ਸਨੀ ਦਿਓਲ ਤੇ ਹੋਰ ਲੋਕ ਨੁਮਾਇੰਦਿਆਂ ਦੇ ਕਿਉਂ ਲੱਗਦੇ ਨੇ ਗੁੰਮਸ਼ੁਦਗੀ ਦੇ ਪੋਸਟਰ

TeamGlobalPunjab
5 Min Read

-ਅਵਤਾਰ ਸਿੰਘ

ਪਿਛਲੇ ਦਿਨੀਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਜਿੱਤੇ ਬਾਲੀਵੁਡ ਦੇ ਸਿਤਾਰੇ ਸਨੀ ਦਿਓਲ, ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤੇ ਸੁਖਪਾਲ ਸਿੰਘ ਖਹਿਰਾ ਅਤੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਲੋਕਾਂ ਵਲੋਂ ਆਪਣੇ ਆਪਣੇ ਹਲਕਿਆਂ ਵਿੱਚ ਵੋਟਰਾਂ ਨਾਲ ਕੀਤੇ ਵਾਅਦੇ ਨਾ ਨਿਭਾਉਣ ਖਿਲਾਫ ਗੁੰਮਸ਼ੁਦਗੀ ਦੇ ਪੋਸਟਰ ਲਾਏ ਗਏ ਹਨ। ਰੋਜ਼ਾਨਾ ਅਖਬਾਰਾਂ ਤੇ ਸੋਸ਼ਲ ਮੀਡੀਆ ‘ਤੇ ਇਨ੍ਹਾਂ ਖ਼ਬਰਾਂ ਨੇ ਖੂਬ ਕਲਿਕਾਂ ਤੇ ਸੁਰਖੀਆਂ ਵੀ ਬਟੋਰੀਆਂ ਹਨ।

ਚੋਣਾਂ ਵਿੱਚ ਜਿੱਤਣ ਤੇ ਹਾਰਨ ਵਾਲੇ ਉਮੀਦਵਾਰ ਵੋਟਰਾਂ ਨੂੰ ਆਪਣੇ ਵਾਅਦਿਆਂ ਨਾਲ ਇਸ ਕਦਰ ਭਰਮਾ ਲੈਂਦੇ ਕਿ ਉਹਨਾਂ ਨੂੰ ਮਜਬੂਰ ਕਰ ਦਿੰਦੇ ਕਿ ਇਹ ਹੀ ਸਾਡੇ ਹਲਕੇ ਦੀ ਜੂਨ ਸੁਧਾਰੇਗਾ। ਪਰ ਚੋਣ ਜਿੱਤਣ ਮਗਰੋਂ ਹਕੀਕਤ ਵਿੱਚ ਕੁਝ ਹੋਰ ਹੀ ਵਾਪਰਦਾ ਹੈ।

ਰਿਪੋਰਟਾਂ ਮੁਤਾਬਕ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵਿਨੋਦ ਖੰਨਾ ਤੋਂ ਬਾਅਦ ਚੋਣ ਜਿੱਤਣ ਵਾਲੇ ਸਨੀ ਦਿਓਲ ਦੀ ਹਲਕੇ ‘ਚ ਲਗਾਤਾਰ ਗੈਰਹਾਜ਼ਰੀ ਹੋਣ ਕਾਰਨ ਲੋਕ ਡਾਢੇ ਦੁਖੀ ਹਨ। 2019 ਦੀਆਂ ਚੋਣਾਂ ਦੌਰਾਨ ਸਨੀ ਦਿਓਲ ਨੇ ਚੋਣ ਜਿੱਤਣ ਲਈ ਲੋਹੜੇ ਦੀ ਗਰਮੀ ਵਿੱਚ ਹਲਕੇ ਦੇ ਨੀਮ ਪਹਾੜੀ ਖੇਤਰਾਂ ਸਮੇਤ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਲੱਸੀ ਪੀ ਪੀ ਕੇ ਰੋਡ ਸ਼ੋਅ ਕੀਤੇ ਅਤੇ ਝੋਲੀ ਅੱਡ ਵੋਟਾਂ ਮੰਗੀਆਂ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਜ਼ਦੀਕੀ ਸਾਥੀ ਉਸ ਦਾ ਪ੍ਰਚਾਰ ਦਾ ਹੋਰ ਕੰਮ ਸੰਭਾਲ ਰਹੇ ਸਨ।

