ਅਮਰੀਕੀ ਰਾਸ਼ਟਰਪਤੀ ਟਰੰਪ ਨੇ WHO ਨੂੰ ਦਿੱਤੀ ਜਾਂਦੀ ਫੰਡਿਗ ‘ਤੇ ਰੋਕ ਲਗਾਉਣ ਦੀ ਦਿੱਤੀ ਧਮਕੀ

TeamGlobalPunjab
3 Min Read

ਵਾਸ਼ਿੰਗਟਨ : ਅਮਰੀਕਾ ‘ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ‘ਚ ਅਮਰੀਕਾ ਵਿੱਚ 2000 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ‘ਚ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (WHO) ‘ਤੇ ਇੱਕ ਵਾਰ ਫਿਰ ਤੋਂ ਗੰਭੀਰ ਦੋਸ਼ ਲਗਾਏ ਹਨ। ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ, ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਂਦੇ ਫੰਡ ‘ਤੇ ਰੋਕ ਲਗਾਏਗਾ। ਇਸ ਦੇ ਨਾਲ ਹੀ ਟਰੰਪ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ’ਚ ਵਿਸ਼ਵ ਸਿਹਤ ਸੰਗਠਨ (WHO) ਦੀ ਤਿੱਖੀ ਆਲੋਚਨਾ ਵੀ ਕੀਤੀ ਤੇ ਕਿਹਾ ਕਿ WHO ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਚੀਨ ‘ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਹੈ ਤੇ ਚੀਨ ਦਾ ਪੱਖ ਵੀ ਲਿਆ ਹੈ।

ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਅਸੀਂ ਡਬਲਯੂਐਚਓ ‘ਤੇ ਖਰਚ ਕੀਤੀ ਜਾਣ ਵਾਲੀ ਰਕਮ ‘ਤੇ ਰੋਕ ਲਗਾਉਣ ਜਾ ਰਹੇ ਹਾਂ। ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਨੂੰ ਅਮਰੀਕਾ ਤੋਂ ਵੱਡੇ ਪੱਧਰ ‘ਤੇ ਧਨ ਰਾਸ਼ੀ ਫੰਡਿਗ ਦੇ ਤੌਰ ‘ਤੇ ਮਿਲਦੀ ਹੈ। ਅਸੀਂ ਇਸ ‘ਤੇ ਬਹੁਤ ਪ੍ਰਭਾਵਸ਼ਾਲੀ ਰੋਕ ਲਗਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦਾ ਚੀਨ ਵੱਲ ਜ਼ਿਆਦਾ ਧਿਆਨ ਹੈ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਨੇ ਯਾਤਰਾ ਪਾਬੰਦੀ ਲਗਾਈ ਤਾਂ WHO ਉਸ ਨਾਲ ਸਹਿਮਤ ਨਹੀਂ ਹੋਏ ਤੇ ਉਸ ਦੀ ਆਲੋਚਨਾ ਕੀਤੀ, ਉਹ ਗਲਤ ਸਨ। WHO ਬਹੁਤ ਸਾਰੀਆਂ ਚੀਜ਼ਾਂ ਬਾਰੇ ਗਲਤ ਰਿਹਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਡਬਲਯੂਐਚਓ ਨੂੰ ਫੰਡ ਦੇਣ ਬਾਰੇ ਵਿਚਾਰ ਕਰੇਗਾ।

ਇਸ ਦੇ ਨਾਲ ਹੀ ਸੈਨੇਟ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਸੈਨੇਟਰ ਜਿਮ ਰਿਚ ਨੇ ਕੋਵਿਡ-19 ਨਾਲ ਨਜਿੱਠਣ ਲਈ ਡਬਲਯੂਐੱਚਓ ਵੱਲੋਂ ਚੁੱਕੇ ਗਏ ਕਦਮਾਂ ਦੀ ਸੁਤੰਤਰ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਡਬਲਯੂਐਚਓ ਨਾ ਸਿਰਫ ਅਮਰੀਕੀ ਲੋਕਾਂ ਲਈ ਅਸਫਲ ਰਿਹਾ, ਬਲਕਿ ਇਹ ਕੋਵਿਡ-19 ਨਾਲ ਨਜਿੱਠਣ ‘ਚ ਵਿਸ਼ਵ ਪੱਧਰ ‘ਤੇ ਵੀ ਅਸਫਲ ਰਿਹਾ ਹੈ।

ਦੱਸ ਦਈਏ ਕਿ ਅਮਰੀਕਾ ‘ਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਅਮਰੀਕਾ ਦਾ ਨਿਊਯਾਰਕ ਸ਼ਹਿਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੁਨੀਆ ਵਿੱਚ ਕੋਰੋੋਨਾ ਦੇ ਸੰਕਰਮਿਤ ਮਾਮਲੇ ਸਭ ਤੋਂ ਵੱਧ ਅਮਰੀਕਾ ਵਿੱਚ ਸਾਹਮਣੇ ਆਏ ਹਨ। ਇਟਲੀ, ਸਪੇਨ ਤੋਂ ਬਾਅਦ ਅਮਰੀਕਾ ਇਸ ਮਹਾਮਾਰੀ ਨਾਲ ਸਭ ਤੋੋਂ ਵੱਧ ਪ੍ਰਭਾਵਿਤ ਹੋਇਆ ਹੈ।

- Advertisement -

Share this Article
Leave a comment