Home / ਓਪੀਨੀਅਨ / ਜ਼ਰੂਰਤ ਮਰੀਜ਼ ਨਾਲ ਨਹੀਂ, ਮਰਜ਼ ਨਾਲ ਲੜਣ ਦੀ

ਜ਼ਰੂਰਤ ਮਰੀਜ਼ ਨਾਲ ਨਹੀਂ, ਮਰਜ਼ ਨਾਲ ਲੜਣ ਦੀ

-ਸੰਜੀਵਨ ਸਿੰਘ

ਸੰਸਾਰ ਵਿਚ ਆਬਾਦੀ ਪੱਖੋਂ ਦੂਸਰੇ ਨੰਬਰ ਅਤੇ ਸਿਹਤ ਸਹੂਲਤਾਂ ਪੱਖੋਂ ਖਸਤਾ ਹਾਲ ਦੇ ਬਾਜਵੂਦ ਜੇ ਸਾਡਾ ਮੁਲਕ ਭਾਰਤ ਕੋਰੋਨਾ ਵਰਗੀ ਬਿਪਤਾ ਉਪਰ ਕਾਬੂ ਕਰਨ ਵਾਲੇ ਪਾਸੇ ਵੱਧ ਰਿਹਾ ਹੈ ਤਾਂ ਇਸ ਦਾ ਕਾਰਨ ਸਿਹਤ, ਸਫਾਈ ਤੇ ਮੀਡੀਆ ਕਾਮੇ, ਸੁਰਿੱਖਆ ਕਰਮਚਾਰੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ (ਵਿਸ਼ੇਸ਼ ਤੌਰ ’ਤੇ ਗੁਰੂ ਘਰ) ਦੇ ਸਿਰਤੋੜ ਯਤਨਾਂ, ਹਿੰਦੋਸਤਾਨ ਦੀ ਅਵਾਮ ਦੇ ਸਹਿਯੋਗ ਦੇ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਏ ਕਰਫਿਊ ਤੇ ਲਾਕਡਾਊਨ ਵਰਗੇ ਸਖ਼ਤ ਫੈਸਲਿਆਂ ਕਰਕੇ ਸੰਭਵ ਹੋ ਸਕਿਆ ਹੈ। ਜੇ ਸਭ ਨੇ ਰਲ ਕੇ ਹੰਭਲਾ ਨਾ ਮਾਰਿਆ ਹੁੰਦਾ ਤਾਂ ਇਸ ਗੰਭੀਰ ਤੇ ਖਤਰਨਾਕ ਮਹਾਂਮਾਰੀ ਦੇ ਨਤੀਜੇ ਦਿਲ ਕੰਬਾਊ ਤੇ ਤਬਾਹਕੁਨ ਹੋਣੇ ਸਨ। ਜਿੱਥੇ ਵਿਕਸਿਤ ਮੁਲਕ ਜਿਨ੍ਹਾਂ ਕੋਲ ਡਾਕਟਰ ਵੀ ਆਬਾਦੀ ਦੇ ਹਿਸਾਬ ਨਾਲ ਹਨ ਤੇ ਸਿਹਤ ਸਹੂਲਤਾਂ ਨਾਲ ਵੀ ਪੂਰੀ ਤਰ੍ਹਾਂ ਨਾਲ ਲੈਸ ਹਨ, ਉਥੇ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਕਈ ਅੱਧੇ ਕਰੋੜ ਦੇ ਕਰੀਬ ਤੇ ਮੌਤਾਂ ਦੀ ਗਿਣਤੀ ਅੱਧੇ ਲੱਖ ਦੇ ਕਰੀਬ ਹੈ। ਸਾਡੇ ਕੋਲ ਗਿਆਰਾਂ ਹਜ਼ਾਰ ਦੀ ਆਬਾਦੀ ਮਗਰ ਇਕ ਡਾਕਟਰ ਹੈ ਜਦਕਿ ਲੋੜ ਇਕ ਹਜ਼ਾਰ ਦੀ ਆਬਾਦੀ ਮਗਰ ਇਕ ਡਾਕਟਰ ਦੀ ਹੈ ਤੇ ਸਿਹਤ ਸਹੂਲਤਾਂ ਬਾਰੇ ਵੀ ਆਪਾ ਜਾਣਦੇ ਹੀ ਹਾਂ। ਪਰ ਇਸ ਦੇ ਬਾਵਜੂਦ ਕੋਰੋਨਾ ਪੀੜਤ ਲੱਖ ਦੇ ਕਰੀਬ ਤੇ ਮੌਤਾਂ ਤਿੰਨ ਹਜ਼ਾਰ ਦੇ ਕਰੀਬ। ਇਸ ਲਈ ਭਾਰਤ ਦਾ ਹਰ ਬਸ਼ਰ ਵਧਾਈ ਤੇ ਸ਼ਲਾਘਾ ਦਾ ਪਾਤਰ ਹੈ।

