ਸਿੱਖ ਸੰਸਥਾਵਾਂ ਦੀ ਡਿਗਦੀ ਸਾਖ ਚਿੰਤਾ ਦਾ ਵਿਸ਼ਾ

TeamGlobalPunjab
5 Min Read

-ਇਕਬਾਲ ਸਿੰਘ ਲਾਲਪੁਰਾ

 

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ, ਸਭ ਤੋਂ ਸੁਰੱਖਿਅਤ ਐਸ ਜੀ ਪੀ ਸੀ ਦੇ ਪ੍ਰਬੰਧ ਹੇਠ, ਥਾਂ ਤੋਂ ਅੱਗੇ ਪਿੱਛੇ, ਚੋਰੀ ਜਾਂ ਗਾਇਬ ਹੋਣ ਨਾਲ, ਇਹ ਗੱਲ ਸਪਸ਼ਟ ਹੋ ਗਈ ਕਿ ਅੰਗਰੇਜ਼ਪ੍ਰਸਤ ਮਹੰਤਾਂ ਤੋਂ ਕੁਰਬਾਨੀਆਂ ਦੇ ਕੇ ਬਣਾਇਆ ਗੁਰਦੁਆਰਾ ਪ੍ਰਬੰਧ ਫੇਰ 1920 ਈ: ਵਾਲੇ ਹਾਲਾਤ ਵਿੱਚ ਪਹੁੰਚ ਗਿਆ ਲਗਦਾ ਹੈ।

ਗੁਰਦੁਆਰਾ ਪ੍ਰਬੰਧ ਅੰਦਰ ਦਾ ਇਹ ਸੱਚ ਉਦੋਂ ਉਜਾਗਰ ਹੋਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਨੇ ਇਹ ਮਾਮਲਾ ਇਕ ਸੇਵਾਮੁਕਤ ਹੋ ਰਹੇ ਕਰਮਚਾਰੀ ਦੇ ਸਿਰ ਮੜ੍ਹ ਕੇ ਸੁਰਖ਼ਰੂ ਹੋਣ ਦੀ ਕੋਸ਼ਿਸ਼ ਕੀਤੀ ਹੈ। ਨਹੀਂ ਤਾਂ ਸ਼ਾਇਦ ਕਿਸੇ ਨੂੰ ਪਤਾ ਵੀ ਨਾ ਚੱਲਦਾ।

- Advertisement -

ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਤਕਰੀਬਨ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਭ੍ਰਿਸ਼ਟਾਚਾਰ ਜਾਂ ਵਿਭਚਾਰ ਦੇ ਮਾਮਲੇ ਅਖ਼ਬਾਰਾਂ ਜਾਂ ਸ਼ੋਸ਼ਲ ਮੀਡੀਆ ਦੀਆ ਸੁਰਖ਼ੀਆਂ ਬਣਦੇ ਰਹਿੰਦੇ ਹਨ। ਪਰ ਅੱਜ ਤਕ ਸੁਧਾਰ ਲਈ ਯਤਨ ਕਿਧਰੇ ਨਜ਼ਰ ਨਹੀਂ ਆਉਂਦੇ।

ਪਿਛਲੇ 100 ਸਾਲ ਵਿੱਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਸ ਸੰਸਥਾ ਨੇ ਕੁਝ ਵੀ ਨਹੀਂ ਕੀਤਾ, ਸਗੋਂ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਗੁਰਦੁਆਰਾ ਸਾਹਿਬਾਨ ਨੂੰ ਰਾਜਨੀਤੀ ਦਾ ਅਖਾੜਾ ਬਣਾ ਕੇ ਅਰਦਾਸਾਂ ਤੋੜ ਕੇ ਝੂਠੇ ਮਰਜੀਵੜੇ ਬਣ ਕੇ ਇਸ ਦੀ ਸਾਖ ਨੂੰ ਖੋਰਾ ਹੀ ਲਾਇਆ ਹੈ।

ਪਿਛਲੇ 34 ਸਾਲਾਂ ਵਿੱਚ ਤਾਂ ਤਖਤਾਂ ਦੇ ਮੁਤਵਾਜੀ ਜਥੇਦਾਰ ਬਣਾ ਕੇ ਕੌਮ ਨੂੰ ਹੋਰ ਹੀ ਭੁਲੇਖਿਆਂ ਵਿੱਚ ਪਾਇਆ ਜਾ ਰਿਹਾ ਹੈ। ਕੌਣ ਅਸਲੀ ਹੈ ਤੇ ਕੌਣ ਨਕਲੀ? ਕਿਸ ਦੀ ਗੱਲ ਕੌਮ ਮੰਨੇ ਜਾਂ ਵਿਸ਼ਵਾਸ ਕਰੇ?

