ਲੰਦਨ : ਕੋਰੋਨਾ ਮਹਾਮਾਰੀ ਦਾ ਕਹਿਰ ਪੂਰੀ ਦੁਨੀਆ ‘ਚ ਲਗਾਤਾਰ ਜਾਰੀ ਹੈ। ਰਿਪੋਰਟਾਂ ਮੁਤਾਬਕ ਇਸ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਬਜ਼ੁਰਗਾਂ ‘ਚ ਮੌਤ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ। ਪਰ ਬ੍ਰਿਟੇਨ ‘ਚ ਕੋਰੋਨਾ ਵਾਇਰਸ ਨੇ 106 ਸਾਲਾ ਦਾਦੀ ਅੱਗੇ ਆਪਣੇ ਗੋਡੇ ਟੇਕ ਦਿੱਤੇ ਹਨ। ਅਸਲ ‘ਚ ਬਰਮਿੰਘਮ ਦੀ ਰਹਿਣ ਵਾਲੀ ਕੋਨੀ ਟੈਚਨ(106) ਨਾਮੀ ਇੱਕ ਦਾਦੀ ਨੇ ਕੋਰੋਨਾ ‘ਤੇ ਜਿੱਤ ਹਾਸਲ ਕੀਤੀ ਹੈ।
ਕੋਨੀ ਟੈਚਨ ਨੇ ਲਗਾਤਾਰ ਤਿੰਨ ਹਫਤੇ ਹਸਪਤਾਲ ‘ਚ ਕੋਰੋਨਾ ਵਿਰੁੱਧ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜੀ। ਜਿਸ ਤੋਂ ਬਾਅਦ ਉਸ ਨੂੰ ਬੀਤੇ ਬੁੱਧਵਾਰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਹਸਪਤਾਲ ਦੇ ਸਟਾਫ ਵੱਲੋਂ ਕੋਨੀ ਦੇ ਘਰ ਜਾਣ ਲੱਗਿਆ ਤਾੜੀਆਂ ਵਜਾ ਕੇ ਉਸ ਦੀ ਹੌਂਸਲਾ ਅਫਜਾਈ ਕੀਤੀ ਗਈ। ਦੱਸ ਦਈਏ ਕਿ ਕੋਨੀ ਟੈਚਨ ਬ੍ਰਿਟੇਨ ਵਿਚ ਕੋਰੋਨਾ ਨੂੰ ਹਰਾਉਣ ਵਾਲੀ ਸਭ ਤੋਂ ਵੱਧ ਉਮਰ ਦੀ ਔਰਤ ਹੈ।
ਕੋਨੀ ਟੈਚਨ ਨੇ ਕਿਹਾ, ‘ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਕੋਰੋਨਾ ਵਾਇਰਸ ‘ਤੇ ਜਿੱਤ ਹਾਸਲ ਕੀਤੀ ਹੈ, ਹੁਣ ਮੈਂ ਆਪਣੇ ਪਰਿਵਾਰ ਦੇ ਲੋਕਾਂ ਨੂੰ ਵੇਖਣਾ ਚਾਹੁੰਦੀ ਹਾਂ।’ ਟੇਚਨ ਦਾ ਜਨਮ 1913 ਵਿੱਚ ਹੋਇਆ ਸੀ। ਉਸਨੇ ਆਪਣੀਆਂ ਅੱਖਾਂ ਨਾਲ ਦੋ ਵਿਸ਼ਵ ਯੁੱਧ ਵੀ ਵੇਖੇ ਹਨ। ਕੋਨੀ 100 ਸਾਲ ਦੀ ਉਮਰ ਤੋਂ ਬਾਅਦ ਵੀ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਬਹੁਤ ਸਰਗਰਮ ਰਹਿੰਦੀ ਹੈ। ਉਸ ਨੂੰ ਸਾਈਕਲ ਚਲਾਉਣਾ, ਗੋਲਫ ਖੇਡਣਾ ਬਹੁਤ ਪਸੰਦ ਹੈ।
ਬ੍ਰਿਟੇਨ ‘ਚ ਕੋਰੋਨਾ ਨਾਲ ਹੁਣ ਤੱਕ 12868 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 98476 ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਦੂਜੇ ਪਾਸੇ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮੌਤ ਦਾ ਅੰਕੜਾ 1 ਲੱਖ 34 ਹਜ਼ਾਰ ਤੋਂ ਪਾਰ ਚਲਾ ਗਿਆ ਹੈ ਤੇ 20 ਲੱਖ ਲੋਕ ਕੋਰੋਨਾ ਨਾਲ ਸੰਕਰਮਿਤ ਹਨ।