ਦੁਬਈ ਦੇ ਕਰਾਊਨ ਪ੍ਰਿੰਸ ਨੇ 7 ਸਾਲਾ ਕੈਂਸਰ ਪੀੜਤ ਭਾਰਤੀ ਬੱਚੇ ਦੀ ਪੂਰੀ ਕੀਤੀ ਇੱਛਾ

TeamGlobalPunjab
3 Min Read

ਦੁਬਈ: ਕੈਂਸਰ ਨਾਲ ਲੜ ਰਹੇ ਸੱਤ ਸਾਲ ਦੇ ਭਾਰਤੀ ਬੱਚੇ ਦੀ ਖੁਸ਼ੀ ਦਾ ਉਸ ਸਮੇਂ ਠਿਕਾਣਾ ਨਹੀਂ ਰਿਹਾ ਜਦੋਂ ਦੁਬਈ ਦੇ ਪ੍ਰਿੰਸ ਸ਼ੇਖ ਹਮਦਾਨ ਨੇ ਦਿਲ ਨੂੰ ਛੂਹ ਲੈਣ ਵਾਲੀ ਪਹਿਲ ਕਰਦੇ ਹੋਏ ਆਪਣੇ ਇਸ ਫੈਨ ਨਾਲ ਮੁਲਾਕਾਤ ਕੀਤੀ। ਸ਼ੇਖ ਹਮਦਾਨ ਨੇ ਬੱਚੇ ਦੇ ਨਾਲ ਆਪਣੀ ਫੋਟੋ ਵੀ ਸੋਸ਼ਲ ਮੀਡਿਆ ਉੱਤੇ ਪੋਸਟ ਕੀਤੀ।

ਜਾਣਕਾਰੀ ਮੁਤਾਬਕ ਥਰਡ ਸਟੇਜ ਦੇ ਕੈਂਸਰ ਨਾਲ ਜੂਝ ਰਹੇ ਹੈਦਰਾਬਾਦ ਦੇ ਅਬਦੁੱਲਾ ਹੁਸੈਨ ਨੇ ਸੋਸ਼ਲ ਮੀਡੀਆ ਜ਼ਰੀਏ ਇੱਛਾ ਜਤਾਈ ਸੀ ਕਿ ਉਹ ਸ਼ੇਖ ਹਮਦਾਨ ਨੂੰ ਮਿਲਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਇੱਕ ਨਿਊਜ਼ ਚੈਨਲ ‘ਤੇ ਵੀ ਇਹ ਖਬਰ ਵਿਖਾਈ ਗਈ ਸੀ।

ਸ਼ੇਖ ਹਮਦਾਨ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਤੋਂ ਬਾਅਦ ਅਬਦੁੱਲਾ ਦੀ ਮਾਂ ਨੌਸ਼ੀਨ ਫਾਤਿਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਖੁਸ਼ੀ ਲਈ ਅਜਿਹਾ ਕਰਨ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਕਿਹਾ, ‘ਪ੍ਰਿੰਸ ਨਾਲ ਮੁਲਾਕਾਤ ਤੋਂ ਬਾਅਦ ਅਬਦੁੱਲਾ ਬਹੁਤ ਖੁਸ਼ ਹੈ। ਉਨ੍ਹਾਂ ਨੂੰ ਮਿਲਣਾ ਮੇਰੇ ਬੱਚੇ ਦੀ ਸਭ ਤੋਂ ਵੱਡੀ ਹਸਰਤ ਸੀ। ਅੱਲ੍ਹਾ ਦਾ ਸ਼ੁਕਰ ਹੈ ਕਿ ਉਸਦੀ ਹਸਰਤ ਪੂਰੀ ਹੋਈ।’

ਹਮਦਾਨ ਨੇ ਅਬਦੁੱਲਾ ਨਾਲ ਮੁਲਾਕਾਤ ਤੋਂ ਬਾਅਦ ਇੰਸਟਾਗਰਾਮ ‘ਤੇ ਇੱਕ ਤਸਵੀਰ ਪੋਸਟ ਕਰਕੇ ਲਿਖਿਆ ਸੀ, ‘ਅੱਜ ਇਸ ਬਹਾਦਰ ਮੁੰਡੇ ਨਾਲ ਮੁਲਾਕਾਤ ਹੋਈ।’

ਅਬਦੁੱਲੇ ਦੇ ਪਿਤਾ ਨੇ ਦੱਸਿਆ ਕਿ ਸ਼ੇਖ ਹਮਦਾਨ ਨੇ ਉਨ੍ਹਾਂ ਵੱਲੋਂ ਦਿੱਤੀ ਭੇਂਟ ਸਵੀਕਾਰ ਕੀਤੀ ਅਤੇ 15 ਮਿੰਟ ਦੀ ਮੁਲਾਕਾਤ ਵਿੱਚ ਪਰਿਵਾਰ ਨਾਲ ਤਸਵੀਰਾਂ ਖਿਚਵਾਈਆਂ। ਇਸ ਤੋਂ ਬਾਅਦ ਅਬਦੁੱਲਾ ਦੇ ਪਰਿਵਾਰ ਨੇ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਸ਼ੇਖ ਹਮਦਾਨ ਦੇ ਪਾਲਤੂ ਜਾਨਵਰਾਂ ਨਾਲ ਸਮਾਂ ਬਿਤਾਇਆ। ਨੌਸ਼ੀਨ ਨੇ ਦੱਸਿਆ ਕਿ ਅਬਦੁੱਲਾ ਨੂੰ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਤੋਂ ਸ਼ੇਖ ਹਮਦਾਨ ਵਾਰੇ ਪਤਾ ਚੱਲਿਆ ਸੀ ਅਤੇ ਬਾਅਦ ਵਿੱਚ, ਉਸ ਨੇ ਯੂਟਿਊਬ ‘ਤੇ ਜਨਵਰੀ ਵਿੱਚ ਪਹਿਲੀ ਵਾਰ ਸ਼ੇਖ ਹਮਦਾਨ ਦੀ ਵੀਡੀਓ ਵੇਖੀ ਸੀ।

Share this Article
Leave a comment