ਧੀਆਂ ਨੂੰ ਮਰਜ਼ੀ ਦਾ ਅਧਿਕਾਰ ਨਹੀਂ !

Rajneet Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਪੰਜਾਬ ‘ਚ ਦੋ ਵੱਖੋ ਵੱਖਰੀਆਂ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਵਿਚ ਮਲੇਰਕੋਟਲਾ ਦੇ ਪਿੰਡ ਦੀ ਇਕ ਨਾਬਾਲਗ ਕੁੜੀ ਇਸ ਕਰਕੇ ਖੁਦਕੁਸ਼ੀ ਕਰ ਗਈ ਕਿ ਇਕ ਨੌਜਵਾਨ ਲਗਾਤਾਰ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ।ਦੂਜੇ ਮਾਮਲੇ ਵਿੱਚ ਬਠਿੰਡਾ ਦੇ ਇਕ ਪਿੰਡ ਦੀ ਕੁੜੀ ਅਤੇ ਉਸ ਦੇ ਪਤੀ ਦਾ ਕੁੜੀ ਦੇ ਮਾਪਿਆਂ ਨੇ ਹੀ ਕਤਲ ਕਰ ਦਿਤਾ ਕਿਉਂ ਜੋ ਕੁੜੀ ਨੇ ਆਪਣੀ ਮਰਜੀ ਨਾਲ ਵਿਆਹ ਕਰਵਾ ਲਿਆ ਸੀ।

ਮਲੇਰਕੋਟਲਾ ਦੇ ਪਿੰਡ ਬਰਕਤਪੁਰਾ ਦੀ ਮਹਿਲਾ ਸਰਪੰਚ ਦੀ 16 ਸਾਲਾ ਗਿਆਰਵੀਂ ਕਲਾਸ ਵਿੱਚ ਪੜਦੀ ਕੁੜੀ ਜਦੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਦਾਦੀ ਦੀ ਝੋਲੀ ਵਿੱਚ ਜਾ ਡਿੱਗੀ ਤਾਂ ਮਾਪਿਆਂ ਦੀਆਂ ਭੁੱਬਾਂ ਨਿਕਲ ਗਈਆਂ । ਉਸ ਕੁੜੀ ਦਾ ਬਾਪ ਪਹਿਲਾਂ ਸਰਪੰਚ ਅਤੇ ਹੁਣ ਮਾਂ ਸਰਪੰਚ ਹੈ ਪਰ ਆਪਣੀ ਕੁੜੀ ਨਹੀਂ ਬਚਾ ਸਕੇ। ਕੁੜੀ ਦਾ ਕਸੂਰ ਕੀ ਸੀ? ਉਹ ਕੁੜੀ ਪੜਾਈ ਕਰਕੇ ਵਿਦੇਸ਼ ਜਾਣ ਦੇ ਸੁਪਨੇ ਲੈ ਰਹੀ ਸੀ! ਕੁੜੀ ਨੇ ਆਪਣੀ ਪ੍ਰੇਸ਼ਾਨੀ ਬਾਰੇ ਆਪਣੇ ਮਾਪਿਆਂ ਨੂੰ  ਦੱਸਿਆ । ਮਾਪਿਆਂ ਨੇ ਪ੍ਰੇਸ਼ਾਨ ਕਰਨ ਵਾਲੇ ਲੜਕੇ ਦੇ ਘਰ ਜਾਕੇ ਗੱਲ ਵੀ ਕੀਤੀ ਪਰ ਕੁੜੀ ਦਾ ਮਾਮਲਾ ਕਰਕੇ ਮਾਪਿਆਂ ਨੇ ਝਗੜਾ ਨਾ ਵਧਾਉਣ ਵਿਚ ਹੀ ਬੇਹਤਰੀ ਸਮਝੀ। ਜੇਕਰ ਉਸ ਵੇਲੇ ਗੰਭੀਰਤਾ ਨਾਲ ਲੈਂਦੇ ਤਾਂ ਸ਼ਾਇਦ ਆਪਣੀ ਕੁੜੀ ਬਚਾ ਲੈਂਦੇ। ਉਸ ਕੁੜੀ ਦਾ ਬਾਪ ਹੁਣ ਆਖ ਰਿਹਾ ਹੈ ਕਿ ਸਾਡਾ ਸਾਰਾ ਕੁਝ ਤਬਾਹ ਹੋ ਗਿਆ। ਕੁੜੀ ਸਕੂਟਰੀ ਉੱਪਰ ਮਲੇਰਕੋਟਲਾ ਦੇ ਸਕੂਲ ਤੋਂ ਆਈ ਅਤੇ ਘਰ ਅੰਦਰ ਜਾ ਕੇ ਜ਼ਹਿਰ ਖਾ ਲਈ। ਉਸ ਬਾਅਦ ਘਰ ਬਾਹਰ ਬੈਠੀ ਦਾਦੀ ਦੀ ਝੋਲੀ ਜਾ ਡਿੱਗੀ । ਉਸ ਨੂੰ ਪਹਿਲਾਂ ਮਲੇਰਕੋਟਲਾ ਅਤੇ ਫਿਰ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਗਏ ਪਰ ਬਚਾ ਨਾ ਸਕੇ। ਪੁਲਿਸ ਨੇ ਕੇਸ ਦਰਜ ਕਰਕੇ ਲੜਕਾ ਗ੍ਰਿਫਤਾਰ ਵੀ ਕਰ ਲਿਆ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਸਾਡੀਆਂ ਧੀਆਂ ਐਨੀਆਂ ਅਸੁਰੱਖਿਅਤ ਹਨ ਕਿ ਖੁਦਕੁਸ਼ੀ ਲਈ ਮਜਬੂਰ ਹੋਣਾ ਪਏ।

