ਬਿਆਸ : ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਕੌਰ ਢਿੱਲੋਂ ਦਾ ਇੰਗਲੈਂਡ ਦੇ ਬੈਡਫੋਰਡ ਹਸਪਤਾਲ ‘ਚ ਬੀਤੇ ਦਿਨੀਂ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਪਰ ਸ਼ਬਨਮ ਕੌਰ ਢਿੱਲੋਂ ਦੇ ਅੰਤਿਮ ਸਸਕਾਰ ਬਾਰੇ ਅਜੇ ਤੱਕ ਸਸਪੈਂਸ ਬਣਿਆ ਹੋਇਆ ਹੈ। ਹੁਣ ਜੇਕਰ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਅੰਤਿਮ ਸਸਕਾਰ 4 ਦਸੰਬਰ ਨੂੰ ਡੇਰਾ ਬਿਆਸ ‘ਚ ਹੀ ਕੀਤਾ ਜਾ ਰਿਹਾ ਹੈ। ਸੂਤਰਾਂ ਵੱਲੋਂ ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਨ ਹਿੱਤ ਸਮਝਿਆ ਜਾ ਰਿਹਾ ਹੈ।
ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਗੁਰਿੰਦਰ ਸਿੰਘ ਨੇ ਦਿੱਲੀ ਸਮੇਤ ਹੋਰ ਥਾਵਾਂ ‘ਤੇ ਹੋਣ ਵਾਲੇ ਸਤਿਸੰਗ ਸਮਾਗਮਾਂ ਨੂੰ ਬਰਕਰਾਰ ਰੱਖਿਆ ਹੈ, ਕੋਈ ਵੀ ਸਮਾਗਮ ਰੱਦ ਨਹੀਂ ਕੀਤਾ ਗਿਆ। ਜਾਣਕਾਰੀ ਇਹ ਵੀ ਹੈ ਕਿ ਡੇਰਾ ਪ੍ਰਬੰਧਕਾਂ ਵਲੋਂ ਡੇਰਾ ਸਮਰਥਕਾਂ ਤੇ ਸੇਵਾਦਾਰਾਂ ਨੂੰ 3 ਤੇ 4 ਦਸੰਬਰ ਨੂੰ ਡੇਰਾ ਬਿਆਸ ਪੁੱਜਣ ਲਈ ਕਿਹਾ ਗਿਆ ਹੈ ਕਿਉਂਕਿ ਉਸ ਦਿਨ ਸਸਕਾਰ ਮੌਕੇ ਸੇਵਾਦਾਰਾਂ ਦੀ ਲੋੜ ਸਮਝੀ ਜਾ ਰਹੀ ਹੈ। ਦੱਸ ਦਈਏ ਕਿ ਡੇਰਾ ਮੁਖੀ ਦੀ ਪਤਨੀ ਸ਼ਬਨਮ ਕੌਰ ਢਿੱਲੋਂ ਦੀ ਮੌਤ ‘ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਦੁੱਖ ਪ੍ਰਗਟ ਕੀਤਾ ਸੀ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਸ਼ਬਨਮ ਢਿੱਲੋਂ ਨੂੰ ਨਰਮ ਦਿਲ ਇਨਸਾਨ ਦੱਸਿਆ ਸੀ।