ਕਾਂਗਰਸ ਨੇ ਪੰਜਾਬ ਇਕਾਈ ‘ਚ ਤਬਦੀਲੀਆਂ ਲਿਆ ਕੇ ਮੰਨਿਆ ਸਰਕਾਰ ਪੰਜਾਬੀਆਂ ਲਈ ਹੋਈ ਫੇਲ੍ਹ : ਅਕਾਲੀ ਦਲ

TeamGlobalPunjab
6 Min Read

 ਕਾਂਗਰਸ ਨੇ ਸਿੱਧੂ ਨੁੰ ਸਿਖ਼ਰਲੀ ਕੁਰਸੀ ਲਈ ਅੱਗੇ ਲਿਆ ਕੇ ਪੰਜਾਬੀਆਂ ਨਾਲ ਧੋਖਾ ਕਰਨ ਦੀ ਚਾਲ ਚੱਲੀ : ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਆਪਣੀ ਪੰਜਾਬ ਇਕਾਈ ਵਿਚ ਤਬਦੀਲੀ ਲਿਆ ਕੇ ਪਹਿਲਾਂ ਹੀ ਮੰਨ ਲਿਆ ਹੈ ਕਿ ਇਸਦੀ ਸਰਕਾਰ ਪੰਜਾਬੀਆਂ ਲਈ ਫੇਲ੍ਹ ਸਾਬਤ ਹੋਈ ਹੈ ਤੇ ਹੁਣ ਇਹ ਤਬਦੀਲੀਆਂ ਦੀ ਬਦੌਲਤ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਧੋਣਾ ਚਾਹੁੰਦੀ ਹੈ।

ਪਾਰਟੀ ਨੇ ਕਿਹਾ ਕਿ ਇਹ ਉਸੇ ਤਰੀਕੇ ਲੋਕਾਂ ਨਾਲ ਇਕ ਹੋਰ ਧੋਖਾ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਪੰਜਾਬੀਆਂ ਨਾਲ ਕੀਤਾ ਸੀ। ਪੰਜਾਬੀਆਂ ਨੇ ਹੁਣ ਕਾਂਗਰਸ ਦਾ ਧੋਖਾ ਸਮਝ ਲਿਆ ਹੈ ਤੇ ਉਹ ਦੁਬਾਰਾ ਇਸਦੀ ਚਾਲ ਵਿਚ ਫਸਣ ਵਾਲੇ ਨਹੀਂ ਹਨ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੇ ਪਾਰਟੀ ਹਾਈ ਕਮਾਂਡ ਨੂੰ ਦੱਸਿਆ ਹੈ ਕਿ ਉਹ ਪਿੰਡਾਂ ਵਿਚ ਵੜ੍ਹਨ ਜੋਗੇ ਨਹੀਂ ਰਹੇ ਕਿਉਂਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਹਾਈ ਕਮਾਂਡ ਨੇ 18 ਨੁਕਾਤੀ ਏਜੰਡਾ ਮੁੱਖ ਮੰਤਰੀ ਨੂੰ ਸੌਂਪ ਕੇ ਇਹ ਅਸਫਲਤਾ ਆਪ ਮੰਨ ਲਈ। ਨਾਲ ਹੀ ਉਸਨੇ ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਲਗਾ ਦਿੱਤਾਤਾਂ ਜੋ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੀ ਠੀਕਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਭੰਨਿਆ ਜਾ ਸਕੇ।

- Advertisement -

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਕੋਝੀਆਂ ਸਿਆਸੀ ਚਾਲਾਂ ਵਿਚ ਹੁਣ ਪੰਜਾਬੀ ਫਸਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਨਵਜੋਤ ਸਿੱਧੂ ਹਿੱਸਾ ਹਨ। ਉਹਨਾਂ ਕਿਹਾ ਕਿ ਸਿੱਧੂ ਸਰਕਾਰ ਦੇ ਅੱਧੇ ਕਾਰਜਕਾਲ ਦੌਰਾਨ ਇਸ ਵਿਚ ਮੰਤਰੀ ਸਨ। ਉਹਨਾਂ ਕਿਹਾ ਕਿ ਪਹਿਲਾਂ ਉਹ ਆਪ ਮੰਨਣ ਕਿ ਉਹ ਲੋਕਾਂ ਦੀ ਭਲਾਈ ਵਾਸਤੇ ਕੁਝ ਵੀ ਕਰਨ ਵਿਚ ਨਾਕਾਮ ਹੋਏ ਹਨ।