ਚੰਦ ਕੁ ਮਹੀਨੇ ਤਾਂ ਸਾਰੇ ਵਖਰੇਵੇਂ, ਮੱਤਭੇਦ, ਗਿਲੇ-ਸ਼ਿਕਵੇ ਅਤੇ ਨਿੱਜੀ ਹਿੱਤ ਭੁੱਲ-ਭੁੱਲਾ ਕੇ ਮੁਲਕ ਦੀ ਹਰ ਰਾਜਨੀਤਿਕ ਧਿਰ ਇਕ ਜੁੱਟ ਤੇ ਇਕਮੁੱਠ ਹੋ ਕੇ, ਮੋਢੇ ਨਾਲ ਮੋਢਾ ਮੇਚ ਕੇ ਕੋਰੋਨਾ ਵਰਗੀ ਸੰਕਟਮਈ ਸਥਿਤੀ ਨਾਲ ਨਜਿੱਠਦੀ ਤੇ ਲੋਕ-ਹਿੱਤ ਵਿਚ ਕਾਰਜ ਕਰਦੀ ਨਜ਼ਰ ਆਈ, ਖੁਸ਼ੀ ਵੀ ਹੋਈ ਤੇ ਤੱਸਲੀ ਵੀ। ਸਮਾਜ ਦੇ ਹਰ ਵਰਗ ਸਮੇਤ ਰਾਜਨੀਤਿਕ ਮਿੱਤਰ ਵੀ ਇਕ ਸੁਰ ਤੇ ਇਕ ਅਵਾਜ਼ ਵਿਚ ਇਸ ਬਿਪਤਾ ਤੋਂ ਨਿਜ਼ਾਤ ਪਾਉਣ ਦੀ ਗੱਲ ਕਰ ਰਹੇ ਹਨ, ਯਤਨ ਕਰ ਰਹੇ ਹਨ। ਪਰ ਪਿਛਲੇ ਕੁੱਝ ਹਫਤਿਆਂ ਤੋਂ ਰਾਜਨੀਤਿਕ ਫਾਇਦੇ ਦੇ ਇੱਛਾ ਕਾਰਣ ਘੁੱਤਰ-ਬਿੰਦੀਆਂ ਤੇ ਤਿਕੜਮਬਾਜ਼ੀਆਂ ਦਾ ਸਿਲਸਲਾ ਫੇਰ ਸ਼ੁਰੂ ਹੋ ਗਿਆ। ਰਾਸ਼ਣ ਦੇ ਪੈਕਟਾਂ ਉਪਰ ਫੋਟੋਆਂ ਚਪਕਾਉਣ ਦਾ ਸਿਲਸਿਲਾ। ਕੋਰੋਨਾ ਨੂੰ ਧਰਮਾਂ, ਫਿਰਕਿਆਂ, ਜਾਤਾ ਤੇ ਜਮਾਤਾਂ ਵਿਚ ਵੰਡਣ ਦਾ ਸਿਲਸਿਲਾ। ਦੂਸ਼ਣਬਾਜ਼ੀਆ ਦਾ ਸਿਲਸਿਲਾ। ਰਾਜਨੀਤਿਕ ਨਫ਼ੇ-ਨੁਕਸਾਨ ਦੇ ਮੱਦੇਨਜ਼ਰ ਬਿਆਨਬਾਜ਼ੀਆਂ ਤੇ ਤੋਹਮਤਬਾਜ਼ੀਆਂ ਦਾ ਸਿਲਸਿਲਾ। ਇਸ ਸੰਕਟ ਵਿਚੋਂ ਵੀ ਸੱਤਾ ਹਾਸਿਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਸਿਲਸਿਲਾ।

