ਕੋਵਿਡ -19: ਬਜ਼ੁਰਗ ਮਾਪਿਆਂ ਦੀ ਬੇਦਖਲੀ

TeamGlobalPunjab
5 Min Read

-ਅਵਤਾਰ ਸਿੰਘ

ਸਰਕਾਰ ਅਤੇ ਡਾਕਟਰਾਂ ਦੀ ਸਲਾਹ ਅਨੁਸਾਰ ਬੱਚੇ ਅਤੇ ਬਜ਼ੁਰਗ ਘਰਾਂ ਵਿੱਚ ਹੀ ਰਹਿਣ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਦਾ ਸਭ ਤੋਂ ਵੱਧ ਖ਼ਤਰਾ ਹੈ। ਪਰ ਆਪਣੇ ਹੀ ਦੇਸ਼ ਵਿੱਚ ਜਾਇਦਾਦ ਦੇ ਲਾਲਚ ਵਿੱਚ ਬਜ਼ੁਰਗਾਂ ਨੂੰ ਘਰਾਂ ਤੋਂ ਬੇਦਖਲ ਕਰਕੇ ਉਨ੍ਹਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸਰਕਾਰ ਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਅਜਿਹੇ ਸੀਨੀਅਰ ਸਿਟੀਜ਼ਨ ਦੇ ਪਰਿਵਾਰਕ ਮੈਂਬਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਤੁਰੰਤ ਗੁਜ਼ਾਰਾ ਭੱਤਾ ਦਿੱਤਾ ਜਾਵੇ।

ਨਿੱਤ ਦਿਨ ਰਿਪੋਰਟਾਂ ਆਉਂਦੀਆਂ ਹਨ ਕਿ ਸਰਕਾਰ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ ਸਹੀ ਸਿੱਧ ਹੋਣ ‘ਤੇ ਮਾਤਾ ਪਿਤਾ ਨੂੰ ਘਰਾਂ ਤੋਂ ਬੇਦਖਲ ਕਰਨ ਵਾਲੇ ਬੱਚਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਰ ਸਰਕਾਰ ਦਾ ਇਸ ਤਰ੍ਹਾਂ ਦਾ ਭਰੋਸਾ ਬਜ਼ੁਰਗਾਂ ਵਿੱਚ ਵਿਸ਼ਵਾਸ ਪੈਦਾ ਕਰਦਾ ਨਿਗੂਣਾ ਨਜ਼ਰ ਆ ਰਿਹਾ ਹੈ। ਇਸ ਦਾ ਕਾਰਨ ਅਜਿਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਲੰਮੀ ਪ੍ਰਣਾਲੀ ਹੈ। ਇਸ ਦੌਰਾਨ ਅਜਿਹੇ ਬਜ਼ੁਰਗਾਂ ਕੋਲ ਰਹਿਣ ਦਾ ਕੋਈ ਸਹੀ ਠਿਕਾਣਾ ਨਹੀਂ ਹੁੰਦਾ।

ਰਿਪੋਰਟਾਂ ਮੁਤਾਬਿਕ ਕੋਰੋਨਾ ਕਾਲ ਦੌਰਾਨ ਮੁੰਬਈ ਦੇ ਬਾਂਦਰਾ ਸਟੇਸ਼ਨ ਉਪਰ ਮਿਲੀ ਇਕ 70 ਸਾਲ ਦੀ ਲੀਲਾਵਤੀ ਨੂੰ ਉਸ ਦੇ ਬੇਟੇ ਪੁੱਤਰ ਵਲੋਂ ਕੁੱਟਮਾਰ ਕਰਕੇ ਸਾਰਾ ਪੈਸੇ ਧੇਲਾ ਖੋਹ ਕੇ ਘਰ ਤੋਂ ਬਾਹਰ ਕੱਢਣ ਦੀ ਘਟਨਾ ਹਾਲ ਹੀ ਵਿੱਚ ਸਾਹਮਣੇ ਆਈ ਸੀ। ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਇਕ ਘਟਨਾ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲੇ ਦੇ ਪੁਖਰਾਈਆਂ ਤੋਂ ਵੀ ਮੀਡੀਆ ਵਿੱਚ ਸਾਹਮਣੇ ਆਈ ਹੈ। ਖ਼ਬਰਾਂ ਅਨੁਸਾਰ 65 ਸਾਲਾਂ ਦੇ ਕਮਲੇਸ਼ ਕੁਮਾਰ ਅਤੇ ਉਸਦੀ ਪਤਨੀ ਪੁਸ਼ਪਲਤਾ ਨੂੰ ਉਸ ਦੇ ਪੁੱਤ ਅਤੇ ਨੂੰਹ ਨੇ ਕਥਿਤ ਤੌਰ ‘ਤੇ ਮਾਰਕੁੱਟ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ। ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਜਦੋਂ ਲੌਕ ਡਾਊਨ ਹੋਇਆ ਤਾਂ ਉਨ੍ਹਾਂ ਦਾ ਪੁੱਤਰ ਅਤੇ ਨੂੰਹ ਉਨ੍ਹਾਂ ਕੋਲ ਰਹਿਣ ਲਈ ਆਏ ਸਨ,ਪਰ ਹੁਣ ਉਨ੍ਹਾਂ ਨੇ ਇਸ ਬਜ਼ੁਰਗ ਜੋੜੇ ਦੀ ਕੁੱਟ-ਮਾਰ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ।

