ਕੈਪਟਨ ਦੇ ਅੰਗਰੇਜ਼ੀ ਅਖ਼ਬਾਰ ਵਿਚਲੇ ਬਿਆਨ ਤੋਂ ਬਾਅਦ ਵੱਡਾ ਧਮਾਕਾ, ਕਾਂਗਰਸ ਵੱਲੋਂ ਵੱਡੇ ਆਗੂ ਨੂੰ ਪਾਰਟੀ ‘ਚੋਂ ਕੱਢਣ ਦੀ ਕਰ ਲਈ ਤਿਆਰੀ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਗਏ ਇੰਟਰਵਿਊ ਤੋਂ ਬਾਅਦ ਉਠੇ ਵਿਵਾਦ ਦੌਰਾਨ ਹੁਣ ਸੂਬੇ ਦੀਆਂ ਜ਼ਿਮਨੀ ਚੋਣਾਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਕਾਂਗਰਸ ਅੰਦਰ ਬਗਾਵਤ ਉਠ ਖੜ੍ਹੀ ਹੈ। ਜਿਸ ਨੂੰ ਦਬਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਪਣੇ ਸਕੱਤਰ ਮਲਕੀਤ ਸਿੰਘ ਹੀਰਾ ਨੂੰ ਜਲਾਲਾਬਾਦ ਜ਼ਿਮਨੀ ਚੋਣ ਦੇ ਮੱਦੇ ਨਜ਼ਰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦਾ ਦੋਸ਼ ਲਾ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮਲਕੀਤ ਸਿੰਘ ਹੀਰਾ ਜਾਰੀ ਕੀਤੇ ਗਏ ਇਸ ਨੋਟਿਸ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਸੰਦੀਪ ਸਿੰਘ ਸੰਧੂ ਨੇ ਕਿਹਾ ਹੈ ਕਿ, “ਤੁਹਾਡੇ ਵਿਰੁੱਧ ਇਹ ਸ਼ਿਕਾਇਤ ਆਈ ਹੈ ਕਿ ਤੁਸੀਂ ਸੋਸ਼ਲ ਮੀਡੀਆ ‘ਤੇ ਜਾਰੀ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ, ਜਿਸ ਨਾਲ ਪਾਰਟੀ ਦੀ ਈਮੇਜ਼ ਖਰਾਬ ਹੋ ਰਹੀ ਹੈ। ਲਿਹਾਜਾ ਤੁਸੀਂ 7 ਦਿਨਾਂ ਦੇ ਅੰਦਰ ਅੰਦਰ ਜਵਾਬ ਦਿਓ ਕਿ ਤੁਹਾਨੂੰ ਪੱਕੇ ਤੌਰ ‘ਤੇ ਪਾਰਟੀ ਵਿੱਚੋਂ ਬਾਹਰ ਕਿਉਂ ਨਾ ਕੱਢ ਦਿੱਤਾ ਜਾਵੇ”। ਹੀਰਾ ਨੂੰ ਜਾਰੀ ਹੋਣ ਵਾਲੇ ਇਸ ਨੋਟਿਸ ਤੋਂ ਬਾਅਦ ਸੂਬੇ ਦੀ ਸਿਆਸਤ ਇਨ੍ਹਾਂ ਚਰਚਾਵਾਂ ਨੇ ਗਰਮਾ ਦਿੱਤੀ ਹੈ ਕਿ ਇੱਕ ਪਾਸੇ ਪੰਜਾਬ ਵਿੱਚ ਨਸ਼ਿਆਂ ਦਾ ਰੁਝਾਨ ਉਸੇ ਤਰ੍ਹਾਂ ਜਾਰੀ ਹੈ, ਲੋਕ ਆਪਣੇ ਵਾਅਦੇ ਪੂਰੇ ਨਾ ਕੀਤੇ ਜਾਣ ਕਾਰਨ ਸਰਕਾਰ ਨੂੰ ਪੂਰੀ ਤਰ੍ਹਾਂ ਘੇਰ ਰਹੇ ਹਨ ਤੇ ਸੀਬੀਆਈ ਬੇਅਦਬੀ ਮਾਮਲਿਆਂ ਨੂੰ ਪੰਜਾਬ ਸਰਕਾਰ ਦੇ ਹਵਾਲੇ ਕਰਨ ਲਈ ਤਿਆਰ ਨਹੀਂ, ਉੱਥੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ‘ਤੇ ਹੁਣ ਜ਼ਿਮਨੀ ਚੋਣਾਂ ਦੌਰਾਨ ਮਲਕੀਤ ਸਿੰਘ ਹੀਰਾ ਵਰਗੇ ਆਗੂਆਂ ਵੱਲੋਂ ਬਗਾਵਤੀ ਸੁਰਾਂ ਫੜ ਲੈਣ ਤੋਂ ਬਾਅਦ ਕਾਂਗਰਸ ਜ਼ਿਮਨੀ ਚੋਣਾਂ ਵਿੱਚ ਲੋਕਾਂ ਨੂੰ ਕਿਵੇਂ ਸੰਤੁਸ਼ਟ ਕਰ ਪਾਵੇਗੀ, ਇਹ ਆਪਣੇ ਆਪ ਵਿੱਚ ਵੱਡਾ ਸਵਾਲ ਬਣ ਗਿਆ ਹੈ।