ਰਾਜਨੀਤਿਕ ਧਿਰਾਂ ਦੀ ਸੱਤਾ ਪ੍ਰਾਪਤੀ ਦੀ ਲਾਲਸਾ ਕੋਈ ਮਾੜੀ ਗੱਲ ਨਹੀਂ, ਨਾ ਹੀ ਅਣਹੋਣੀ ਇੱਛਾ ਹੈ ਪਰ ਕੁਰਸੀ ਖਾਤਿਰ ਸਭ ਇਖ਼ਲਾਕੀ ਨਿਘਾਰ ਦੀਆਂ ਹੱਦਾਂ-ਬੰਨੇ ਟੱਪ ਜਾਣਾ, ਬੁਰੇ ਦੇ ਘਰ ਤਕ ਵੀ ਜਾਣ ਤੋਂ ਗੁਰੇਜ਼ ਨਾ ਕਰਨਾ ਮੰਦਭਾਗਾ ਤੇ ਅਫਸੋਸਨਾਕ ਲਾਜ਼ਮੀ ਹੈ। ਹਰ ਰਾਜ ਦੀ ਨੀਤੀ ਹੁੰਦੀ ਹੈ, ਹੋਣੀ ਚਾਹੀਦੀ ਵੀ ਹੈ। ਕਿਸੇ ਵੀ ਰਾਜ ਦੀ ਮੁੱਢਲੀ ਤੇ ਅਹਿਮ ਲੋੜ/ਸ਼ਰਤ ਲੋਕ ਹਨ। ਜੇ ਲੋਕ ਹੀ ਇਸ ਬਿਪਤਾ ਨੇ ਡਕਾਰ ਲਏ, ਜੇ ਵੋਟਾਂ ਹੀ ਕੋਰੋਨਾ ਦੀ ਬਲੀ ਚੜ੍ਹ ਗਈਆਂ ਤਾਂ ਇਹ ਰਾਜਨੀਤੀ ਦੇ ਖਿਲਾੜੀ ਰਾਜਨੀਤੀ ਕਿਨ੍ਹਾਂ ਉਪਰ ਅਤੇ ਕਿਸ ਲਈ ਕਰਨਗੇ। ਜੇ ਜ਼ੁਲਮ ਸਹਿਣ ਵਾਲੇ ਈ ਨਾ ਬਚੇ ਤਾ ਜ਼ੁਲਮ ਹੋਊ ਕਿਨ੍ਹਾਂ ਉਪਰ, ਜੇ ਗ਼ਰੀਬ ਹੀ ਨਾ ਰਹੇ ਤਾਂ ਅਮੀਰ ਆਪਣੀ ਅਮੀਰੀ ਦੀ ਧੌਂਸ ਕਿਨ੍ਹਾਂ ਉੱਪਰ ਜਮਾਉਣਗੇ। ਜੇ ਝੁੱਗੀਆਂ ਹੀ ਨਾ ਰਹੀਆਂ ਤਾਂ ਮਹਿਲਾਂ ਨੂੰ ਆਪਣੇ ਉੱਚੇ ਅਤੇ ਮਿਨਾਰਾਂ ਦਾ ਅਹਿਸਾਸ ਕਿਵੇਂ ਹੋਵੇਗਾ, ਜੇ ਸਰੀਰ ਨਾਲੋਂ ਹੱਥ ਤੇ ਪੈਰ ਹੀ ਵੱਖ ਹੋ ਗਏ ਤਾਂ ਸਰੀਰ ਬੱਚੇਗਾ ਕਿਵੇਂ।

ਰਹੀ ਗੱਲ ਕੋਰੋਨਾ ਦੀ ਇਸ ਨੂੰ ਹੋਰਨਾਂ ਵਾਇਰਸਾ ਵਾਂਗ ਆਪਣੀ ਜ਼ਿੰਦਗੀ ਦਾ ਹਿੱਸਾ ਮੰਨ ਕੇ ਆਪਣੀ ਜਿਊਣ ਸ਼ੈਲੀ ਤੇ ਸੁਭਾਅ ਵਿਚ ਤਬਦੀਲੀ ਲਿਆਉਣੀ ਪਊ। ਲੜ ਰਿਹਾਂ ਬਾਰੇ ਕਿਹਾ ਜਾਂਦਾ ਹੈ, “ਦੇਖ ਤਾਂ ਕਿਵੇਂ ਗੁਥਮ-ਗੁੱਥਾ ਹੋਏ ਨੇ।” ਹੁਣ ਆਪਾਂ ਨੂੰ ਗੁਥਮ-ਗੁੱਥਾ ਹੋਣ ਤੋਂ ਗੁਰੇਜ਼ ਕਰਨਾ ਪਊ। ਲੜਣ ਦੇ ਹੋਰ ਢੰਗ ਤਰੀਕੇ ਸੋਚਣੇ/ਖੋਜਣੇ ਪੈਣਗੇ। ਹੁਣ ਸਾਨੂੰ ਆਪਣੇ ਮਿੱਤਰ-ਪਿਆਰੇ ਨਾਲ ਗਰਮ-ਜੋਸ਼ੀ ਨਾਲ ਗਲਵਕੜੀ/ਜੱਫੀ ਪਾ ਕੇ ਮਿਲਣ ਲੱਗੇ ਵੀ ਕਈ ਵਾਰ ਸੋਚਣਾ ਪਊ। ਹੋਰ ਤਾਂ ਹੋਰ ਬਦ-ਦੁਆਵਾਂ ਵਿਚ ਵੀ ਇਕ ਹੋਰ ਬਦ-ਦੁਆ ਦਾ ਇਜ਼ਾਫਾ ਹੋ ਗਿਆ। “ਤੈਨੂੰ ਚਿੰਬੜ ਜੇ ਕੋਰੋਨਾ।”

