ਜੂਹੀ ਸ਼ੁਕੁਲਪੁਰ  ‘ਚ ਪਿੰਡ ਦੇ ਲੋਕਾਂ ਵਲੋਂ ਬਣਾਇਆ “ਕੋਰੋਨਾ ਮਾਤਾ’ ਮੰਦਿਰ ਕੀਤਾ ਢਹਿ ਢੇਰੀ , ਤਣਾਅ ਦੇ ਖ਼ਦਸ਼ੇ ਨੂੰ ਦੇਖਦਿਆਂ ਫੋਰਸ ਤਾਇਨਾਤ

TeamGlobalPunjab
2 Min Read

ਪ੍ਰਤਾਪਗੜ੍ਹ: ਕੋਰੋਨਾ ਦੀ ਮਾਰ ਤੋਂ ਬਚਣ ਲਈ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਸਾਂਗੀਪੁਰ ‘ਚ ਜੂਹੀ ਸ਼ੁਕੁਲਪੁਰ ਪਿੰਡ ਦੇ ਲੋਕਾਂ  ਨੇ ਇੱਕ “ਕੋਰੋਨਾ ਮਾਤਾ” ਮੰਦਿਰ ਬਣਾਇਆ ਸੀ। ਹਾਲਾਂਕਿ, 7 ਜੂਨ ਨੂੰ ਬਣਾਇਆ ਮੰਦਿਰ ਸ਼ੁੱਕਰਵਾਰ ਰਾਤ ਨੂੰ ਢਾਹ ਦਿਤਾ ਗਿਆ।ਪਿੰਡ ਵਾਸੀਆ ਨੇ ਪੁਲਿਸ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਢਾਹਿਆ ਹੈ।ਪਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ‘ਚ ਇਹ ਮਾਮਲਾ ਦੋ ਸਕੇ ਭਰਾਵਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਵਿਵਾਦ ਦਾ ਨਿਕਲਿਆ ਹੈ। ਮੰਦਿਰ ਢਹਾਏ ਜਾਣ ਨਾਲ ਇਲਾਕੇ ‘ਚ ਤਣਾਅ ਦੇ ਖ਼ਦਸ਼ੇ ਨੂੰ ਦੇਖਦਿਆਂ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਮੰਦਿਰ ਦੀ ਉਸਾਰੀ ਪੰਜ ਦਿਨ ਪਹਿਲਾਂ ਲੋਕੇਸ਼ ਕੁਮਾਰ ਸ਼੍ਰੀਵਾਸਤਵ ਨੇ ਸਥਾਨਕ ਨਿਵਾਸੀਆਂ ਦੇ ਦਾਨ ਦੀ ਸਹਾਇਤਾ ਨਾਲ ਕੀਤੀ ਸੀ। ਉਸਨੇ “ਕੋਰੋਨਾ ਮਾਤਾ” ਦੀ ਮੂਰਤੀ ਸਥਾਪਿਤ ਕੀਤੀ। ਪਿੰਡ ਦੇ ਰਾਧੇ ਸ਼ਿਆਮ ਵਰਮਾ ਨੂੰ ਇਸਦਾ ਪੁਜਾਰੀ ਨਿਯੁਕਤ ਕੀਤਾ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਉਥੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ।

ਸ਼ੁੱਕਰਵਾਰ ਦੇਰ ਰਾਤ ਵੱਡੀ ਗਿਣਤੀ ‘ਚ ਲੋਕ ਪੁੱਜੇ ਤੇ ਮੰਦਰ ਢਹਾ ਕੇ ਮਲਬਾ ਟਰੈਕਟਰ ਨਾਲ ਚੁੱਕ ਕੇ ਲੈ ਗਏ। ਇਸ ਨਾਲ ਇਥੇ ਹੰਗਾਮਾ ਖੜ੍ਹਾ ਹੋ ਗਿਆ। ਪੁਲਿਸ ਨੇ ਰਾਤ 10 ਵਜੇ ਪੁੱਜ ਕੇ ਇਥੇ ਮੌਜੂਦ ਲੋਕਾਂ ਨੂੰ ਭਜਾਇਆ ਤੇ ਲੋਕੇਸ਼ ਦੇ ਵੱਡੇ ਭਰਾ ਨਾਗੇਸ਼ ਕੁਮਾਰ ਸ਼੍ਰੀਵਾਸਤਵ ਸਮੇਤ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ।

ਨੋਇਡਾ ਵਿਚ ਰਹਿਣ ਵਾਲੇ ਲੋਕੇਸ਼, ਨਾਗੇਸ਼ ਕੁਮਾਰ ਸ਼੍ਰੀਵਾਸਤਵ ਅਤੇ ਜੈ ਪ੍ਰਕਾਸ਼ ਸ਼੍ਰੀਵਾਸਤਵ ਸਾਂਝੇ ਤੌਰ ‘ਤੇ ਜ਼ਮੀਨ ਦੇ ਮਾਲਕ ਹਨ। ਨਾਗੇਸ਼ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੰਦਿਰ ਉਸ ਜ਼ਮੀਨ ਨੂੰ ਹਥਿਆਉਣ ਲਈ ਬਣਾਇਆ ਗਿਆ ਸੀ।ਸਾਂਗੀਪੁਰ  ਥਾਣੇ ਦੇ ਐਸਐਚਓ ਤੁਸ਼ਾਰਦਤ ਤਿਆਗੀ ਨੇ ਕਿਹਾ ਮੰਦਿਰ ਵਿਵਾਦਪੂਰਨ ਜ਼ਮੀਨ ‘ਤੇ ਬਣਾਇਆ ਗਿਆ ਸੀ ਅਤੇ ਇਸ ਝਗੜੇ ਵਿਚ ਸ਼ਾਮਲ ਇਕ ਧਿਰ ਨੇ ਢਹਿ ਢੇਰੀ ਕਰ ਦਿਤਾ ਸੀ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

- Advertisement -

 

 

 

Share this Article
Leave a comment