ਝੋਨੇ ਵਿੱਚ ਸਰਵਪੱਖੀ ਪ੍ਰਬੰਧ ਅਪਣਾਏ ਜਾਣ, ਪੜ੍ਹੋ ਮੁੱਲਵਾਨ ਗੱਲਾਂ

TeamGlobalPunjab
16 Min Read

-ਅਮਰਜੀਤ ਸਿੰਘ

ਖੇਤੀ ਦੇ ਨਵੇਂ ਤਰੀਕੇ, ਝੋਨੇ ਅਤੇ ਬਾਸਮਤੀ ਹੇਠ ਰਕਬਾ ਵੱਧਣ ਕਾਰਣ, ਮੌਸਮ ਵਿੱਚ ਤਬਦੀਲੀ ਅਤੇ ਨਵੀਂਆਂ ਕਿਸਮਾਂ ਆਉਣ ਨਾਲ ਕੁਝ ਕੁ ਕੀੜੇ (ਤਣੇ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ) ਅਤੇ ਬਿਮਾਰੀਆਂ (ਤਣੇਂ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਂਰੀ, ਭੂਰੇ ਧੱਬਿਆਂ ਦਾ ਰੋਗ) ਆਦਿ ਵੱਧ ਰਹੇ ਹਨ । ਫਸਲ ਤੋਂ ਵੱਧ ਝਾੜ ਲੈਣ ਲਈ ਇਨ੍ਹਾਂ ਕੀੜਿਆਂ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਉਨ੍ਹਾਂ ਨੂੰ ਕਾਬੂ ਵਿੱਚ ਰੱਖਣ ਲਈ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।

ਝੋਨੇ ਦੇ ਮੁੱਖ ਕੀੜੇ

ਤਣੇ ਦੀ ਸੁੰਡੀ : ਇਸ ਕੀੜੇ ਨੂੰ ਗੋਭ ਦੀ ਸੁੰਡੀ ਜਾਂ ਗੜੂੰਆਂ ਵੀ ਆਖਦੇ ਹਨ। ਇਸ ਕੀੜੇ ਦੀਆਂ ਤਿੰਨ ਕਿਸਮਾਂ ਪੀਲੀ, ਚਿੱਟੀ ਅਤੇ ਗੁਲਾਬੀ ਤਣੇ ਦੀ ਸੁੰਡੀ ਹੈ। ਪੀਲੀ ਅਤੇ ਚਿੱਟੀ ਸੁੰਡੀਆਂ ਸਿੱਟਾ ਬਨਣ ਤੋਂ ਪਹਿਲਾ ਅਤੇ ਗੁਲਾਬੀ ਸੁੰਡੀਆਂ ਸਿੱਟਾ ਬਨਣ ਤੇ ਅਤੇ ਉਸ ਤੋਂ ਬਾਅਦ ਨੁਕਸਾਨ ਕਰਦੀਆਂ ਹਨ। ਤਣੇ ਦੇ ਗੜੂੰਏਂ ਦੀਆ ਸਾਰੀਆ ਸੁੰਡੀਆਂ ਦੇ ਨੁਕਸਾਨ ਕਰਨ ਦਾ ਢੰਗ ਇਕੋ ਜਿਹਾ ਹੈ। ਸੁੰਡੀ ਤਣੇ ਅੰਦਰ ਦਾਖਲ ਹੋ ਕੇ ਇਸਦੀ ਗੋਭ ਨੂੰ ਹੇਠੋਂ ਕੱਟ ਦਿੰਦੀ ਹੈ। ਜਿਸ ਦੇ ਨਾਲ ਬੂਟਿਆਂ ਦੀਆਂ ਗੋਭਾ ਸੁੱਕ ਜਾਂਦੀਆ ਹਨ । ਇਨ੍ਹਾਂ ਸੁੱਕੀਆਂ ਗੋਭਾ ਨੂੰ “ਡੈਡ ਹਰਟ” ਆਖਦੇ ਹਨ। ਅਜਿਹੀਆਂ ਸੁੱਕੀਆਂ ਗੋਭਾਂ ਅਸਾਨੀ ਨਾਲ ਬੂਟਿਆਂ ਵਿੱਚੋਂ ਖਿੱਚੀਆਂ ਜਾ ਸਕਦੀਆਂ ਹਨ। ਜੇਕਰ ਸੁੰਡੀਆਂ ਦਾ ਹਮਲਾ ਪੱਛੜ੍ਹ ਕੇ ਅਰਥਾਤ ਮੁੰਜਰਾਂ ਪੈਣ ਸਮੇਂ ਹੋਵੇ ਤਾਂ ਹਮਲੇ ਵਾਲੀਆਂ ਗੋਭਾਂ ਦੀਆਂ ਮੁੰਜਰਾਂ ਸੁੱਕ ਜਾਦੀਆਂ ਹਨ, ਇਨ੍ਹਾਂ ਵਿੱਚ ਦਾਣੇ ਨਹੀਂ ਬਣਦੇ ਅਤੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ। ਅਜਿਹੀਆਂ ਦਾਣਿਆਂ ਤੋਂ ਸਖ਼ਣੀਆਂ ‘ਚਿੱਟੀਆਂ ਮੁੰਜਰਾਂ’ ਖੇਤ ਵਿੱਚ ਦੂਰੋਂ ਹੀ ਬੜੀ ਅਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ। ਖੇਤ ਵਿੱਚ ਖੜ੍ਹੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਇਨ੍ਹਾਂ ਦੇ ਹਮਲੇ ਦੀ ਨੌਬਤ ਆਰਥਿਕ ਕਗਾਰ’ ਤੱਕ ਪਹੁੰਚ ਜਾਵੇ (5 ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ) ਤਾਂ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਸਾਰਣੀ ਨੰ. 1 ‘ਚ ਦਿੱਤੇ ਅਨੁਸਾਰ ਕਰੋ।

