ਮਾਨ ਨੇ ਪਰਾਲੀ ਨੂੰ ਲੈ ਕੇ ਘੇਰਿਆ ਮੋਦੀ!

Global Team
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਐਨ ਉਸ ਮੌਕੇ ਜਦੋਂ ਪੰਜਾਬ ਦਾ ਕਿਸਾਨ ਇਕ ਦਿਨ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ ਹਜਾਰਾਂ ਟਰੈਕਟਰ ਟਰਾਲੀਆਂ ਸਮੇਤ ਤਿੰਨ ਦਿਨ ਲਈ ਚੰਡੀਗੜ੍ਹ ਧਰਨਾ ਦੇਣ ਆ ਰਿਹਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਰਾਲੀ ਅਤੇ ਫਸਲੀ ਵਿਭਿੰਨਤਾ ਦੇ ਮੁੱਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਗਿਆ ਹੈ। ਅਸਲ ਵਿਚ ਮੁੱਖ ਮੰਤਰੀ ਮਾਨ ਗੰਨੇ ਦੀ ਕੀਮਤ ਵਿੱਚ ਵਾਧੇ ਦੀ ਮੰਗ ਬਾਰੇ ਕਿਸਾਨਾਂ ਨਾਲ ਮੀਟਿੰਗ ਕਰਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਪਰਾਲੀ ਦਾ ਮਾਮਲਾ ਪਿਛਲੇ ਕਾਫੀ ਦਿਨ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਸੁਪਰੀਮ ਕੋਰਟ ਵੱਲੋਂ ਪਰਾਲੀ ਦੇ ਧੂੰਏ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਦੇਸ ਦੀ ਸਰਵਉੱਚ ਅਦਾਲਤ ਨੇ ਪਰਾਲੀ ਨੂੰ ਲੱਗ ਰਹੀਆਂ ਅੱਗਾਂ ਕਾਰਨ ਸਖਤ ਨੋਟਿਸ ਲਿਆ ਹੈ। ਪੰਜਾਬ , ਹਰਿਆਣਾ ਅਤੇ ਦਿੱਲੀ ਸਮੇਤ ਹੋਰ ਰਾਜਾਂ ਤੋਂ ਜਵਾਬ ਮੰਗਿਆ ਗਿਆ ਹੈ। ਸੁਪਰੀਮ ਕੋਰਟ ਵਲੋਂ ਕਿਹਾ ਗਿਆ ਹੈ ਕਿ ਕਿਸਾਨਾਂ ਦਾ ਪੱਖ ਸੁਣਿਆ ਜਾਵੇ।ਕਿਸਾਨ ਦੀ ਨਾਂਹ ਪੱਖੀ ਤਸਵੀਰ ਪੇਸ਼ ਨਾ ਕਰੋ ਪਰ ਮਸਲੇ ਦਾ ਹਲ਼ ਹੋਵੇ।

ਦਿੱਲੀ , ਪੰਜਾਬ, ਹਰਿਆਣਾ ਅਤੇ ਹੋਰ ਸਬੰਧਤ ਧਿਰਾਂ ਨੂੰ ਪਰਾਲੀ ਦੀ ਅੱਗ ਨਾ ਰੋਕ ਸਕਣ ਲਈ ਸੁਪਰੀਮ ਕੋਰਟ ਨੇ ਸਖਤ ਝਾੜ ਪਾਈ। ਇਹ ਵੀ ਕਿਹਾ ਗਿਆ ਕਿ ਹਰਿਆਣਾ ਤੋਂ ਪੰਜਾਬ ਸਬਕ ਸਿੱਖੇ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਹੱਲ ਕਰੇ। ਅਕਸਰ ਮੀਡੀਆ ਦੇ ਵੱਡੇ ਹਿੱਸੇ ਵਲੋਂ ਵੀ ਕਿਹਾ ਜਾਂਦਾ ਹੈ ਕਿ ਪਰਾਲੀ ਦੀ ਅੱਗ ਲਈ ਪੰਜਾਬ ਦਾ ਕਿਸਾਨ ਜਿੰਮੇਵਾਰ ਹੈ! ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਉੱਪਰ ਕੇਸ ਦਰਜ ਹੋਏ ਅਤੇ ਜੁਰਮਾਨੇ ਵੀ ਲੱਗੇ! ਕਿਸਾਨ ਆਖਦੇ ਹਨ ਕਿ ਝੋਨਾ ਲਾਉਣਾ ਮਜਬੂਰੀ ਹੈ ਕਿਉਂ ਜੋ ਦੂਜੀਆਂ ਫਸਲਾਂ ਲਈ ਘੱਟੋ ਘੱਟ ਸਹਾਇਕ ਕੀਮਤ ਨਹੀਂ ਮਿਲਦੀ। ਇਸ ਲਈ ਕੇਂਦਰ ਜਾਂ ਸੂਬਾ ਸਰਕਾਰ ਕੋਈ ਮਾਇਕ ਮਦਦ ਨਹੀਂ ਦੇ ਰਹੇ।