ਆਪਣਾ ਮੁਲਕ, ਆਪਣੀ ਸਰਜ਼ਮੀਨ ਛੱਡ ਸਰਦੇ-ਪੁੱਜਦੇ ਮੁਲਕਾਂ ਵਿਚ ਰੈਣ-ਬਸੇਰਾ ਪਹਿਲਾਂ ਸਾਡੀ ਇੱਛਾ ਸੀ, ਲਲਕ ਸੀ ਪਰ ਹੁਣ ਹਾਬੜ ਹੈ। ਹੁਣ ਜਦ ਕੋਰੋਨਾ ਵਰਗੀ ਵਿਗੜੀ ਹੋਈ ‘ਤੇ ਬੇਕਾਬੂ ਸ਼ੈਅ ਨੇ ਰੱਜੀ-ਪੱਜੀ, ਸੁੱਖ-ਸਹੂਲਤਾਂ ਵਾਲੀ, ਜਿਸ ਦਾ ਹੰਕਾਰ ਤੇ ਗੁੱਸਾ ਹਮੇਸ਼ਾ ਸੱਤਵੇਂ ਅਸਮਾਨ ਰਹਿੰਦਾ, ਆਪਣੇ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਟਿੱਚ ਨਾ ਜਾਨਣ ਵਾਲੀ ਮਤਰੇਈ ਦੀਆਂ ਗੋਡਣੀਆਂ ਲਵਾ ਦਿੱਤੀਆਂ ਹਨ, ਚੀਕਾਂ ਕਢਵਾ ਦਿੱਤੀਆਂ ਹਨ ਪਰ ਸਾਡੀ ਗਰੀਬੜੀ ਸਕੀ ਮਾਂ ਨੇ ਆਪਣੇ ਬੱਚਿਆਂ ਨੂੰ, ਆਪਣੀ ਔਲਾਦ ਨੂੰ ਆਪਣੀ ਬੁੱਕਲ ਵਿਚ ਲੈ ਕੇ ਇਸ ਤਰ੍ਹਾਂ ਹਿਫ਼ਾਜ਼ਤ ਕੀਤੀ, ਜਿਵੇਂ ਚਿੜੀ ਆਪਣੇ ਨਿੱਕੇ ਮਾਸੂਮ ਬੋਟਾਂ ਨੂੰ ਆਪਣੇ ਖੰਭਾਂ ਹੇਠ ਛੁਪਾ ਕੇ ਕਰਦੀ ਹੈ। ਪਰ ਸਾਡਾ ਆਪਣੀ ਮਾਂ ਦੀ ਬੁੱਕਲ ਵਿਚ ਸਾਡਾ ਦਮ ਘੁੱਟ ਰਿਹਾ ਹੈ, ਉਕਤਾ ਗਏ ਹਾਂ ਅਸੀਂ ਆਪਣੀ ਮਾਂ ਦੇ ਨਿੱਘ ਤੋਂ। ਅਸੀਂ ਮਾਂ ਨੂੰ ਅਲਵਿਦਾ ਕਹਿ ਕੇ ਮਤਰੇਈ ਦੇ ਨੇੜੇ ਹੋਣ ਦੇ ਯਤਨ ਕਰਨ ਲੱਗ ਪਏ। ਮਤਰੇਈ ਸੱਜੀ-ਫੱਬੀ ਤੇ ਇੱਤਰ-ਫਲੇਲਾਂ ਦੀ ਮਹਿਕਾਂ ਬਿਖੇਰ ਰਹੀ ਹੈ, ਰੱਜੀ-ਪੁੱਜੀ ਹੈ। ਅਸੀਂ ਆਪਣੀਆਂ ਕੱਚੀਆਂ ਛੱਡ ਕੇ ਪੱਕੀਆਂ ਨਾਲ ਮੋਹ ਪਾਲ ਰਹੇ ਹਾਂ। ਰੁੱਖੀ-ਮਿੱਸੀ ਛੱਡ ਚੋਪੜੀਆਂ ਲਈ ਲਾਰਾਂ ਟਪਕਾ ਰਹੇ ਹਾਂ। ਸੰਸਾਰ ਪੱਧਰ ਉਪਰ ਇਨ੍ਹਾਂ ਕੁੱਝ ਵਾਪਰਨ/ਘਟਨ ਤੋਂ ਬਾਅਦ ਹੁਣ ਵੇਖਣਾ ਇਹ ਹੈ ਕਿ ਸਾਡੀ ਮਤਰੇਈ ਦੇ ਘਨੇੜੇ ਚੜ੍ਹਣ ਦੀ ਹਾਬੜ ਰਹਿੰਦੀ ਹੈ।ਜਾਂ………।