- Advertisement -

ਪੱਤਾ ਲਪੇਟ ਸੁੰਡੀ : ਪੱਤਾ ਲਪੇਟ ਸੁੰਡੀ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਨੁਕਸਾਨ ਕਰਦੀ ਹੈ। ਇਸ ਦੇ ਪਤੰਗੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੇ ਅਗਲੇ ਖੰਭਾਂ ਤੇ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਖੇਤ ਵਿੱਚ ਚੱਲਣ ਨਾਲ ਬੂਟੇ ਹਿਲਣ ਤੇ ਪਤੰਗੇ ਉਡ ਕੇ ਨਾਲ ਦੇ ਬੂਟਿਆਂ ਤੇ ਬੈਠ ਜਾਂਦੇ ਹਨ। ਮਾਦਾ ਪਤੰਗੇ ਪੱਤੇ ਦੇ ਹੇਠਲੇ ਪਾਸੇ ਇੱਕ-ਇੱਕ ਜਾਂ ਦੋ-ਦੋ ਕਰਕੇ ਆਂਡੇ ਦੇਂਦੀ ਹੈ। ਇਸ ਦੀਆਂ ਛੋਟੀਆਂ ਸੁੰਡੀਆਂ ਸ਼ੁਰੂ ਵਿੱਚ ਨਰਮ ਪੱਤਿਆਂ ਨੂੰ ਬਿਨਾਂ ਲਪੇਟਿਆਂ ਹੀ ਖਾਂਦੀਆ ਹਨ ਪਰ ਵੱਡੀਆ ਹੋਣ ਤੇ ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ ਰੁੱਖ ਲਪੇਟ ਲੈਦੀਆਂ ਹਨ ਅਤੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਹਨ ਜਿਸ ਨਾਲ ਪੱਤੇ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਦੀਆਂ ਹਨ ਅਤੇ ਪੱਤੇ ਜਾਲੀਦਾਰ ਲਗਦੇ ਹਨ।

ਖੇਤ ਵਿੱਚ ਖੜ੍ਹੀ ਫ਼ਸਲ ਤੇ ਕੀੜੇ ਦੇ ਹਮਲੇ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਫ਼ਸਲ ਦੇ ਨਿਸਰਨ ਤੋਂ ਪਹਿਲਾਂ, ਜੇ ਇਸ ਕੀੜੇ ਦਾ ਹਮਲਾ ਹੋਵੇ ਤਾਂ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉਪਰਲੇ ਹਿੱਸੇ ਤੇ 2 ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਓ ਅਤੇ ਫਿਰ ਉਨ੍ਹੀਂ ਪੈਰੀ ਰੱਸੀ ਫੇਰਦੇ ਹੋਏ ਵਾਪਸ ਮੁੜੋ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ। ਜਿਉਂ ਹੀ ਕੀੜੇ ਦੁਆਰਾ ਨੁਕਸਾਨੇ ਪੱਤਿਆਂ ਦੀ ਗਿਣਤੀ 10 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਵੇ (ਆਰਥਿਕ ਕਗਾਰ ਪੱਧਰ) ਤਾਂ ਸਾਰਣੀ ਨੰ. 1 ਵਿੱਚ ਸਿਫਾਰਸ਼ ਕਿਸੇ ਇੱਕ ਕੀਟਨਾਸ਼ਕ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਬੂਟਿਆਂ ਦੇ ਟਿੱਡੇ: ਪੰਜਾਬ ਵਿਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੌਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਜਵਾਨ ਅਤੇ ਬੱਚੇ ਟਿੱਡੇ ਜੁਲਾਈ ਤੋਂ ਅਕਤੂਬਰ ਤੱਕ ਬੂਟਿਆਂ ਦਾ ਰਸ ਚੂਸਦੇ ਹਨ। ਸਿੱਟੇ ਵਜੋ ਪੱਤੇ ਉਪਰਲੇ ਸਿਰਿਆਂ ਵਲੋਂ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਾਰਾ ਬੂਟਾ ਝੁਲਸ ਜਾਂਦਾ ਹੈ। ਕਈ ਵਾਰ ਪੱਤਿਆਂ ਤੇ ਕਾਲੀ ਉਲੀ ਵੀ ਲੱਗ ਜਾਂਦੀ ਹੈ। ਹਮਲੇ ਵਾਲੇ ਬੂਟੇ ਸੁੱਕਣ ਤੇ ਟਿੱਡੇ ਲਾਗਲੇ ਖੜ੍ਹੇ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲਾ ਵੱਧਣ ਨਾਲ ਇਨ੍ਹਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਅਕਾਰ ਵੀ ਵੱਧਦੇ ਰਹਿੰਦੇ ਹਨ ਅਤੇ ਹੋਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ। ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਇੱਕ ਮਹੀਨੇ ਬਾਅਦ ਹਫਤੇ-ਹਫਤੇ ਦੀ ਵਿੱਥ ਤੇ ਕੁਝ ਕੁ ਬੂਟਿਆਂ ਨੂੰ 2-3 ਵਾਰ ਥਾਪੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ ਕੀਟਨਾਸ਼ਕਾਂ (ਸਾਰਣੀ 1) ਦੀ ਵਰਤੋਂ ਕਰੋ। ਧਿਆਨ ਦਿੱਤਾ ਜਾਵੇ ਕਿ ਛਿੜਕਾਅ ਬੂਟਿਆਂ ਦੇ ਮੁੱਢਾਂ ਤੇ ਜਰੂਰ ਪਵੇ ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ। ਹੱਲੇ ਵਾਲਿਆਂ ਥਾਵਾਂ ਤੇ 3-4 ਮੀਟਰ ਆਲੇ ਦੁਆਲੇ ਕੀਟਨਾਸ਼ਕ ਦੀ ਵਰਤੋਂ ਜ਼ਰੂਰ ਕਰੋ ਕਿਉਕਿ ਟਿਡਿਆਂ ਦੀ ਜਿਆਦਾ ਗਿਣਤੀ ਇਨ੍ਹਾਂ ਥਾਵਾਂ ਤੇ ਹੀ ਹੁੰਦੀ ਹੈ।