ਮੁੱਖ ਮੰਤਰੀ ਮਾਨ ਵਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੇਕਰ ਯੂਕਰੇਨ ਅਤੇ ਰੂਸ ਦੀ ਲੜਾਈ ਬੰਦ ਕਰਾਕੇ ਭਾਰਤੀਆਂ ਨੂੰ ਲਿਆ ਸਕਦੇ ਹਨ ਤਾਂ ਪਰਾਲੀ ਮਸਲੇ ਦਾ ਹੱਲ ਤਾਂ ਪ੍ਰਧਾਨ ਮੰਤਰੀ ਲਈ ਮਾਮੂਲੀ ਗੱਲ ਹੈ। ਕਿਸਾਨਾਂ ਲਈ ਜੇਕਰ ਫਸਲੀ ਵਿਭਿੰਨਤਾ ਸਕੀਮ ਹੇਠ ਹੋਰ ਫਸਲਾਂ ਦੀ ਕੀਮਤ ਝੋਨੇ ਬਰਾਬਰ ਦਿੱਤੀ ਜਾਵੇ ਤਾਂ ਕਿਸਾਨ ਝੋਨੇ ਦੀ ਫਸਲ ਛੱਡ ਸਕਦੇ ਹਨ। ਇਸ ਤਰਾਂ ਮਾਨ ਨੇ ਗੇਂਦ ਮੋਦੀ ਦੇ ਪਾਲੇ ਸੁੱਟ ਦਿਤੀ ਹੈ ਕਿ ਝੋਨੇ ਦਾ ਬਦਲ ਕੇਂਦਰ ਸਰਕਾਰ ਕੋਲ ਹੈ! ਜੇਕਰ ਅਜਿਹਾ ਹੈ ਤਾਂ ਫਿਰ ਪੰਜਾਬ ਦੇ ਕਿਸਾਨ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ।

- Advertisement -

ਮੁੱਖ ਮੰਤਰੀ ਮਾਨ ਦੀ ਕਿਸਾਨਾ ਬਾਰੇ ਪਹੁੰਚ ਦਾ ਅੱਜ ਕਿਸਾਨਾ ਨਾਲ ਗੰਨੇ ਬਾਰੇ ਚੰਡੀਗੜ ਹੋਈ ਮੀਟਿੰਗ ਤੋਂ ਵੀ ਲਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਗੰਨੇ ਦੀ ਵਧੀ ਹੋਈ ਕੀਮਤ ਦੋ ਦਿਨ ਵਿਚ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਨੂੰ ਸਾਰੇ ਦੇਸ਼ ਨਾਲੋਂ ਵੱਧ ਕੀਮਤ ਮਿਲੇਗੀ। ਕੇਵਲ ਐਨਾ ਹੀ ਨਹੀਂ ਸਗੋਂ ਇਹ ਵੀ ਕਿਹਾ ਹੈ ਕਿ ਕਿਸਾਨ ਜਦੋਂ ਮਰਜੀ ਆ ਕੇ ਮਿਲ ਸਕਦੇ ਹਨ।ਸਰਕਾਰ ਦੇ ਅਧਿਕਾਰੀ ਕਿਸਾਨ ਦੇ ਸਵਾਗਤ ਲਈ ਪਹਿਲਾਂ ਹੀ ਤਿਆਰ ਰਹਿਣਗੇ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਕਿਸਾਨਾ ਨਾਲ ਟਕਰਾ ਨਹੀਂ ਚਾਹੁੰਦੀ ਪਰ ਦੇਖਣਾ ਹੋਵੇਗਾ ਕਿ ਕਿਸਾਨ ਕੀ ਰੁੱਖ ਅਖਤਿਆਰ ਕਰਦੇ ਹਨ । ਇਸ ਤਰਾਂ ਕਿਸਾਨ ਅੰਦੋਲਨ ਦੇ ਅਗਲੇ ਆ ਰਹੇ ਤਿੰਨ ਦਿਨ ਬਹੁਤ ਅਹਿਮ ਹਨ। ਕੀ ਕਿਸਾਨ ਦਾ ਰੁੱਖ ਕੇਂਦਰ ਸਰਕਾਰ ਖਿਲਾਫ ਰਹੇਗਾ ਜਾਂ ਸੂਬੇ ਦੇ ਮੁੱਦਿਆਂ ਉੱਪਰ ਮਾਨ ਸਰਕਾਰ ਨੂੰ ਘੇਰਨਗੇ?

Share this Article
Leave a comment