ਜੇ ਆਪਾਂ ਇਸ ਖੁਸ਼ਫਹਿਮੀ ਵਿਚ ਹੋਈਏ ਕਿ ਕੋਰੋਨਾ ਦਾ ਮੁਕਮੰਲ ਰੂਪ ਵਿਚ ਖਾਤਮਾਂ ਹੋ ਜਾਵੇਗਾ ਤਾਂ ਆਪਾਂ ਸਾਰੇ ਹੀ ਸੁਪਨ ਸੰਸਾਰ ਵਿਚ ਰਹਿ ਰਹੇ ਹੋਵਾਂਗੇ।ਇਹ ਕੋਈ ਚੱਲ ਰਿਹਾ ਟੀ.ਵੀ. ਨਹੀਂ ਜੋ ਰਿਮੋਟ ਨਾਲ ਬੰਦ ਹੋ ਜਾਵੇਗਾ। ਨਾ ਹੀ ਪਾਣੀ ਦੀ ਟੂਟੀ ਹੈ ਜਿਹੜੀ ਬੰਦ ਹੋ ਸਕਦੀ ਹੈ। ਤੇ ਨਾ ਹੀ ਲਾਕਡਾਉਨ ਤੇ ਕਰਫਿਊ ਹੀ ਲੰਮਾ ਸਮਾਂ ਲਗਾ ਕੇ ਸਰਨਾ ਹੈ।

ਸਰਕਾਰਾਂ ਤੇ ਪ੍ਰਸ਼ਾਸਨ ਨੇ ਵੀ ਜਿਥੋਂ ਤੱਕ ਹੋ ਸਕਿਆ ਆਪਣਾ ਫਰਜ਼ ਪੂਰਾ ਕੀਤਾ। ਹੁਣ ਜ਼ਰੂਰਤ ਹੈ ਆਪਾਂ ਨੂੰ ਆਪਣੇ ਇਨਸਾਨੀ ਫਰਜ਼ ਤੇ ਜ਼ੁੰਮੇਵਾਰੀ ਸਮਝਣ ਦੀ।ਹੁਣ ਜ਼ਰੂਰਤ ਹੈ ਤਰਜ਼ੇ-ਏ-ਜ਼ਿੰਦਗੀ ਵਿਚ ਬਦਾਲਅ ਦੀ। ਹੁਣ ਜ਼ਰੂਰਤ ਹੈ ਕਲਮਾਂ ਤੇ ਅਕਲਾਂ ਆਪਣੀਆਂ ਕਿਰਤਾਂ ਰਾਹੀਂ ਕੋਰੋਨਾ ਵਰਗੀ ਸੰਕਟਮਈ ਤੇ ਦਮ ਘੁੱਟਵੇਂ ਮਾਹੌਲ ਨੂੰ ਸਹਿਜਤਾ ਨਾਲ ਲੈਣ ਲਈ ਅਵਾਮ ਨੂੰ ਜ਼ਹਿਨੀ ਤੌਰ ਉਪਰ ਤਿਅਰ ਕਰਨ। ਹੁਣ ਜ਼ਰੂਰਤ ਹੈ ਮੱਨੁਖ ਵੱਲੋਂ ਆਪੇ ਸਹੇੜੇ ਇਸ ਮਾਹੌਲ ਵਿਚ ਜਿਊਣ ਦੀ ਆਦਤ ਪਾਉਂਣ ਦੀ।