ਝੋਨੇ ਦੀਆਂ ਮੁੱਖ ਬਿਮਾਰੀਆਂ :

ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) : ਇਸ ਬਿਮਾਰੀ ਨਾਲ ਪੱਤੇ ਉਤੇ ਸਲੇਟੀ ਰੰਗ ਦੀਆਂ ਧਾਰੀਆਂ (ਜਿੰਨ੍ਹਾਂ ਦੇ ਸਿਰੇ ਜਾਮਣੀ ਹੁੰਦੇ ਹਨ), ਪਾਣੀ ਦੀ ਸਤ੍ਹਹ ਤੋਂ ਉਪਰ, ਪੈ ਜਾਂਦੀਆਂ ਹਨ। ਇਹ ਨਿਸ਼ਾਨੀਆਂ ਆਮ ਕਰਕੇ ਫਸਲ ਦੇ ਨਿਸਰਣ ਸਮੇਂ ਹੀ ਦੇਖਣ ਵਿੱਚ ਆਉਂਦੀਆਂ ਹਨ। ਇਸ ਬਿਮਾਰੀ ਦੇ ਵਧੇਰੇ ਹਮਲੇ ਨਾਲ ਮੁੰਜ਼ਰਾਂ ਵਿੱਚ ਦਾਣੇ ਪੂਰੇ ਨਹੀਂ ਬਣਦੇ। ਇਹ ਬਿਮਾਰੀ ਉਲੀ ਦੀਆਂ ਮਘਰੋੜੀਆਂ ਰਾਹੀਂ ਮਿੱਟੀ ਵਿੱਚ ਕਈ ਸਾਲਾਂ ਤੱਕ ਰਹਿੰਦੀ ਹੈ ਜੋ ਕਿ ਬਿਮਾਰੀ ਲੱਗਣ ਦਾ ਮੁੱਖ ਕਾਰਨ ਬਣਦੀ ਹੈ। ਇਸ ਤੋਂ ਇਲਾਵਾ ਇਹ ਬਿਮਾਰੀ ਕਈ ਨਦੀਨਾਂ ਤੇ ਵੀ ਰਹਿੰਦੀ ਹੈ। ਪਹਿਲਾਂ ਆਮ ਤੌਰ ਤੇ ਇਹ ਬਿਮਾਰੀ ਝੋਨੇ ਦੀਆਂ ਕਿਸਮਾਂ ਨੂੰ ਜ਼ਿਆਦਾ ਲੱਗਦੀ ਸੀ, ਪਰ ਹੁਣ ਬਾਸਮਤੀ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509 ਆਦਿ ਨੂੰ ਵੀ ਲੱਗਣ ਲੱਗ ਪਈ ਹੈ। ਜੇਕਰ ਇਸ ਬਿਮਾਰੀ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਕੁਝ ਸਾਲਾਂ ਮਗਰੋਂ ਇਹ ਬਿਮਾਰੀ ਖੇਤ ਵਿੱਚ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਨੂੰ ਰੋਕਣ ਲਈ, ਬੂਟੇ ਦੇ ਜਾੜ ਮਾਰਨ ਸਮੇਂ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਸਾਰਨੀ ਨੰ. 2 ਅਨੁਸਾਰ ਉਲੀਨਾਸ਼ਕਾਂ ਦਾ ਛਿੜਕਾਅ ਕਰੋ।