ਬਦਕਿਸਮਤੀ ਇਹ ਹੈ ਕਿ ਸਿੱਖ ਸਮਾਜ ਜਾਂ ਵੋਟਰਾਂ ਵੱਲੋਂ ਚੁਣੇ ਨੁਮਾਇੰਦੇ, ਇਸ ਕੁਪ੍ਰਬੰਧ ਨੂੰ ਰੋਕਣ ਦੀ ਥਾਂ, ਦੋਸ਼ੀਆਂ ਦੇ ਹਮਾਇਤੀ ਜਾਂ ਭਾਈਵਾਲ ਨਜ਼ਰ ਆਉਂਦੇ ਹਨ।

ਨਵੀਂ ਪੜਤਾਲੀਆ ਕਮੇਟੀ ਦੀ ਕਲਮ ਵੀ ਕਰਮਚਾਰੀਆਂ ‘ਤੇ ਆ ਕੇ ਰੁਕ ਗਈ ਹੈ। ਕਿਉਂ ਨਹੀਂ ਇਹ ਇਖਲਾਕੀ ਜ਼ੁਮੇਵਾਰੀ ਕਬੂਲ ਕੇ ਪ੍ਰਧਾਨ
ਸਮੇਤ ਪੂਰੀ ਕਾਰਜਕਾਰਨੀ ਅਸਤੀਫ਼ਾ ਦੇ ਕੇ ਮਿਆਦ ਪੂਰੀ ਕਰ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵੀਂਆਂ ਚੋਣਾਂ ਦੀ ਮੰਗ ਕਰਦੀ?

- Advertisement -

ਇਖ਼ਲਾਕ ਇਨ੍ਹਾਂ ਦਾ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੇ ਫੇਰ ਫੈਸਲਾ ਬਦਲ ਜਾਣ ‘ਤੇ ਵੀ ਨਹੀਂ ਸੀ ਜਾਗਿਆ। ਪਿਛਲੀਆਂ ਚੋਣਾਂ 2011 ਵਿੱਚ ਹੋਈਆਂ ਸਨ ਤੇ ਚੁਣੇ ਮੈਂਬਰ ਉਦੋਂ ਤੋਂ ਹੀ ਗੱਦੀਆਂ ‘ਤੇ ਬਿਰਾਜਮਾਨ ਹਨ। ਗੁਰਦੁਆਰਾ ਧਨ ਤੇ ਗੱਡੀਆਂ ਦੀਆ ਮੌਜਾਂ ਮਾਣ ਰਹੇ ਹਨ। ਇਸ ਦੀ ਮਿਆਦ 2016 ਵਿੱਚ ਪੂਰੀ ਹੋ ਗਈ ਹੈ ਤੇ ਨਵੀਂਆਂ ਚੋਣਾਂ ਕਈ ਸਾਲ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ।

ਜਥੇਦਾਰ ਸਾਹਿਬਾਨ ਦੇ ਫ਼ੈਸਲੇ ਵੀ ਬਹੁਤੀ ਵਾਰੀ ਵਿਵਾਦਗ੍ਰਸਤ ਜਾਂ ਰਾਜਨੀਤੀ ਤੋਂ ਪ੍ਰੇਰਿਤ ਹੀ ਰਹੇ ਹਨ। ਜੇਕਰ 1849 ਈ ਤੋਂ ਪਿੱਛੇ ਵੇਖੀਏ ਤਾਂ ਕੋਈ ਵੀ ਟਕਸਾਲ, ਡੇਰਾ, ਬਾਬਾ ਸਿੱਖ ਧਰਮ ਵਿੱਚ ਪ੍ਰਵਾਨਿਤ ਨਹੀਂ ਸਨ, ਕੇਵਲ ਉਦਾਸੀ , ਨਿਰਮਲੇ ਤੇ ਨਹਿੰਗ ਆਪਣੇ ਸ਼ੁਧ ਤੇ ਪਵਿੱਤਰ ਆਚਰਣ ਰਾਹੀਂ ਲੁਕਾਈ ਨੂੰ ਗੁਰਮਿਤ ਨਾਲ ਜੋੜਨ ਦਾ ਕੰਮ ਕਰਦੇ ਸਨ।

