ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਇਸ ਵਾਰ ਉਹ ਆਪਣੇ ਬਿਆਨਾਂ ਕਰਕੇ ਨਹੀਂ ਸਗੋਂ ਆਪਣੀ ਕਮਾਈ ਕਰਕੇ ਸੁਰਖੀਆਂ ‘ਚ ਹਨ। ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਉਹ ਨਿੱਜੀ ਤੌਰ ‘ਤੇ ਲੱਖਾਂ ਡਾਲਰ ਕਮਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਡੋਨਾਲਡ ਟਰੰਪ ਦੇ ਸਮਰਥਕਾਂ ਨੂੰ ਫੋਟੋ ਖਿਚਵਾਉਣ ਅਤੇ ਇਕੱਠੇ ਚਾਹ ਪੀਣ ਲਈ ਹਜ਼ਾਰਾਂ ਡਾਲਰ ਆਪਣੀ ਜੇਬ ‘ਚੋਂ ਕੱਢਣੇ ਪਏ। ਰਿਪੋਰਟ ਮੁਤਾਬਕ ਡੋਨਾਲਡ ਟਰੰਪ ਦੇ ਨਾਲ ਚਾਹ ਪੀਣ ਲਈ 37 ਲੱਖ ਰੁਪਏ ਤੱਕ ਖਰਚ ਕਰਨੇ ਪਏ ਹਨ। ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਨਾਲ ਫੋਟੋ ਖਿਚਵਾਉਣ ਲਈ 22 ਲੱਖ ਰੁਪਏ ਤੱਕ ਲੱਗਦੇ ਹਨ।
ਡੋਨਾਲਡ ਟਰੰਪ ਲਈ ਆਯੋਜਿਤ ਇਸ ਫੰਡ ਰੇਜ਼ਿੰਗ ਪ੍ਰੋਗਰਾਮ ਤੋਂ ਪ੍ਰਾਪਤ ਪੈਸਾ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਜਾਂਦਾ ਹੈ। ਇਨ੍ਹਾਂ ਪ੍ਰੋਗਰਾਮਾਂ ਦਾ ਉਸ ਦੀ ਰਿਪਬਲਿਕਨ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਧਿਆਨ ਯੋਗ ਹੈ ਕਿ ਟਰੰਪ ਨੇ ਕੌਫੀ ਟੇਬਲ ਬੁੱਕ ਤੋਂ ਪਿਛਲੇ ਇੱਕ ਸਾਲ ਦੌਰਾਨ 506 ਕਰੋੜ ਰੁਪਏ ਕਮਾਏ ਹਨ। ਹਾਲਾਂਕਿ, ਨਿੱਜੀ ਸਮਾਗਮਾਂ ਰਾਹੀਂ ਪੈਸਾ ਕਮਾਉਣ ਦੀ ਦੌੜ ਵਿੱਚ ਸਿਰਫ਼ ਟਰੰਪ ਹੀ ਨਹੀਂ, ਹੋਰ ਸਾਬਕਾ ਰਾਸ਼ਟਰਪਤੀਆਂ ਨੇ ਵੀ ਪੈਸਾ ਕਮਾਇਆ ਹੈ। ਇਨ੍ਹਾਂ ਵਿੱਚ ਬਰਾਕ ਓਬਾਮਾ, ਬਿਲ ਕਲਿੰਟਨ ਅਤੇ ਜਾਰਜ ਡਬਲਿਊ ਬੁਸ਼ ਸ਼ਾਮਲ ਹਨ। ਬਰਾਕ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ 489 ਕਰੋੜ ਰੁਪਏ ‘ਚ ਬੁੱਕ ਡੀਲ ਕੀਤੀ ਸੀ। ਇਸ ਦੇ ਨਾਲ ਹੀ ਬਿਲ ਅਤੇ ਹਿਲੇਰੀ ਕਲਿੰਟਨ ਭਾਸ਼ਣਾਂ ਤੋਂ ਪੈਸਾ ਕਮਾਉਂਦੇ ਹਨ।
ਅਜਿਹਾ ਨਹੀਂ ਹੈ ਕਿ ਡੋਨਾਲਡ ਟਰੰਪ ਕੋਲ ਸਿਰਫ ਕਮਾਈ ਦਾ ਇਹ ਸਾਧਨ ਹੈ। ਉਹ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਇੱਕ ਸਫਲ ਕਾਰੋਬਾਰੀ ਅਤੇ ਬਹੁਤ ਅਮੀਰ ਵਿਅਕਤੀ ਹਨ।