- Advertisement -

ਝੂਠੀ ਕਾਂਗਿਆਰੀ : ਇਹ ਇੱਕ ਉਲੀ ਨਾਲ ਲੱਗਣ ਵਾਲਾ ਰੋਗ ਹੈ ਅਤੇ ਕੁਝ ਕੁ ਸਾਲਾਂ ਤੋਂ ਇਸ ਦਾ ਹੱਲਾ ਝੋਨੇ ਉਪਰ ਵੱਧ ਰਿਹਾ ਹੈ। ਇਹ ਬਿਮਾਰੀ ਝੋਨੇ ਦੀਆਂ ਬਹੁਤ ਝਾੜ ਦੇਣ ਵਾਲੀਆਂ ਕਿਸਮਾਂ ਨੂੰ ਕਾਫੀ ਲੱਗਣ ਲੱਗ ਪਈ ਹੈ। ਇਸ ਬਿਮਾਰੀ ਨਾਲ ਦਾਣਿਆਂ ਦੀ ਥਾਂ ਹਲਦੀ ਰੰਗੇ ਧੂੜ੍ਹੇਦਾਰ ਉਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ ਜਿਹੜੇ ਬਾਅਦ ਵਿੱਚ ਗੂੜ੍ਹੇ ਹਰੇ ਰੰਗ ਦੇ ਹੋ ਜਾਂਦੇ ਹਨ। ਜੇਕਰ ਫਸਲ ਨਿਸਰਣ ਸਮੇਂ ਮੀਂਹ, ਬੱਦਲਵਾਈ ਅਤੇ ਵਧੇਰੇ ਸਿੱਲ੍ਹ ਰਹੇ ਤਾਂ ਇਹ ਬਿਮਾਰੀ ਜਿਆਦਾ ਲੱਗਦੀ ਹੈ। ਰੂੜੀ ਅਤੇ ਨਾਈਟ੍ਰੋਜਨ ਖਾਦਾਂ ਦੀ ਬਹੁਤੀ ਵਰਤੋਂ ਕਰਕੇ ਵੀ ਇਸ ਬਿਮਾਰੀ ਦਾ ਵਾਧਾ ਬਹੁਤ ਹੁੰਦਾ ਹੈ। ਇਹ ਬਿਮਾਰੀ ਬਾਸਮਤੀ ਦੀਆਂ ਕਿਸਮਾਂ ਨੂੰ ਘੱਟ ਲੱਗਦੀ ਹੈ। ਜੇਕਰ ਖੇਤ ਵਿੱਚ ਇਸ ਬਿਮਾਰੀ ਦਾ ਹੱਲਾ ਹੋ ਜਾਵੇ ਤਾਂ ਬਾਅਦ ਵਿੱਚ ਉਲੀਨਾਸ਼ਕ ਜ਼ਹਿਰਾਂ ਦੇ ਛਿੜਕਾਅ ਨਾਲ ਇਸ ਨੂੰ ਨਹੀਂ ਰੋਕਿਆ ਜਾ ਸਕਦਾ। ਕਿਉਂਕਿ ਇਸ ਬਿਮਾਰੀ ਨੂੰ ਰੋਕਣ ਲਈ ਛਿੜਕਾਅ ਕਰਨ ਦੇ ਸਮੇਂ ਦੀ ਬਹੁਤ ਮਹੱਤਤਾ ਹੈ। ਆਮ ਵੇਖਣ ਵਿੱਚ ਆਉਂਦਾ ਹੈ ਕਿ ਕਿਸਾਨ ਭਰਾ ਇਸ ਰੋਗ ਨੂੰ ਰੋਕਣ ਲਈ ਬਿਮਾਰੀ ਆਉਣ ਤੋਂ ਬਾਅਦ ਹੀ ਛਿੜਕਾਅ ਕਰਦੇ ਹਨ ਜੋ ਕਿ ਬਿਮਾਰੀ ਨੂੰ ਰੋਕਣ ਵਿੱਚ ਸਹਾਈ ਨਹੀਂ ਹੁੰਦਾ। ਇਸ ਲਈ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਖੇਤਾਂ ਵਿੱਚ ਪਿਛਲੇ ਸਾਲ ਬਿਮਾਰੀ ਦਾ ਹੱਲਾ ਹੋਇਆ ਉਥੇ ਫਸਲ ਗੋਭ ਵਿੱਚ ਆਉਣ ਸਮੇਂ ਹੀ ਸਾਰਨੀ ਨੰ.2 ਅਨੁਸਾਰ ਉਲੀਨਾਸ਼ਕਾਂ ਦਾ ਛਿੜਕਾਅ ਕਰ ਦੇਣ।

