਾ ਦੇ ਲਗਭਗ 100 ਮਾਮਲੇ ਪਾਏ ਗਏ ਹਨ। ਦੇਸ਼ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ ਤੇ 824 ਲੋਕ ਕੋਰੋਨਾ ਕਾਰਨ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਹਨ।

- Advertisement -

Share this Article
Leave a comment