ਜਗਤਾਰ ਸਿੰਘ ਸਿੱਧੂ;
ਲੁਧਿਆਣਾ ਕੇਂਦਰੀ ਦੀ ਵਿਧਾਨ ਸਭਾ ਉਪ ਚੋਣ ਲਈ ਅੱਜ ਰਾਜ ਸਭਾ ਮੈਂਬਰ ਅਤੇ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਮੌਕੇ ਪਾਰਟੀ ਲੀਡਰਸ਼ਿਪ ਵੱਲੋਂ ਰੋਡ ਸ਼ੋਅ ਕਰਕੇ ਹਲਕੇ ਵਿੱਚ ਗਾਹ ਪਾ ਦਿੱਤਾ ਗਿਆ ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ , ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਪੁੱਜੇ ਹੋਏ ਸਨ । ਸਮੁੱਚੀ ਪਾਰਟੀ ਲੀਡਰਸ਼ਿਪ ਨੇ ਅੱਜ ਭਰਵਾਂ ਰੋਡ ਸ਼ੋਅ ਕਰਕੇ ਜਿੱਥੇ ਪਾਰਟੀ ਦੇ ਹਮਾਇਤੀਆਂ ਅੰਦਰ ਚੋਣ ਮੁਹਿੰਮ ਲਈ ਜੋਸ਼ ਭਰਿਆ ਹੈ ਉਥੇ ਇਹ ਸੁਨੇਹਾ ਦਿੱਤਾ ਹੈ ਕਿ ਇਸ ਸੀਟ ਲਈ ਜਿੱਤ ਯਕੀਨੀ ਬਨਾਉਣ ਲਈ ਪਾਰਟੀ ਕਿੰਨੀ ਸੰਜੀਦਾ ਹੈ।
ਜੇਕਰ ਲੁਧਿਆਣਾ ਕੇਂਦਰੀ ਹਲਕੇ ਦੀ ਇਸ ਸੀਟ ਲਈ ਮੁਹਿੰਮ ਦੀ ਗੱਲ ਕੀਤੀ ਜਾਵੇ ਤਾਂ ਪਾਰਟੀ ਨੇ ਦੂਜੀਆਂ ਰਾਜਸੀ ਧਿਰਾਂ ਦੇ ਮੁਕਾਬਲੇ ਵਧੇਰੇ ਮਜ਼ਬੂਤੀ ਅਤੇ ਯੋਜਨਾਬੱਧ ਢੰਗ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ।ਸਭ ਤੋਂ ਪਹਿਲਾਂ ਤਾਂ ਉਮੀਦਵਾਰ ਦੀ ਗਲ਼ ਕੀਤੀ ਜਾਵੇ ਤਾਂ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਹਨ ਅਤੇ ਹਲਕੇ ਵਿੱਚ ਪਹਿਲਾਂ ਹੀ ਸਰਗਰਮ ਹਨ। ਸਮਾਜ ਸੇਵੀ ਹੋਣ ਦੇ ਨਾਤੇ ਉਨਾਂ ਦੇ ਸਮਾਜਿਕ ਖੇਤਰ ਨਾਲ ਚੰਗੇ ਸਬੰਧ ਹਨ। ਇਸ ਬਾਰੇ ਕੋਈ ਦੋ ਰਾਏ ਹੀ ਨਹੀਂ ਹੈ ਕਿ ਆਪ ਸਰਕਾਰ ਦਾ ਅਜੇ ਦੋ ਸਾਲ ਦਾ ਸਮਾਂ ਬਾਕੀ ਹੈ ਅਤੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਹਲਕੇ ਦੇ ਵਿਕਾਸ ਅਤੇ ਕੰਮ ਧੰਦੇ ਲਈ ਸਿੱਧੇ ਤੌਰ ਤੇ ਆਪ ਨਾਲ ਹੀ ਵਾਸਤਾ ਪੈਂਦਾ ਹੈ ।