ਭੂਰੇ ਧੱਬਿਆਂ ਦਾ ਰੋਗ : ਇਸ ਬਿਮਾਰੀ ਨਾਲ ਗੋਲ ਧੱਬੇ, ਜੋ ਕਿ ਵਿਚਕਾਰੋਂ ਗੂੜ੍ਹੇ ਭੂਰੇ ਅਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਹੁੰਦੇ ਹਨ, ਆਮ ਤੌਰ ‘ਤੇ ਪੱਤਿਆਂ ਉਤੇ ਪੈ ਜਾਂਦੇ ਹਨ। ਬਾਅਦ ਵਿੱਚ ਇਹ ਧੱਬੇ ਦਾਣਿਆਂ ਉੱਤੇ ਵੀ ਪੈ ਜਾਂਦੇ ਹਨ। ਇਹ ਬਿਮਾਰੀ ਮਾੜੀਆਂ ਜ਼ਮੀਨਾਂ ਅਤੇ ਮਾੜੀ ਫਸਲ ਵਿੱਚ ਵਧੇਰੇ ਹੁੰਦੀ ਹੈ। ਇਸ ਕਰਕੇ ਫਸਲ ਨੂੰ ਸੰਤੁਲਿਤ ਖਾਦ ਪਾਉਣੀ ਅਤੇ ਲੋੜ ਅਨੁਸਾਰ ਪਾਣੀ ਲਾਉਣਾ ਚਾਹੀਦਾ ਹੈ। ਇਸ ਰੋਗ ਦਾ ਦਾਣਿਆਂ ਤੇ ਹੱਲਾ ਹੋ ਜਾਣ ਨਾਲ ਦਾਣੇ ਦਾਗੀ ਹੋ ਜਾਂਦੇ ਹਨ। ਜੇਕਰ ਫਸਲ ਵਿੱਚ 3 ਪ੍ਰਤੀਸ਼ਤ ਤੋਂ ਵੱਧ ਕਾਲੇ ਦਾਣੇ ਹੋਣ ਤਾਂ ਫਸਲ ਦਾ ਭਾਅ ਘੱਟ ਲੱਗਦਾ ਹੈ। ਬੱਦਲਵਾਈ, ਰੁੱਕ-ਰੁੱਕ ਕੇ ਮੀਂਹ ਅਤੇ ਵਾਤਾਵਰਣ ਵਿੱਚ ਵੱਧ ਨਮੀ ਦੀ ਮਾਤਰਾ ਇਸ ਰੋਗ ਨੂੰ ਵਧਾਉਂਦੇ ਹਨ। ਜੇਕਰ ਉਲੀਨਾਸ਼ਕਾਂ ਦਾ ਛਿੜਕਾਅ ਸਮੇਂ ਸਿਰ ਕੀਤਾ ਜਾਵੇ ਤਾਂ ਇਸ ਰੋਗ ਤੇ ਕਾਬੂ ਪਾਇਆ ਜਾ ਸਕਦਾ ਹੈ ।ਇਸ ਰੋਗ ਨੂੰ ਕਾਬੂ ਕਰਨ ਲਈ ਸਾਰਨੀ ਨੰ.2 ਅਨੁਸਾਰ ਉਲੀਨਾਸ਼ਕਾਂ ਦਾ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।

ਸਰਵਪੱਖੀ ਰੋਕਥਾਮ: ਵੇਖਣ ਵਿੱਚ ਆਇਆ ਹੈ ਕਿ ਆਮ ਤੌਰ ਤੇ ਕਿਸਾਨ ਵੀਰ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਿਰਫ ਕੀਟਨਾਸ਼ਕ/ਉਲੀਨਾਸ਼ਕ ਰਸਾਇਣਾਂ ਨਾਲ ਹੀ ਕਰਨਾ ਚਾਹੁੰਦੇ ਹਨ। ਪਰ ਇਨ੍ਹਾਂ ਕੀੜੇ/ਬਿਮਾਰੀਆਂ ਦੀ ਰੋਕਥਾਮ ਲਈ ਕੀਟਨਾਸ਼ਕ/ ਉਲੀਨਾਸ਼ਕ ਰਸਾਇਣਾਂ ਤੋਂ ਇਲਾਵਾ ਹੋਰ ਵੀ ਤਰੀਕੇ ਆਪਣਾਉਣੇ ਚਾਹੀਦੇ ਹਨ ਤਾਂ ਕਿ ਕੀਟਨਾਸ਼ਕ/ਉਲੀਨਾਸ਼ਕ ਰਸਾਇਣਾਂ ਦੀ ਵਰਤੋਂ ਘਟਾਈ ਜਾ ਸਕੇ ।ਇਸ ਲਈ ਕਿਸਾਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਰਵਪੱਖੀ ਕੀਟ ਜਾਂ ਬਿਮਾਰੀ ਪ੍ਰਬੰਧਨ ਲਈ ਹੇਠ ਲਿਖੇ ਨੁਕਤੇ ਵੀ ਅਪਣਾਉਣ :