- Advertisement -

ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਚੋਣ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਨਾਲ ਰਾਬਤਾ ਛੱਡ ਦਿੱਤਾ ਤੇ ਆਪਣੀ ਥਾਂ ਆਪਣਾ ਇਕ ਨਿੱਜੀ ਨੁਮਾਇੰਦਾ ਥਾਪ ਦਿੱਤਾ। ਵੋਟਰਾਂ ਦਾ ਕਹਿਣਾ ਹੈ ਕਿ ਜਿਸ ਜੋਸ਼ ਨਾਲ ਵੋਟਾਂ ਮੰਗੀਆਂ ਉਸੇ ਜੋਸ਼ ਨਾਲ ਇਲਾਕੇ ਦੇ ਕੰਮ ਵੀ ਹੋਣੇ ਚਾਹੀਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ (ਸਨੀ ਦਿਓਲ) ਦੇ ਮਹਿਜ਼ ਦਰਸ਼ਨਾਂ ਨੂੰ ਵੀ ਤਰਸ ਗਏ ਹਨ।

ਇਸੇ ਤਰ੍ਹਾਂ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਜਿਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾ ਕੇ ਚੋਣ ਜਿੱਤੀ ਸੀ, ਦੇ ਹਲਕੇ ਵਿੱਚ ਗੈਰਹਾਜ਼ਰ ਰਹਿਣ ਦੇ ਪੋਸਟਰ ਲੱਗਣ ਦੀਆਂ ਖ਼ਬਰਾਂ ਛਪੀਆਂ ਹਨ। ਭਾਵੇਂ ਉਨ੍ਹਾਂ ਨੇ ਇਸ ਨੂੰ ਸ਼ਰਾਰਤ ਦੱਸਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਦੁੱਖ ਸੁਖ ਵਿੱਚ ਸ਼ਰੀਕ ਹੁੰਦੇ ਰਹਿੰਦੇ ਹਨ ਪਰ ਚੋਣਾਂ ਦੌਰਾਨ ਕੀਤੇ ਵਾਅਦੇ ਅਜੇ ਵੀ ਪੂਰੇ ਨਹੀਂ ਹੋਏ ਲਗਦੇ।

ਇੰਜ ਹੀ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਹਲਕੇ ਤੋਂ ਲਗਾਤਾਰ ਚਲਦੀ ਆ ਰਹੀ ਗੈਰਹਾਜ਼ਰੀ ਦੇ ਰੋਸ ਵਜੋਂ 20 ਜਨਵਰੀ ਦੀ ਰਾਤ ਨੂੰ ਕਸਬਾ ਗੋਇੰਦਵਾਲ ਸਾਹਿਬ, ਫਤਿਆਬਦ ਅਤੇ ਖਡੂਰ ਸਾਹਿਬ ਦੇ ਪਿੰਡਾਂ ਵਿੱਚ ਕਿਸੇ ਨੇ ਵਿਧਾਇਕ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਦਿੱਤੇ ਸਨ। ਇਨ੍ਹਾਂ ਪੋਸਟਰਾਂ ‘ਤੇ ਵਿਧਾਇਕ ਵਲੋਂ ਹਲਕੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦੀ ਸੂਚੀ ਬਣਾ ਕੇ ਵਿਅੰਗ ਕੱਸਿਆ ਗਿਆ ਹੈ।