ਇਸ ਤੋਂ ਪਹਿਲਾਂ ਵੀ ਸੀਟ ਆਪ ਦੀ ਹੀ ਜਿੱਤੀ ਹੋਈ ਹੈ । ਬੇਸ਼ੱਕ ਅੱਜ ਆਪ ਦੇ ਉਮੀਦਵਾਰ ਅਰੋੜਾ ਦੇ ਕਾਗ਼ਜ਼ ਦਾਖ਼ਲ ਕਰਵਾਉਣ ਮੌਕੇ ਪਾਰਟੀ ਦੀ ਸਾਰੀ ਲੀਡਰਸ਼ਿਪ ਪੁੱਜੀ ਹੋਈ ਸੀ ਪਰ ਇਸ ਤੋਂ ਪਹਿਲਾਂ ਵੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਰੋਬਾਰੀਆਂ ਅਤੇ ਸ਼ਹਿਰੀਆਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਖਾਸ ਤੌਰ ਤੇ ਮੁੱਖ ਮੰਤਰੀ ਮਾਨ ਨੇ ਲੁਧਿਆਣਾ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ ਹੋਇਆ ਹੈ। ਕਈ ਪਿੰਡਾਂ ਦੀ ਪੁਰਾਣੀ ਰਜਿਸਟਰੀਆਂ ਨਾ ਹੋਣ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ ।ਬੁੱਢੇ ਨਾਲੇ ਦੇ ਸਾਫ ਪਾਣੀ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚੜਾਇਆ ਜਾਵੇਗਾ।
ਜੇਕਰ ਲੁਧਿਆਣਾ ਕੇਂਦਰੀ ਦੀ ਸਮੁੱਚੀ ਸਥਿਤੀ ਦਾ ਜ਼ਿਕਰ ਕੀਤਾ ਜਾਵੇ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਆਸ਼ੂ ਇਕ ਦਿਨ ਪਹਿਲਾਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਹਨ । ਕਾਗਜ਼ ਦਾਖ਼ਲ ਕਰਨ ਵੇਲੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ , ਚੰਨੀ, ਰਾਣਾ ਗੁਰਜੀਤ ਸਿੰਘ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਪਹੁੰਚੇ ਹੋਏ ਸਨ। ਕਾਂਗਰਸ ਨੇ ਏਕੇ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਕੀ ਲੀਡਰਸ਼ਿਪ ਪੂਰੀ ਮੁਹਿੰਮ ਦੌਰਾਨ ਏਕਾ ਰਖਕੇ ਚੱਲ ਸਕੇਗੀ? ਇਹ ਸਮਾਂ ਹੀ ਦੱਸੇਗਾ। ਅਕਾਲੀ ਦਲ ਦੇ ਉਮੀਦਵਾਰ ਘੁੰਮਣ ਵੀ ਕਾਗਜ਼ ਦਾਖਲ ਕਰ ਚੁੱਕੇ ਹਨ ਪਰ ਪਾਰਟੀ ਕਿੰਨੀ ਕੁ ਉਭਰ ਸਕੇਗੀ? ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲੁਧਿਆਣਾ ਵਿੱਚ ਸਰਗਰਮ ਹਨ ਪਰ ਅਕਾਲੀ ਦਲ ਸਾਹਮਣੇ ਪਾਰਟੀ ਦੇ ਅੰਦਰ ਅਤੇ ਬਾਹਰ ਵੱਡੀਆਂ ਚੁਣੌਤੀਆਂ ਹਨ।
ਲੁਧਿਆਣਾ ਦੀ ਉਪਚੋਣ ਦਾ ਨਤੀਜਾ ਪੰਜਾਬ ਦੀ ਭਵਿੱਖ ਰਾਜਨੀਤੀ ਲਈ ਅਹਿਮੀਅਤ ਰੱਖਦਾ ਹੈ ।ਭਾਜਪਾ ਦੇ ਆਉਣ ਵਾਲੇ ਉਮੀਦਵਾਰ ਨਾਲ ਰਾਜਸੀ ਧਿਰਾਂ ਦੇ ਉਮੀਦਵਾਰਾਂ ਦਾ ਪੜਾ ਮੁਕੰਮਲ ਹੋ ਜਾਵੇਗਾ।
ਸੰਪਰਕ 9814002186