ਖਾਦਾਂ ਦੀ ਸਿਫਾਰਿਸ਼ ਮੁਤਾਬਿਕ ਵਰਤੋਂ : ਖਾਦਾਂ ਦੀ ਵਰਤੋਂ ਸਿਫਾਰਸ਼ਾਂ ਮੁਤਾਬਿਕ ਕਰਨੀ ਚਾਹੀਦੀ ਹੈ ਕਿਉਂਕਿ ਲੋੜ ਤੋਂ ਵੱਧ ਯੂਰੀਆ, ਨਾਲ ਕਈ ਕੀੜ੍ਹੇ (ਬੂਟਿਆਂ ਦੇ ਟਿਡੇ) ਅਤੇ ਬਿਮਾਰੀਆਂ ਜਿਵੇਂ ਕਿ ਝੁਲਸ ਰੋਗ, ਸ਼ੀਥ ਦਾ ਝੁਲਸ ਰੋਗ, ਸ਼ੀਥ ਦਾ ਗਾਲ੍ਹਾ, ਝੂਠੀ ਕਾਂਗਿਆਂਰੀ, ਬੰਟ, ਮੁੱਢਾਂ ਦਾ ਗਾਲਾ, ਭੁਰੜ ਰੋਗ ਆਦਿ ਵੱਧ ਲੱਗਦੇ ਹਨ। ਘੱਟ ਯੂਰੀਆ ਪਾਉਣ ਨਾਲ ਭੂਰੇ ਧੱਬਿਆਂ ਦਾ ਰੋਗ ਵੱਧ ਆਉਂਦਾ ਹੈ । ਮਿੱਟੀ ਦੀ ਪਰਖ ਵੀ ਕਰਵਾ ਲੈਣੀ ਚਾਹੀਦੀ ਹੈ । ਜਿਸ ਨਾਲ ਜ਼ਮੀਨ ਵਿੱਚ ਤੱਤਾਂ ਦੀ ਘਾਟ ਜਾਂ ਵਧੇਰੇ ਮਾਤਰਾ ਦਾ ਪਤਾ ਲੱਗ ਜਾਂਦਾ ਹੈ ਅਤੇ ਖਾਦਾਂ ਦੀ ਵਰਤੋਂ ਹਿਸਾਬ ਨਾਲ ਕੀਤੀ ਜਾ ਸਕਦੀ ਹੈ ।ਖਾਦ ਦੀ ਵਰਤੋਂ ਪੱਤਾ ਰੰਗ ਚਾਰਟ ਮੁਤਾਬਿਕ ਕਰਨੀ ਚਾਹੀਦੀ ਹੈ ਤਾਂ ਜੋ ਖਾਦ ਦੀ ਬੱਚਤ ਕੀਤੀ ਜਾ ਸਕੇ ।

ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰੋ : ਝੋਨੇ ਦੇ ਖੇਤ ਵਿੱਚ ਸਿੰਚਾਈ ਤੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾਲ ਲਘੂ ਤੱਤਾਂ ਦੀ ਘਾਟ, ਹਾਨੀਕਾਰਕ ਨਦੀਨ, ਕੀੜੇ ਮੋਕੜੇ ਅਤੇ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਜੇਕਰ ਝੁਲਸ ਰੋਗ ਸ਼ੁਰੂ ਹੋ ਜਾਵੇ ਤਾਂ ਖੇਤ ਵਿੱਚ ਖੜ੍ਹਾ ਪਾਣੀ ਬਾਹਰ ਕੱਢ ਕੇ, ਖੇਤ ਨੂੰ 3-4 ਦਿਨ ਲਈ ਸੁੱਕਾ ਰੱਖਣਾ ਚਾਹੀਦਾ ਹੈ। ਪਰ ਸਿੰਚਾਈ ਵਾਲਾ ਪਾਣੀ ਬਿਮਾਰੀ ਵਾਲੇ ਖੇਤਾਂ ਵਿੱਚੋਂ ਨਹੀਂ ਲੰਘਣ ਦੇਣਾ ਚਾਹੀਦਾ ਤਾਂ ਜੋ ਬਿਮਾਰੀ ਵਾਲੇ ਜਰਾਸੀਮ ਨਰੋਏ ਖੇਤਾਂ ਵਿੱਚ ਨਾ ਫੈਲ ਜਾਣ । ਝੋਨੇ ਦੀਆਂ ਸਾਰੀਆਂ ਬਿਮਾਰੀਆਂ ਵਧੇਰੇ ਨਮੀ ਨਾਲ ਵੱਧਦੀਆਂ ਹਨ। ਇਸ ਕਰਕੇ ਪਾਣੀ ਲੋੜ ਤੋਂ ਜ਼ਿਆਦਾ ਨਹੀਂ ਲਗਾਉਣਾ ਚਾਹੀਦਾ । ਖੇਤ ਚੌ 2-3 ਦਿਨਾਂ ਲਈ ਪਾਣੀ ਸੁਕਾ ਕੇ ਬੂਟਿਆਂ ਦੇ ਟਿਡਿਆਂ ਦਾ ਹਮਲਾ ਘੱਟ ਕੀਤਾ ਜਾ ਸਕਦਾ ਹੈ। ਪਰ ਜੇ ਭੂਰੇ ਧੱਬਿਆਂ ਦਾ ਰੋਗ ਜਾਂ ਲੋਹੇ ਦੀ ਘਾਟ ਆ ਜਾਵੇ ਤਾਂ ਖੇਤ ਨੂੰ ਭਰਵਾਂ ਪਾਣੀ ਦੇਣਾ ਚਾਹੀਦਾ ਹੈ।

ਵੱਟਾਂ ਅਤੇ ਬੰਨਿਆਂ ਨੂੰ ਘਾਹ ਰਹਿਤ ਰੱਖਣਾ ਅਤੇ ਬਿਮਾਰੀ ਵਾਲੇ ਬੂਟੇ ਨਸ਼ਟ ਕਰਨਾ: ਖੇਤਾਂ ਦੇ ਵੱਟਾਂ-ਬੰਨਿਆਂ ਨੂੰ ਘਾਹ ਅਤੇ ਹੋਰ ਨਦੀਨਾਂ ਤੋਂ ਸਾਫ ਰੱਖਣਾ ਲਾਹੇਵੰਦ ਹੈ ਕਿਉਂਕਿ ਝੋਨੇ ਦੀਆਂ ਕਈ ਬਿਮਾਰੀਆਂ ਜਿਵੇਂ ਕਿ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਅਤੇ ਕੁੱਝ ਹੋਰ ਵਿਸ਼ਾਣੂੰ ਰੋਗ ਵੱਟਾਂ ਅਤੇ ਬੰਨਿਆਂ ਤੇ ਉਗੇ ਨਦੀਨਾਂ ਤੋਂ ਹੀ ਸ਼ੁਰੂ ਹੁੰਦੇ ਹਨ।ਖੇਤ ਵਿੱਚ ਬਿਮਾਰ ਬੂਟਾ ਦੇਖਦੇ ਸਾਰ ਹੀ ਪੁੱਟ ਕੇ ਨਸ਼ਟ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਬਾਸਮਤੀ ਦੇ ਪੈਰ ਗਲਣ ਦੀ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ ।

