ਵਰਲਡ ਡੈਸਕ: – ਨਾਰਵੇ ‘ਚ ਕੋਵਿਡ -19 ਐਂਟੀ ਐਸਟਰਾਜ਼ੇਨੇਕਾ ਟੀਕੇ ਦੀ ਸ਼ੁਰੂਆਤ ਤੋਂ ਬਾਅਦ ਖੂਨ ਦੇ ਜੰਮਣ ਦੇ ਗੰਭੀਰ ਕੇਸ ਆਉਣ ਤੋਂ ਬਾਅਦ ਆਇਰਲੈਂਡ ਦੇ ਸਿਹਤ ਅਧਿਕਾਰੀਆਂ ਨੇ ਬੀਤੇ ਐਤਵਾਰ ਨੂੰ ਟੀਕੇ ‘ਤੇ ਅਸਥਾਈ ਤੌਰ’ ਤੇ ਰੋਕ ਲਗਾ ਦਿੱਤੀ।
ਦੱਸ ਦਈਏ ਆਇਰਲੈਂਡ ਦੇ ਡਿਪਟੀ ਚੀਫ ਮੈਡੀਕਲ ਅਫਸਰ, ਡਾ ਰੋਨਨ ਗਲਿਨ ਨੇ ਕਿਹਾ ਕਿ ਐਸਟਰਾਜ਼ੇਨੇਕਾ ਟੀਕਾ ਲੱਗਣ ਤੋਂ ਬਾਅਦ ਬਾਲਗਾਂ ‘ਚ ਖੂਨ ਦੇ ਜੰਮ ਜਾਣ ਦੇ ਚਾਰ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਇਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ। ਗਲਿਨ ਨੇ ਕਿਹਾ ਕਿ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਟੀਕਾ ਤੇ ਇਨ੍ਹਾਂ ਮਾਮਲਿਆਂ ‘ਚ ਕੋਈ ਸੰਬੰਧ ਹੈ, ਪਰ ਇਹ ਪਾਬੰਦੀ ਸਾਵਧਾਨੀ ਦੇ ਉਪਾਅ ਵਜੋਂ ਲਗਾਈ ਗਈ ਹੈ।
ਲਗਭਗ 5 ਮਿਲੀਅਨ ਯੂਰਪੀਅਨ ਲੋਕਾਂ ਨੂੰ ਐਸਟਰਾਜ਼ੇਨੇਕਾ ਦਾ ਟੀਕਾ ਲਗਾਇਆ ਗਿਆ ਹੈ, ਜਿਨ੍ਹਾਂ ਚੋਂ 30 ਲੋਕਾਂ ਦੇ ਖੂਨ ਦੇ ਥੱਕੇ ਜੰਮਣ ਦਾ ਮਾਮਲਾ ਆਇਆ ਹੈ। ਸਾਵਧਾਨੀ ਵਜੋਂ ਡੈਨਮਾਰਕ, ਨਾਰਵੇ ਤੇ ਆਈਸਲੈਂਡ ਤੋਂ ਇਲਾਵਾ ਇਟਲੀ ਤੇ ਆਸਟਰੀਆ ਨੇ ਵੀ ਇਸ ਟੀਕੇ ਦੀ ਵਰਤੋਂ ਬੰਦ ਕਰ ਦਿੱਤੀ ਸੀ। ਉਧਰ ਐਸਟਰਾਜ਼ੇਨੇਕਾ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਖ਼ੁਦ ਟਰਾਇਲ ਦੌਰਾਨ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਸਬੰਧੀ ਡੂੰਘਾਈ ਨਾਲ ਅਧਿਐਨ ਕੀਤਾ ਹੈ ਤੇ ਇਹ ਸੁਰੱਖਿਅਤ ਹੈ।