ਵਿਧਾਇਕ ਦੀ ਕਾਰਗੁਜਾਰੀ ਵਜੋਂ ਪਹਿਲੇ ਨੰਬਰ ‘ਤੇ ਹਲਕਾ ਖਡੂਰ ਸਾਹਿਬ ਦੀਆਂ ਟੁੱਟੀਆਂ ਸੜਕਾਂ, ਦੂਜੇ ਨੰਬਰ ‘ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਾਰੇ, ਤੀਜੇ ਨੰਬਰ ‘ਤੇ ਰੇਤ ਮਾਫੀਆ ਨੂੰ ਸ਼ਹਿ ਦੇਣਾ, ਚੌਥੇ ਨੰਬਰ ‘ਤੇ ਝੂਠੇ ਕੇਸ ਦਰਜ ਕਰਵਾਉਣਾ ਅਤੇ ਪੰਜਵੇਂ ਨੰਬਰ ‘ਤੇ ਥਾਣਿਆਂ ਤੇ ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਦੀ ਹੁੰਦੀ ਲੁੱਟ ਨੂੰ ਦਰਸਾਇਆ ਗਿਆ ਸੀ।

ਪੋਸਟਰ ‘ਤੇ ਲੱਗੀ ਵਿਧਾਇਕ ਦੀ ਫੋਟੋ ਉਪਰ ‘ਦਰਸ਼ਨਾਂ ਨੂੰ ਤਰਸੇ ਲੋਕ’ ਲਿਖਿਆ ਗਿਆ ਸੀ। ਇਸ ‘ਤੇ ਵਿਧਾਇਕ ਦੇ ਮੀਡੀਆ ਇੰਚਾਰਜ ਜਸਕੀਰਤ ਸਿੰਘ ਜਸ ਲਾਲਪੁਰਾ ਨੇ ਪੋਸਟਰ ਲਾਉਣ ਵਾਲੇ ਸ਼ਰਾਰਤੀ ਲੋਕਾਂ ਦੀ ਆਲੋਚਨਾ ਵੀ ਕੀਤੀ ਹੈ। ਉਧਰ ਵਿਧਾਇਕ ਰਮਨਜੀਤ ਸਿੰਘ ਸਿੱਕੀ ਹਰ ਸਾਲ ਵਾਂਗ ਸ੍ਰੀ ਹਰਮੰਦਿਰ ਸਾਹਿਬ ਵਿਖੇ ਇਕ ਮਹੀਨੇ ਲਈ ਸੇਵਾ ਕਰਨ ਲਈ ਗਏ ਹੋਏ ਹਨ। ਪਰ ਲੰਮੇ ਸਮੇਂ ਤੋਂ ਲੋਕਾਂ ਨਾਲ ਬਣੀ ਦੂਰੀ ਤੋਂ ਲੋਕ ਨਾਰਾਜ਼ ਹਨ।

- Advertisement -

ਦਰਅਸਲ ਹਿੰਦੁਸਤਾਨ ਦਾ ਵੋਟਰ ਵਿਚਾਰਾ ਭੁਲਣਹਾਰ ਹੈ। ਉਸ ਨੂੰ ਭੁਲਣ ਵਾਲੀ ਬਿਮਾਰੀ ਨੇ ਘੇਰਿਆ ਹੋਇਆ ਹੈ। ਉਸ ਨੂੰ ਸਿਆਸਤਦਾਨ ਯਾਦ ਹੀ ਨਹੀਂ ਰਹਿਣ ਦਿੰਦਾ ਕਿ ਅੱਜ ਕੀ ਹੋ ਗਿਆ ਤੇ ਕੱਲ੍ਹ ਕੀ ਕੁਝ ਵਾਪਰਿਆ ਸੀ। ਜੇ ਕਸ਼ਮੀਰ ਵਿੱਚ ਰੌਲਾ ਪੈ ਗਿਆ ਤਾਂ ਅਸਾਮ ‘ਚ ਵਿਵਾਦ ਸ਼ੁਰੂ ਹੋ ਜਾਂਦਾ ਤਾਂ ਉਸ ਨੂੰ ਭੁਲਾਉਣ ਲਈ ਕਾਨੂੰਨ ਦੀ ਨਵੀਂ ਸੋਧ ਦਾ ਵਿਵਾਦ ਛਿੜ ਜਾਂਦਾ। ਆਖ਼ਰ ਇਹ ਸਭ ਕੁਝ ਤਾਂ ਵੋਟਰਾਂ ਨੂੰ ਹੀ ਯਾਦ ਰੱਖਣ ਵਾਲੀਆਂ ਗੱਲਾਂ ਹਨ।

Share this Article
Leave a comment