ਝੋਨੇ ਦੇ ਮੁੱਢ ਅਤੇ ਪਰਾਲ ਦੀ ਸਾਂਭ ਸੰਭਾਲ: ਝੋਨੇ ਦੇ ਪਰਾਲ ਅਤੇ ਮੁੱਢ ਨੂੰ ਖੇਤ ਵਿੱਚ ਚੰਗੀ ਤਰ੍ਹਾਂ ਗਲਾਉਣ ਅਤੇ ਰਲਾਉਣ ਨਾਲ ਖੇਤ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਪਰ ਜਿੱਥੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਬਹੁਤ ਜਿਆਦਾ ਹੋਇਆ ਹੋਵੇ, ਉਥੇ ਇਸ ਪਰਾਲੀ ਤੇ ਮੁੱਢਾਂ ਨੂੰ ਇੱਕਠਾ ਕਰਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਤਣੇ ਦੁਆਲੇ ਪੱਤੇ ਦਾ ਗਲਣਾ ਆਦਿ ਬਿਮਾਰੀਆਂ ਦੇ ਜਰਾਸੀਮ ਅਤੇ ਤਣੇ ਦੀਆਂ ਸੁਡੀਆਂ ਜੋ ਮੁੱਢਾਂ ਵਿੱਚ ਸਰਦੀਆ ਗੁਜ਼ਾਰਦੀਆਂ ਹਨ, ਨਸ਼ਟ ਹੋ ਜਾਣ ਅਤੇ ਝੋਨੇ ਦੀ ਅਗਲੀ ਫ਼ਸਲ ਨੂੰ ਨੁਕਸਾਨ ਨਾ ਕਰ ਸਕਣ।

ਰਸਾਇਣਕ ਰੋਕਥਾਮ : ਜਦੋਂ ਉਪਰਲੇ ਤਰੀਕੇ ਲਾਹੇਵੰਦ ਸਾਬਿਤ ਨਾ ਹੋਣ ਤਾਂ ਰਸਾਇਣਕ ਰੋਕਥਾਮ ਅਖੀਰਲਾ ਹਥਿਆਰ ਹੈ। ਕੀਟ ਨਾਸ਼ਕ ਅਤੇ ਉਲੀ ਨਾਸ਼ਕ ਰਸਾਇਣਾਂ ਦੀ ਵਰਤੋਂ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ।

ਫਸਲ ਦਾ ਨਿਰੰਤਰ ਨਿਰੀਖਣ: ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਇਹ ਬਹੁਤ ਜਰੂਰੀ ਹੈ ਕਿ ਖੇਤ ਵਿੱਚ ਉਹਨਾਂ ਦੀ ਹੋਂਦ ਦਾ ਪਤਾ ਸੁਰੂ ਵਿੱਚ ਹੀ ਲੱਗ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਹੀ ਇਹਨਾਂ ਦੀ ਰੋਕਥਾਮ ਦੇ ਉਪਰਾਲੇ (ਜਿਵੇਂ ਕਿ ਬਿਮਾਰੀ ਵਾਲੇ ਬੂਟੇ ਨੂੰ ਨਸ਼ਟ ਕਰਨ ਅਤੇ ਰਸਾਇਣਾਂ ਦਾ ਛਿੜਕਾਅ ਆਦਿ) ਕੀਤੇ ਜਾ ਸਕਣ।

ਰਸਾਇਣਾਂ ਦੀ ਸਮੇਂ ਸਿਰ ਅਤੇ ਲੋੜ ਅਨੁਸਾਰ ਵਰਤੋਂ : ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ, ਖੇਤੀ ਦੇ ਖਰਚੇ ਘਟਾਉਣ ਅਤੇ ਪੂਰਾ ਝਾੜ ਲੈਣ ਲਈ, ਫਸਲ ਤੇ ਸਿਰਫ ਸਿਫਾਰਸ਼ ਕੀਤੀਆਂ ਦਵਾਈਆਂ ਤੇ ਉਦੋਂ ਹੀ ਛਿੜਕਾਉਣੀਆਂ ਚਾਹੀਦੀਆਂ ਹਨ ਜਦੋਂ ਇਨ੍ਹਾਂ ਦੀ ਵਰਤੋਂ ਕੀਤੇ ਖਰਚ ਨੂੰ ਪੂਰਾ ਕਰ ਸਕੇ। ਇਸੇ ਤਰ੍ਹਾਂ ਪਾਣੀ ਵੀ ਸਿਫਾਰਸ਼ ਕੀਤੀ ਮਾਤਰਾ ਵਿੱਚ ਵਰਤਣਾ ਚਾਹੀਦਾ ਹੈ। ਵੱਧ ਜਾਂ ਘੱਟ ਪਾਣੀ ਵਰਤਣ ਨਾਲ ਛਿੜਕਾਅ ਚੰਗੀ ਤਰ੍ਹਾਂ ਨਹੀਂ ਹੁੰਦਾ। ਕੀੜਿਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਆਰਥਿਕ ਕਗਾਰ ਤੇ ਕੀਤੀ ਜਾਵੇ । ਕਿਸੇ ਇੱਕ ਰਸਾਇਣ ਦੀ ਲਗਾਤਾਰ ਵਰਤੋਂ ਕਰਨ ਨਾਲ, ਉਸਦਾ ਅਸਰ ਘੱਟ ਜਾਂਦਾ ਹੈ।