ਉਹਨਾਂ ਕਿਹਾ ਕਿ ਨਾਲ ਹੀ ਸਿੱਧੂ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਦੀ ਸਰਕਾਰ ਤੇ ਪਾਰਟੀ ਵੱਲੋਂ ਕਿਸਾਨਾਂ ਨਾਲ ਕੀਤੇ 85 ਹਜ਼ਾਰ ਕਰੋੜ ਰੁਪਏ ਦੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਉਹ ਕਦੋਂ ਪੂਰਾ ਕਰਵਾਉਣਗੇ। ਉਹਨਾਂ ਕਿਹਾ ਕਿ ਉਹ ਇਹ ਵੀ ਦੱਸਣ ਕਿ ਉਹ ਨੌਜਵਾਨਾਂ ਨੁੰ 25 ਲੱਖ ਨੌਕਰੀਆਂ ਕਦੋਂ ਤੱਕ ਦੁਆਉਣਗੇ ਤੇ ਉਹ ਸੂਬੇ ਵਿਚੋਂ ਨਸ਼ਾ ਖਤਮ ਕਰਨ ਦੀ ਇਕ ਤਾਰੀਕ ਵੀ ਤੈਅ ਕਰ ਦੇਣ ਕਿਉਂਕਿ ਕਾਂਗਰਸ ਰਾਜ ਵਿਚ ਨਸ਼ਾ ਚਾਰ ਗੁਣਾ ਵੱਧ ਗਿਆ ਹੈ ਤੇ ਉਹ ਇਹ ਵੀ ਦੱਸਣ ਕਿ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਕਦੋਂ ਮਿਲੇਗੀ ਤੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਕਦੋਂ ਤੱਕ ਮੰਨੀਆਂ ਜਾਣਗੀਆਂ।

ਡਾ. ਚੀਮਾ ਨੇ ਕਿਹਾ ਕਿ ਸਿੱਧੂ ਨੁੰ ਜਨਤਕ ਜੀਵਨ ਵਿਚ ਪਾਰਦਰਸ਼ਤਾ ਬਾਰੇ ਗੱਲ ਕਰਨ ਦਾ ਬਹੁਤ ਚਾਅ ਹੈ ਪਰ ਉਹਨਾਂ ਦੇ ਪ੍ਰਮੁੱਖ ਸਮਰਥਕਾਂ ਵਿਚ ਰੇਤ ਤੇ ਸ਼ਰਾਬ ਮਾਫੀਆ ਦੇ ਸਰਗਨੇਸ਼ਾਮਲ ਹਨ ਜਿਹਨਾਂ ਵਿਚ ਦਰਸ਼ਨ ਬਰਾੜ, ਕੁਲਬੀਰ ਜ਼ੀਰਾ ਤੇ ਮਦਨ ਲਾਲ ਜਲਾਲਪੁਰ ਵਰਗੇ ਸ਼ਾਮਲ ਹਨ।

ਅਕਾਲੀ ਦਲ ਦੇ ਆਗੂ ਨੇ ਸਿੱਧੂ ਨੂੰ ਇਹ ਵੀ ਕਿਹਾ ਕਿ ਕੀ ਉਹ ਮੁੱਖ ਮੰਤਰੀ ਨੂੰ ਆਖਣਗੇ ਕਿ ਦਰਸ਼ਨ ਸਿੰਘ ਬਰਾੜ ਵੱਲੋਂ ਮੁਕੇਰੀਆਂ ਵਿਚ ਜੰਗਲਾਤ ਦੀ ਥਾਂ ’ਤੇ ਗੈਰ ਕਾਨੁੰਨੀ ਸਟੋਨ ਕ੍ਰਸ਼ਰ ਲਗਾਉਣ ਅਤੇ ਉਸਨੁੰ ਲਗਾਏ ਗਏ ਡੇਢ ਕਰੋੜ ਰੁਪਏ ਜੁਰਮਾਨਾ ਵਸੂਲਣ ਲਈ ਉਸਦੇ ਖਿਲਾਫ ਕਾਰਵਾਈ ਕਰਨ । ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਤੋਂ ਦਰਸ਼ਨ ਬਰਾੜ ਤੁਹਾਡੇ ਸੋਹਲੇ ਗਾ ਰਿਹਾ ਹੈ, ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਤੁਸੀਂ ਪੰਜਾਬੀਆਂ ਦਾ ਸਾਥ ਦਿੰਦੇ ਹੋ ਅਤੇ ਮੁੱਖ ਮੰਤਰੀ ਨੂੰ ਉਸਦੇ ਖਿਲਾਫ ਕਾਰਵਾਈ ਕਰਨ ਵਾਸਤੇ ਕਹਿੰਦੇ ਹੋ ਜਾਂ ਫਿਰ ਰੇਤ ਮਾਫੀਆ ਦੀ ਪੁਸ਼ਤ ਪਨਾਹੀ ਕਰਦੇ ਹੋ।

ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸੀ ਆਗੂ ਕੱਲ੍ਹ ਉਸ ਦਿਨ ਸਿੱਧੂ ਨੁੰ ਪ੍ਰਧਾਨ ਬਣਾਏ ਜਾਣ ਦੇ ਜਸ਼ਨ ਮਨਾ ਰਹੇ ਸਨ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਾਜ ਦੀ ਬੇਅਦਬੀ ਦੇ ਚਾਰ ਦੋਸ਼ੀਆਂ ਨੁੰ ਸਿਰਫ ਇਸ ਕਰ ਕੇ ਜ਼ਮਾਨਤ ਮਿਲ ਗਈ ਕਿਉਂਕਿ ਕਾਂਗਰਸ ਸਰਕਾਰ ਨੇ ਕੇਸ ਦੀ ਸਹੀ ਪੈਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹੀ ਕਾਂਗਰਸ ਪਾਰਟੀ ਦਾ ਅਸਲ ਚੇਹਰਾ ਹੈ। ਉਹਨਾਂ ਨਾਲ ਹੀ ਕਿਹਾ ਕਿ ਕਾਂਗਰਸ ਪਾਰਟੀ ਬੇਅਦਬੀਆਂ ਦੇ ਦੋਸ਼ੀਆਂ ਨੁੰ ਫੜਨ ਦੀ ਥਾਂ ਇਸ ਮਾਮਲੇ ’ਤੇ ਸਿਰਫ ਰਾਜਨੀਤੀ ਕਰਨ ਵਿਚ ਦਿਲਚਸਪੀ ਰੱਖਦੀ ਹੈ।

- Advertisement -

ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੱਸੇ ਕਿ ਪੰਜਾਬੀਆਂ ਨੂੰ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ। ਉਹਨਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਹਾਂ ਨੇ ਪੰਜਾਬੀਆਂ ਨੁੰ ਧੋਖਾ ਦੇਣ ਲਈ ਰਲ ਕੇ ਕੰਮ ਕੀਤਾ ਹੈ। ਆਪ ਕਾਂਗਰਸ ਦੀ ਬੀ ਟੀਮ ਬਣ ਕੇ ਕੰਮ ਕਰਰਹੀ ਹੈ। ਇਕ ਪਾਸੇ ਇਹ ਪੰਜਾਬੀਆਂ ਦੇ ਭਲੇ ਵਾਸਤੇ ਕੰਮ ਕਰਨ ਦਾ ਦਾਅਵਾ ਕਰਦੀ ਹੈ ਜਦਕਿ ਅਸਲੀਅਤ ਵਿਚ ਇਹ ਪੰਜਾਬ ਵਿਰੋਧੀ ਏਜੰਡੇ ’ਤੇ ਚਲਦੀ ਹੈ, ਭਾਵੇਂ ਉਹ ਦਰਿਆਈ ਪਾਣੀਆਂ ਦਾ ਮਾਮਲਾ ਹੋਵੇ, ਪਰਾਲੀ ਸਾੜਨ ਜਾਂ ਫਿਰ ਪੰਜਾਬ ਦੇ ਚਾਰ ਥਰਮਲ ਪਲਾਂਟ ਜਬਰੀ ਬੰਦ ਕਰਵਾਉਣ ਦਾ ਹੀ ਕਿਉਂ ਨਾ ਹੋਵੇ।

ਡਾ. ਚੀਮਾ ਨੇ ਐਨ ਡੀ ਏ ਸਰਕਾਰ ਨੂੰ ਵੀ ਕਿਹਾ ਕਿ ਉਹ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੀ ਮੰਗ ਨੁੰ ਤਾਨਾਸ਼ਾਹੀ ਅੰਦਾਜ਼ ਵਿਚ ਨਾ ਠੁਕਰਾਵੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਖੇਤਰ ਵਿਚ ਦਖਲ ਦੇ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਰਹੀ ਹੈ ਤੇ ਹੁਣ ਇਸਨੇ ਸੰਸਦ ਵਿਚ ਨਵਾਂ ਖੇਤੀਬਾੜੀ ਸੋਧ ਬਿੱਲ ਲਿਆ ਕੇ ਸੂਬਿਆਂ ਦੀਆਂ ਬਿਜਲੀ ਕੰਪਨੀਆਂ ’ਤੇਕਬਜ਼ਾ ਕਰਨ ਦੀ ਵਿਉਂਤ ਬਣਾਈ ਹੈ।

Share this Article
Leave a comment