ਹੁਣ ਜ਼ਰੂਰਤ ਹੈ ਆਪਣੀ, ਆਪਣੇ ਪ੍ਰੀਵਾਰ ਦੀ, ਆਲੇ-ਦੁਆਲੇ ਦੀ ਅਤੇ ਆਪਣੇ ਮੁਲਕ ਦੀ ਹਿਫਾਜ਼ਤ ਖੁੱਦ ਕਰਨ ਦੀ। ਹੁਣ ਜ਼ਰੂਰਤ ਮਰੀਜ਼ ਨਾਲ ਲੜਣ ਦੀ ਨਹੀਂ, ਮਰਜ਼ ਨਾਲ ਲੜਣ ਦੀ ਹੈ। ਲੋੜ ਹੈ ਆਪਣੇ ਆਪ ਉਪਰ, ਆਪਣੇ ਮੁਲਕ ਉਪਰ, ਆਪਣੀ ਸਰਜ਼ਮੀਨ ਉਪਰ ਭਰੋਸਾ ਕਰਨ ਦੀ, ਮਾਣ ਕਰਨ ਦੀ। ਲੋੜ ਆਪਣੇ ਲੋਕਾਂ ਲਈ ਜਿਊਣ ਦੀ ਹੈ, ਆਪਣਿਆਂ ਲਈ ਮਰਨ ਦੀ ਹੈ, ਕੁੱਝ ਕਰ ਗੁਜ਼ਰਨ ਦੀ ਹੈ।

ਸਰਬਤ ਦਾ ਭਲਾ ਚਾਹੁਣ ਵਾਲੀਆਂ ਸੰਸਾਰ ਭਰ ਦੀਆਂ ਰਾਜਨੀਤਿਕ, ਧਾਰਿਮਕ, ਸਮਾਜਿਕ ਅਤੇ ਬੁੱਧੀਜੀਵੀ ਧਿਰਾਂ ਸਭ ਹੱਦ-ਬੰਨੇ, ਭੇਦ-ਭਾਵ, ਨਫ਼ੇ-ਨੁਕਸਾਨ ਤੇ ਵੈਰ-ਵਿਰੋਧ ਤੋਂ ਉਪਰ ਉਠ ਕੇ, ਹਰ ਕਿਸਮ ਦੇ ਰਾਜਨੀਤਿਕ ਹਿੱਤਾਂ ਨੂੰ ਪਰਾਂ ਰੱਖਕੇ ਜੇ ਇੱਕਠੇ ਹੋ ਕੇ ਪੂਰੀ ਸ਼ਕਤੀ, ਪੂਰੀ ਸ਼ਿਦਤ, ਇਮਾਨਦਾਰੀ ਤੇ ਦਿਆਨਤਦਾਰੀ ਨਾਲ ਹੰਭਲਾ ਮਾਰਨ ਤਾਂ ਕੋਰੋਨਾ ਵਰਗੀਆਂ ਬਿਮਾਰੀਆ ਤਾਂ ਕੀ ਦੁਨੀਆਂ ਦੀ ਹਰ ਦਿੱਕਤ, ਹਰ ਦੁਸ਼ਵਾਰੀ, ਹਰ ਔਕੜ, ਹਰ ਸੰਕਟ ਦੂਰ ਹੋ ਸਕਦਾ ਹੈ।

ਸੰਪਰਕ: 94174-60656

Check Also

ਪੰਜਾਬ ਵਿੱਚ ਕਿਉਂ ਸੁੱਕ ਰਿਹਾ ਹੈ ਰਾਜ ਰੁੱਖ

ਟਾਹਲੀ ਮੂਲ ਤੌਰ ‘ਤੇ ਭਾਰਤ ਅਤੇ ਦੱਖਣ ਏਸ਼ੀਆ ਨਾਲ ਸਬੰਧਤ ਹੈ। ਬਲੈਕਵੁੱਡ, ਸ਼ੀਸ਼ਮ, ਰੋਜਵੁੱਡ ਨਾਲ …

Leave a Reply

Your email address will not be published. Required fields are marked *