ਵੰਡ ਤੋਂ ਪਹਿਲਾਂ ਅੰਗਰੇਜ਼ ਸਰਕਾਰ ਦੀ ਸਿੱਖ ਧਰਮ ਨੂੰ ਖਤਮ ਕਰਨ ਵਾਲੀ ਨੀਤੀ ਅੱਗੇ ਸਿੰਘ ਸਭਾ ਲਹਿਰ ਖੜੀ ਹੋਈ ਸੀ, ਪਰ ਅੰਗਰੇਜ਼ ਨੇ ਚੀਫੀਆਂ ਰਾਹੀਂ ਇਹ ਵੀ ਮੱਠੀ ਪਾ ਜਾਂ ਖਤਮ ਕਰ ਦਿੱਤੀ ਸੀ। ਅੱਜ ਇਸਦਾ ਨਾਮ ਹੀ ਹੈ।

ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਨੌਜਵਾਨਾਂ ਤੇ ਬੀਬੀਆਂ ਨੇ ਗੁਰਮਿਤ ਨਾਲ ਜੁੜਨਾ ਹੁੰਦਾ ਹੈ, ਉਹ ਹੀ ਆਪਣੇ ਆਚਰਣ ਤੇ ਕੰਮਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚੋਂ ਦੂਰ ਹੁੰਦੇ ਜਾ ਰਹੇ ਹਨ ਜਾਂ ਹੋ ਚੁੱਕੇ ਹਨ। ਬਦਕਿਸਮਤੀ ਇਹ ਹੈ ਕਿ ਨਾ ਤਾਂ ਕੋਈ ਠਾਕੁਰ ਸਿੰਘ ਸੰਧਾਵਾਲ਼ੀਆ ਨਜ਼ਰ ਆਉਂਦਾ ਹੈ, ਨਾ ਸਰਦੂਲ ਸਿੰਘ ਕਵੀਸ਼ਰ, ਨਾ ਮਾਸਟਰ ਤਾਰਾ ਸਿੰਘ ਅਤੇ ਨਾ ਹੀ ਬਾਬਾ ਖੜਕ ਸਿੰਘ। ਸਿੱਖ ਕੌਮ ਲਈ ਜੱਸਾ ਸਿੰਘ ਆਹਲੂਵਾਲੀਆ ਤੇ ਕਪੂਰ ਸਿੰਘ ਵਰਗੇ ਆਗੂ ਬਣਨਾ ਤਾਂ ਦੂਰ ਦੀ ਗੱਲ ਹੈ।

ਵਿਦੇਸ਼ਾਂ ਵਿੱਚ ਵਸਦੇ ਸਿੱਖ ਆਸ ਦੀ ਕਿਰਨ ਜ਼ਰੂਰ ਹਨ, ਪਰ ਉੱਥੇ ਵੀ ਗੁਰਦੁਆਰਾ ਸਾਹਿਬਾਨ ਦੀ ਚੌਧਰ ਵਾਲੀ ਬਿਮਾਰੀ ਫੈਲਦੀ ਨਜ਼ਰ ਆ ਰਹੀ ਹੈ।

ਸਮੱਸਿਆ ਤੇ ਹਾਲਾਤ ਚਿੰਤਾ ਦਾ ਵਿਸ਼ਾ ਜ਼ਰੂਰ ਹਨ ਪਰ ਲਾਇਲਾਜ ਨਹੀਂ, ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਪਰਚਾ ਸ਼ਬਦ ਕਾ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ, ਦੀ ਗੱਲ ਦਿਲ ਵਿੱਚ ਵਸਾ ਕੇ, ਇਕੱਲੇ ਇਕੱਲੇ ਸਿੱਖ ਜਾਂ ਸੰਸਥਾਵਾਂ ਦੇ ਕੰਮ ਨੂੰ ਜਥੇਬੰਦ ਕਰਨ ਦੀ। ਪਰ ਇਸ ਲਈ ਨਿਸਵਾਰਥ ਹੋ ਕੇ ਮਿਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। (ਉਪਰੋਕਤ ਲੇਖਕ ਦੇ ਨਿਜੀ ਵਿਚਾਰ ਹਨ)

ਸੰਪਰਕ: 9780003333

Share this Article
Leave a comment