ਨਦੀਨਾਂ ਦੀ ਰੋਕਥਾਮ : ਝੋਨੇ ਦੀਆਂ ਬਿਮਾਰੀਆਂ ਝੋਨੇ ਵਿੱਚ ਉਗਣ ਵਾਲੇ ਨਦੀਨਾਂ ਉੱਪਰ ਵੀ ਲੱਗਦੀਆਂ ਹਨ। ਇਸ ਕਰਕੇ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਝੁਲਸ ਰੋਗ, ਸ਼ੀਥ ਦਾ ਝੁਲਸ ਰੋਗ, ਝੂਠੀ ਕਾਂਗਿਆਂਰੀ, ਭੂਰੇ ਧੱਬਿਆਂ ਦਾ ਰੋਗ, ਭੁਰੜ ਰੋਗ ਅਤੇ ਮੁੱਢਾਂ ਦਾ ਗਾਲਾ ਕਈ ਨਦੀਨਾਂ ਨੂੰ ਵੀ ਲੱਗਦਾ ਹੈ। ਇਸ ਲਈ ਨਦੀਨਾਂ ਦੀ ਰੋਕਥਾਮ ਸਮੇਂ ਸਿਰ ਕਰਨੀ ਬਹੁਤ ਜਰੂਰੀ ਹੈ।

ਖੇਤ ਦੀ ਨਿਗਰਾਨੀ ਰੱਖਣਾ : ਬਿਮਾਰੀਆਂ ਪਹਿਲਾ ਕੁਝ ਪੌਦਿਆਂ ਨੂੰ ਹੀ ਲੱਗਦੀਆਂ ਹਨ ਅਤੇ ਬਾਅਦ ਵਿੱਚ ਫੈਲਦੀਆਂ ਹਨ ।ਇਸ ਕਰਕੇ ਸਮੇਂ-ਸਮੇਂ ਸਿਰ ਫਸਲ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਜਦੋਂ ਵੀ ਬਿਮਾਰੀ ਕਿਸੇ ਜਗ੍ਹਾ ਤੇ ਨਜਰ ਆਵੇ ਉਦੋਂ ਹੀ ਰੋਕਥਾਮ ਕਰਕੇ ਇਸ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕਦਾ ਹੈ । ਕਈ ਵਾਰੀ ਪਨੀਰੀ ਵਿੱਚ ਵੀ ਕੁਝ ਬਿਮਾਰੀਆਂ ਨਜਰ ਆਉਂਦੀਆਂ ਹਨ । ਉਨ੍ਹਾਂ ਦੀ ਰੋਕਥਾਮ ਪਨੀਰੀ ਵਿੱਚ ਹੀ ਕੀਤੀ ਜਾ ਸਕਦੀ ਹੈ । ਝੋਨੇ ਦੀਆਂ ਜ਼ਿਆਦਾ ਬਿਮਾਰੀਆਂ ਬੂਟਿਆਂ ਦੇ ਜਾੜ ਮਾਰਨ ਸਮੇਂ ਜਾਂ ਗੋਭ ਦੇ ਸਮੇਂ ਸ਼ੁਰੂ ਹੁੰਦੀਆਂ ਹਨ । ਇਸ ਕਰਕੇ ਇਸ ਸਮੇਂ ਚੰਗੀ ਤਰ੍ਹਾਂ ਨਿਗਰਾਨੀ ਕਰਨੀ ਚਾਹੀਦੀ ਹੈ।

ਰਸਾਇਣਾਂ ਦੇ ਛਿੜਕਾਅ ਲਈ ਪਾਣੀ ਦੀ ਸਹੀ ਮਿਕਦਾਰ : ਪੰਜਾਬ ਵਿੱਚ ਝੋਨੇ ਨੂੰ ਲੱਗਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕੀਟਨਾਸ਼ਕ ਉਤੇ ਉਲੀਨਾਸ਼ਕ ਰਸਾਇਣਾਂ ਸਾਰਣੀ 1 ਅਤੇ 2 ਵਿੱਚ ਦਿੱਤੇ ਗਏ ਹਨ। ਕੀਟਨਾਸ਼ਕਾਂ ਨੂੰ 100 ਲਿਟਰ ਪਾਣੀ’ਚ ਅਤੇ ਉਲੀਨਾਸ਼ਕਾਂ ਨੂੰ 200 ਲਿਟਰ ਪਾਣੀ ‘ਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਸੰਪਰਕ: 94637-47280

Share this Article
Leave a comment