ਬਠਿੰਡਾ ਦੀ ਮੰਦਭਾਗੀ ਘਟਨਾ ਵਿੱਚ ਪਰਿਵਾਰ ਵਾਲਿਆਂ ਨੇ ਹੀ ਆਪਣੀ ਲੜਕੀ ਅਤੇ ਜਵਾਈ ਦਾ ਕਤਲ ਕਰ ਦਿਤਾ। ਕੁੜੀ ਨੇ ਕੁਝ ਸਾਲ ਪਹਿਲਾਂ ਆਪਣੀ ਮਰਜੀ ਨਾਲ ਵਿਆਹ ਕਰਵਾਇਆ ਸੀ ਅਤੇ ਸ਼ਹਿਰ ਵਿਚ ਰਹਿ ਰਹੇ ਸਨ ! ਘਰ ਵਾਲਿਆ ਨੇ ਸਾਜਿਸ਼ ਨਾਲ ਪਿੰਡ ਸੱਦਿਆ ਅਤੇ ਦੋਹਾਂ ਦਾ ਕਤਲ ਕਰ ਦਿੱਤਾ। ਪੰਜਾਬੀਆਂ ਦੇ ਅਣਖ ਲਈ ਕਤਲ ਨੇ ਕਈ ਪਰਿਵਾਰ ਬਰਬਾਦ ਕਰ ਦਿੱਤੇ। ਕੀ ਸਦੀਆਂ ਬੀਤ ਜਾਣ ਬਾਅਦ ਵੀ ਪੰਜਾਬੀਆਂ ਨੇ ਬਾਬਾ ਨਾਨਕ ਦੇ ਔਰਤਾਂ ਬਾਰੇ ਸਮਾਜ ਵਿਚ ਸਤਿਕਾਰਤ ਸਥਾਨ ਦੇ ਸੁਨੇਹੇ ਨੂੰ ਬਹੁਤ ਘੱਟ ਅਮਲ ਵਿਚ ਲਿਆਂਦਾ ਹੈ। ਪੰਜਾਬ ਸੰਤਾਂ ਅਤੇ ਗੁਰੂਆ ਦੀ ਧਰਤੀ ਹੈ ਪਰ ਅੱਜ ਵੀ ਇਥੇ ਅਣਖ ਖਾਤਰ ਕਤਲ ਹੋ ਰਹੇ ਹਨ। ਪੰਜਾਬੀ ਆਪਣੇ ਬੱਚਿਆਂ ਦੇ ਭਵਿਖ ਲਈ ਦੁਨੀਆਂ ਭਰ ਵਿਚ ਦੌੜ ਰਹੇ ਹਨ ਪਰ ਧੀਆਂ ਲਈ ਸੁਰਖਿਅਤ ਮਾਹੌਲ ਨਹੀਂ ਦੇ ਸਕੇ। ਸੜਕਾਂ ਉੱਪਰ ਜਾਂਦੀਆਂ ਕੁੜੀਆਂ ਦੀ ਸੁਰੱਖਿਆ ਕੌਣ ਕਰੇਗਾ , ਜੇਕਰ ਆਪਣੇ ਹੀ ਪਿੰਡ ਅਤੇ ਮਾਪਿਆਂ ਦੇ ਘਰ ਵਿਚ ਵੀ ਅਸੁਰਖਿਅਤ ਹਨ। ਸਾਡੇ ਸਮਾਜ ਦੇ ਮੱਥੇ ਉਪਰ ਕਲੰਕ ਹੈ। ਸਮਾਜ ਅਤੇ ਸਰਕਾਰਾਂ ਉੁਪਰ ਧੀਆਂ ਦੇ ਕਤਲ ਵੱਡਾ ਸਵਾਲ ਖੜਾ ਕਰ ਰਹੇ ਹਨ।

- Advertisement -

Share this Article
Leave a comment