- Advertisement -

ਅਜਿਹੀ ਹੀ ਇਕ ਖ਼ਬਰ ਬਿਹਾਰ ਦੇ ਕੰਕਰਬਾਗ ਦੇ ਵਾਸੀ 87 ਸਾਲਾ ਸਾਬਕਾ ਸਰਕਾਰੀ ਮੁਲਾਜ਼ਮ ਮਹੇਸ਼ ਕੁਮਾਰ ਅਤੇ ਉਸ ਦੀ ਪਤਨੀ ਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਵਿੱਚ ਆਪਣੇ ਬੱਚਿਆਂ ਕੋਲ ਰਹਿਣ ਲਈ ਆਪਣਾ ਮਕਾਨ ਵੇਚ ਦਿੱਤਾ। ਪੁੱਤਰ ਦੀ ਸਲਾਹ ‘ਤੇ ਵੇਚੇ ਹੋਏ ਇਸ ਮਕਾਨ ਦਾ ਪੈਸੇ ਪੁੱਤਰ ਨੇ ਲੈ ਲਿਆ। ਪਰ ਹੁਣ ਪਤਾ ਲਗਾ ਕਿ ਪੁੱਤਰ ਨੇ ਇਹ ਮਕਾਨ ਆਪਣੀ ਪਤਨੀ ਦੇ ਨਾਮ ਕਰ ਦਿੱਤਾ। ਇਸ ਦੇ ਇਨਸਾਫ ਲਈ ਇਹ ਬਜ਼ੁਰਗ ਜੋੜਾ ਹੁਣ ਬਿਹਾਰ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਤਕ ਨੂੰ ਮਦਦ ਕਰਨ ਦੀ ਗੁਹਾਰ ਲਗਾ ਰਿਹਾ ਹੈ।

ਅਜਿਹੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਦਾ ਸ਼ੀਸ਼ਾ ਦਿਖਾ ਰਹੀਆਂ ਹਨ, ਜਿਸ ਵਿੱਚ ਮਾਂ ਬਾਪ ਵਲੋਂ ਆਪਣੀ ਮੇਹਨਤ ਨਾਲ ਬਣਾਈ ਗਈ ਜਾਇਦਾਦ ਨੂੰ ਉਨ੍ਹਾਂ ਦੀ ਆਪਣੀ ਹੀ ਔਲਾਦ ਕਿਸੇ ਨਾ ਕਿਸੇ ਤਰੀਕੇ ਨਾਲ ਹੜੱਪਣ ਦੀ ਕੋਸ਼ਿਸ਼ ਕਰਦੀ ਹੈ। ਹਾਲਾਤ ਇਹ ਹੋ ਗਏ ਹਨ ਕਿ ਕਿਤੇ ਪੁੱਤਰ ਆਪਣੀ ਮਾਂ ਨੂੰ ਤੰਗ ਕਰ ਰਿਹਾ ਅਤੇ ਕਿਤੇ ਪੁੱਤਰ ਨੂੰਹ ਆਪਣੇ ਮਾਤਾ ਪਿਤਾ ਦਾ ਅਪਮਾਨ ਕਰ ਰਹੇ ਹਨ। ਇਥੇ ਹੀ ਬਸ ਨਹੀਂ ਪੋਤੇ ਵਲੋਂ ਆਪਣੇ ਦਾਦੇ ਨੂੰ ਲੁੱਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ। ਪਰਿਵਾਰਾਂ ਨੂੰ ਬਜ਼ੁਰਗ ਮਾਤਾ ਪਿਤਾ ਬੋਝ ਲੱਗਣ ਲਗ ਗਏ ਹਨ। ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਨੂੰ ਦੇਖਦੇ ਹੋਏ ਸਾਲ 2007 ਵਿੱਚ ‘ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕ ਪਾਲਣ-ਪੋਸ਼ਣ ਅਤੇ ਕਲਿਆਣ ਕਾਨੂੰਨ’ ਬਣਾਇਆ ਗਿਆ ਸੀ। ਪਰ ਲੱਗਦਾ ਹੈ ਕਿ ਇਸ ਕਾਨੂੰਨ ਬਾਰੇ ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਜਦੋਂ ਬਜ਼ੁਰਗ ਮਾਤਾ-ਪਿਤਾ ਮਦਦ ਲਈ ਪ੍ਰਸ਼ਾਸ਼ਨ ਜਾਂ ਵਕੀਲ ਕੋਲ ਪਹੁੰਚਦੇ ਹਨ ਉਦੋਂ ਹੀ ਉਨ੍ਹਾਂ ਨੂੰ ਇਸ ਕਾਨੂੰਨ ਸੰਬੰਧੀ ਪਤਾ ਲੱਗਦਾ ਹੈ। ਇਸ ਕਾਨੂੰਨ ਤਹਿਤ ਬਜ਼ੁਰਗਾਂ ਨੂੰ ਬੇਦਖਲ ਕਰਨਾ ਅਪਰਾਧ ਹੈ। ਇਸ ਅਪਰਾਧ ਦੇ ਦੋਸ਼ੀ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਅਤੇ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਇਸ ਕਾਨੂੰਨ ਅਧੀਨ ਪਾਲਣ ਪੋਸ਼ਣ ਅਧਿਕਾਰ ਦੀ ਵਿਵਸਥਾ ਹੈ। ਇਹਨਾਂ ਕੇਸਾਂ ਦਾ 90 ਦਿਨ ਵਿੱਚ ਨਿਪਟਾਰਾ ਕਰਨਾ ਜ਼ਰੂਰੀ ਹੈ। ਅਦਾਲਤ ਪੀੜਤ ਬਜ਼ੁਰਗਾਂ ਲਈ ਉਨ੍ਹਾਂ ਦੇ ਬੱਚਿਆਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਆਦੇਸ਼ ਕਰ ਸਕਦੀ ਹੈ।

ਹਾਲਾਂਕਿ ਅਦਾਲਤ ਨੇ ਕਈ ਵਾਰ ਫੈਸਲੇ ਦਿੱਤੇ ਹਨ, ਪਰ ਇਸ ਦੇ ਬਾਵਜ਼ੂਦ ਬਜ਼ੁਰਗ ਮਾਤਾ ਪਿਤਾ ਅਤੇ ਸੀਨੀਅਰ ਸੀਟੀਜ਼ਨਜ਼ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਵਿੱਚ ਕਮੀ ਨਹੀਂ ਆ ਰਹੀ।
ਦੇਸ਼ ਵਿੱਚ ਬਜ਼ੁਰਗਾਂ ਨਾਲ ਵਾਪਰ ਰਹੀਆਂ ਦੁਰਵਿਵਹਾਰ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਅਦਾਲਤ ਚਾਹੁੰਦੀ ਹੈ ਕਿ ਹਰ ਜ਼ਿਲੇ ਵਿੱਚ ਬਿਰਧ ਆਸ਼ਰਮਾਂ ਦਾ ਨਿਰਮਾਣ ਕੀਤਾ ਜਾਵੇ, ਜਿਥੇ ਪਰਿਵਾਰ ਵੱਲੋਂ ਬੇਦਖਲ ਕੀਤੇ ਗਏ ਬਜ਼ੂਰਗ ਸਨਮਾਨਜਨਕ ਆਪਣੀ ਜ਼ਿੰਦਗੀ ਬਸਰ ਕਰ ਸਕਣ।

Share this Article
Leave a comment