ਖੇਡ ਵਿਭਾਗ 5 ਅਗਸਤ ਤੋਂ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਲਈ ਤਿਆਰ ਬਰ ਤਿਆਰ: ਰਾਣਾ ਸੋਢੀ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ 5 ਅਗਸਤ ਤੋਂ ਆਨਲਾਈਨ ਸਿਖਲਾਈ ਦੇਣ ਲਈ ਖੇਡ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ।

ਕੋਵਿਡ-19 ਮਹਾਂਮਾਰੀ ਮਗਰੋਂ ਹਾਲਾਤ ਆਮ ਵਾਂਗ ਹੋਣ ਉਪਰ ਕਰਵਾਏ ਜਾਣ ਵਾਲੇ ਸੂਬਾਈ, ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਲਈ ਖਿਡਾਰੀਆਂ ਨੂੰ ਤਿਆਰ ਰੱਖਣ ਅਤੇ ਨਵੀਆਂ ਖੇਡ ਤਕਨੀਕਾਂ ਤੋਂ ਜਾਣੂ ਕਰਵਾਉਣ ਉਪਰ ਜ਼ੋਰ ਦਿੰਦਿਆਂ ਰਾਣਾ ਸੋਢੀ ਨੇ ਖੇਡ ਵਿਭਾਗ ਦੇ ਡਾਇਰੈਕਟਰ, ਜੁਆਇੰਟ ਡਾਇਰੈਕਟਰ, ਸੂਬੇ ਭਰ ਦੇ ਜ਼ਿਲ੍ਹਾ ਖੇਡ ਅਫ਼ਸਰਾਂ ਤੇ ਕੋਚਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਪਹਿਲਕਦਮੀ ਲਈ ਜ਼ੋਰ-ਸ਼ੋਰ ਨਾਲ ਕੰਮ ਕਰਨ।

ਉਨ੍ਹਾਂ ਕਿਹਾ ਕਿ ਆਨਲਾਈਨ ਸਿਖਲਾਈ ਤੇ ਕੋਚਿੰਗ ਇਕ ਪਾਸੇ ਉੱਭਰਦੇ ਤੇ ਸਥਾਪਤ ਖਿਡਾਰੀਆਂ ਨੂੰ ਇਸ ਮਹਾਂਮਾਰੀ ਦੌਰਾਨ ਅਗਲੇ ਟੂਰਨਾਮੈਂਟਾਂ ਲਈ ਤਿਆਰ ਰੱਖੇਗੀ, ਜਦੋਂ ਕਿ ਦੂਜੇ ਪਾਸੇ ਖਿਡਾਰੀਆਂ ਵਿੱਚ ਇਸ ਖਤਰਨਾਕ ਬਿਮਾਰੀ ਨਾਲ ਲੜਨ ਦੀ ਭਾਵਨਾ ਭਰੀ ਜਾਵੇਗੀ। ਇਸ ਲਈ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨੇ ਸੂਬੇ ਭਰ ਦੇ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ।

ਹੋਰ ਵੇਰਵੇ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿੱਚ ਖੇਡਾਂ ਲਈ ਬੁਨਿਆਦੀ ਢਾਂਚਾ ਤੇ ਕੋਚਿੰਗ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸੂਬੇ ਭਰ ਦੇ ਕੋਚਾਂ ਨਾਲ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਖਿਡਾਰੀਆਂ ਲਈ ਇਸ ਸਿਖਲਾਈ ਲਈ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰਨ ਦੇ ਆਦੇਸ਼ ਦਿੱਤੇ।

- Advertisement -

ਰਾਣਾ ਸੋਢੀ ਨੇ ਇਹ ਵੀ ਹਦਾਇਤ ਕੀਤੀ ਕਿ ਉੱਭਰਦੇ ਤੇ ਸਥਾਪਤ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਦੌਰਾਨ ਸਾਰੇ ਤੈਅ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਕਿ ਖਿਡਾਰੀ ਹਮੇਸ਼ਾ ਟੂਰਨਾਮੈਂਟਾਂ ਲਈ ਤਿਆਰ ਰਹਿਣ। ਖਿਡਾਰੀਆਂ ਦੇ ਪੋਸ਼ਣ ਵਿੱਚ ਕੋਈ ਘਾਟ ਨਾ ਆਉਣ ਦੇਣ ਦੀ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਖੁਰਾਕ ਤੇ ਸਿਹਤ ਪ੍ਰੋਟੋਕੋਲ ਬਾਰੇ ਵੀ ਦੱਸਿਆ ਜਾਵੇ ਤਾਂ ਕਿ ਉਹ ਕੋਰੋਨਾ ਬਿਮਾਰੀ ਤੋਂ ਬਚ ਸਕਣ।

ਖੇਡ ਮੰਤਰੀ ਨੇ ਕਿਹਾ ਕਿ ਸਾਡਾ ਮੰਤਵ ਇਹ ਹੈ ਕਿ ਖਿਡਾਰੀਆਂ ਨੂੰ ਖੇਡਾਂ ਦੀ ਲੋੜ ਮੁਤਾਬਕ ਤਿਆਰ ਰੱਖਿਆ ਜਾ ਸਕੇ ਤਾਂ ਕਿ ਜਦੋਂ ਉਹ ਮੁੜ ਮੈਦਾਨ ਵਿੱਚ ਆਉਣ ਤਾਂ ਸਰੀਰਕ ਤੌਰ ਉਤੇ ਫਿੱਟ ਹੋਣ। ਖਿਡਾਰੀਆਂ ਦਾ ਫਿੱਟਨੈੱਸ ਪੱਧਰ, ਲਚਕੀਲਾਪਣ ਤੇ ਚੁਸਤੀ ਫੁਰਤੀ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਆਪਣੀ ਖੇਡ ਜਾਰੀ ਰੱਖਣ ਲਈ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ। ਆਨਲਾਈਨ ਕੋਚਿੰਗ ਨਾਲ ਖਿਡਾਰੀਆਂ ਨੂੰ ਮਸਰੂਫ਼ ਰੱਖਣ ਵਿੱਚ ਵੀ ਮਦਦ ਮਿਲੇਗੀ।

ਇਸ ਦੌਰਾਨ ਖੇਡ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਖੇਡ ਸਟੇਡੀਅਮ ਸੈਕਟਰ-78 ਮੁਹਾਲੀ ਦਾ ਦੌਰਾ ਕੀਤਾ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਆਪਣੇ ਦੌਰੇ ਦੌਰਾਨ ਉਨ੍ਹਾਂ ਖੇਡ ਸਹੂਲਤਾਂ ਖਾਸ ਤੌਰ ਉਤੇ ਅਥਲੈਟਿਕ ਟਰੈਕ ਦੇ ਨਵੀਨੀਕਰਨ ਉਤੇ ਜ਼ੋਰ ਦਿੱਤਾ।

Share this Article
Leave a comment