ਦੱਸ ਦਈਏ ਕਿ ਮਲਕੀਤ ਸਿੰਘ ਹੀਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਟਿੱਪਣੀ ਪਾਈ ਸੀ ਕਿ ਜਲਾਲਾਬਾਦ ਦੀ ਕਾਂਗਰਸ ਟਿਕਟ ਪਾਰਟੀ ਦੇ ਸੀਨੀਅਰ ਆਗੂਆਂ ਨੇ ਮੋਟੀ ਰਕਮ ਲੈ ਕੇ ਵੇਚੀ ਹੈ। ਇੱਧਰ ਦੂਜੇ ਪਾਸੇ ਮਲਕੀਤ ਸਿੰਘ ਹੀਰਾ ਨੇ ਇਹ ਕਹਿ ਕੇ ਸਾਰੇ ਮਾਮਲੇ ਤੋਂ ਪੱਲਾ ਝਾੜ ਲਿਆ ਹੈ ਕਿ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਸੋਸ਼ਲ ਮੀਡੀਆ ‘ਤੇ ਉਸ ਦਾ ਨਾਮ ਅਤੇ ਮੋਬਾਇਲ ਵਰਤ ਕੇ ਇਹ ਟਿੱਪਣੀ ਕਿਸ ਨੇ ਪਾਈ ਹੈ।

ਮਲਕੀਤ ਸਿੰਘ ਹੀਰਾ ਨੇ ਇਸ ਨੋਟਿਸ ਦੇ ਜਵਾਬ ਵਿੱਚ ਪਾਰਟੀ ਨੂੰ ਭੇਜੇ ਗਏ ਉਤਰ ਅੰਦਰ ਇਹ ਲਿਖਿਆ ਹੈ ਕਿ ਉਹ ਪਾਰਟੀ ਦੇ ਵਫਾਦਾਰ ਵਰਕਰ ਹਨ ਤੇ ਉਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਵਿੱਚ ਪੂਰਾਂ ਵਿਸ਼ਵਾਸ ਹੈ। ਲਿਹਾਜਾ ਉਹ ਪਾਰਟੀ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪੂਰਨ ਤੌਰ  ‘ਤੇ ਪਾਲਣਾ ਕਰਨਗੇ। ਦੱਸ ਦਈਏ ਕਿ ਮਲਕੀਤ ਸਿੰਘ ਹੀਰਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਜਦੀਕੀ ਮੰਨੇ ਜਾਂਦੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਰਾਏ ਸਿੱਖ ਵਰਾਦਰੀ ਵਿੱਚ ਇਸ ਗੱਲ ਦਾ ਵਿਰੋਧ ਸੀ ਕਿ ਟਿਕਟ ਰਮਿੰਦਰ ਅਵਲਾ ਨੂੰ ਮਿਲ ਰਹੀ ਹੈ ਪਰ ਹੁਣ ਜਿਉਂ ਉਹ ਚੰਡੀਗੜ੍ਹ ‘ਚ ਅਵਲਾ ਨੂੰ ਮਿਲੇ ਹਨ ਤਾਂ ਇਹ ਮਸਲਾ ਹੱਲ ਹੋ ਗਿਆ ਹੈ।

ਇੱਥੇ ਦੱਸ ਦਈਏ ਕਿ ਮਲਕੀਤ ਸਿੰਘ ਹੀਰਾ ਨੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਂਨ ਜਲਾਲਾਬਾਦ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ ਉਨ੍ਹਾਂ ਨੂੰ ਉਸ ਸੁਖਬੀਰ ਬਾਦਲ ਦੇ ਮੁਕਾਬਲੇ 18 ਹਜ਼ਾਰ 9 ਸੌ 63 ਵੋਟਾਂ ਹਾਸਲ ਹੋਈਆਂ ਸਨ ਜਿਹੜੇ ਇਸ ਸੀਟ ਤੋਂ ਵੱਡੇ ਫਾਸਲੇ ਨਾਲ ਜਿੱਤੇ ਸਨ। ਮਲਕੀਤ ਸਿੰਘ ਹੀਰਾ ਨੂੰ ਪਾਰਟੀ ਵੱਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦਾ ਅਸਰ ਇਹ ਹੋਇਆ ਹੈ ਕਿ ਰਾਜਬਖਸ਼ ਕੰਬੋਜ ਵਰਗੇ ਉਨ੍ਹਾਂ ਆਗੂਆਂ ਨੇ ਵੀ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਪਾਰਟੀ ਦੇ ਫੈਸਲੇ ਦੀ ਪਾਲਣਾ ਕਰਨਗੇ ਜਿਹੜੇ ਕਿ ਪਹਿਲਾਂ ਟਿਕਟ ਦੀ ਦੌੜ ਵਿੱਚ ਸ਼ਾਮਲ ਸਨ।

- Advertisement -

Share this Article
Leave a comment