Home / ਓਪੀਨੀਅਨ / ਰੱਖੜੀ – ਰਿਸ਼ਤਿਆਂ ਦੀ ਪਵਿੱਤਰਤਾ ਅਤੇ ਵਚਨਬੱਧਤਾ ਦਾ ਤਿਉਹਾਰ

ਰੱਖੜੀ – ਰਿਸ਼ਤਿਆਂ ਦੀ ਪਵਿੱਤਰਤਾ ਅਤੇ ਵਚਨਬੱਧਤਾ ਦਾ ਤਿਉਹਾਰ

– ਅਵਤਾਰ ਸਿੰਘ;

ਰੱਖੜੀ ਦਾ ਤਿਉਹਾਰ ਸਮੂਹ ਦੇਸ਼ ਵਾਸੀਆਂ ਵੱਲੋਂ ਬਹੁਤ ਸਾਰੇ ਤਿਉਹਾਰ ਵਿਸਾਖੀ, ਦੀਵਾਲੀ, ਲੋਹੜੀ, ਹੋਲੀ, ਰੱਖੜੀ ਰਲ ਮਿਲ ਕੇ ਖੁਸ਼ੀਆਂ ਤੇ ਚਾਵਾਂ ਮੁਲਾਰਾਂ ਮਨਾਏ ਜਾਂਦੇ ਹਨ।ਰੱਖੜੀ ਦਾ ਤਿਉਹਾਰ ਸਾਉਣ ਮਹੀਨੇ ਦੀ ਪੁੰਨਿਆ (ਪੂਰਨਮਾਸ਼ੀ) ਨੂੰ ਮਨਾਇਆ ਜਾਂਦਾ ਹੈ ਜੋ ਹਰ ਵਾਰ ਅਗਸਤ ਮਹੀਨੇ ਵਿੱਚ ਆਉਂਦਾ ਹੈ।

ਰੱਖੜੀ ਦਾ ਅਰਥ ਹੈ ਰੱਖਿਆ ਲਈ ਵਚਨਬੱਧ ਹੋਣਾ। ਜਿਨ੍ਹਾਂ ਔਰਤਾਂ ਦੇ ਪਤੀ ਜੰਗ ਵਿੱਚ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਦੀ ਜਾਨ ਤੇ ਸੁਖ ਲਈ ਆਪਣੇ ਪਤੀ ਦੇ ਗੁੱਟਾਂ ‘ਤੇ ਰੱਖੜੀ ਬੰਨਦੀਆਂ ਹਨ। ਕੁਝ ਲੋਕ ਤਿਉਹਾਰਾਂ ਨੂੰ ਧਰਮਾਂ ਵਿੱਚ ਵੰਡਣ ਦੀ ਕੋਸ਼ਿਸ ਕਰ ਰਹੇ ਹਨ, ਜਦਕਿ ਤਿਉਹਾਰ ਸਾਨੂੰ ਆਪਸ ਵਿੱਚ ਇਕੱਠੇ ਰਹਿਣ ਤੇ ਪਿਆਰ ਦੀ ਏਕਤਾ ਵਿੱਚ ਬੰਨ ਕੇ ਰੱਖਦੇ ਹਨ।

ਹੁਣ ਭੈਣ ਭਰਾਵਾਂ ਦੇ ਪਿਆਰ ਭਰੇ ਰਿਸ਼ਤੇ ਵਿੱਚ ਵੀ ਕੁੜੱਤਣ ਘੋਲੀ ਜਾ ਰਹੀ ਹੈ, ਇਸ ਤੋਂ ਬਚਣ ਦੀ ਲੋੜ ਹੈ। ਪ੍ਰਚਲਤ ਕਥਾਵਾਂ ਅਨੁਸਾਰ ਜਦ ਸਿੰਕਦਰ ਨੇ ਭਾਰਤ ‘ਤੇ ਹਮਲਾ ਕੀਤਾ ਤਾਂ ਉਸਦਾ ਸਾਹਮਣਾ ਰਾਜਾ ਪੋਰਸ ਨਾਲ ਸੀ। ਸਿੰਕਦਰ ਦੀ ਪਤਨੀ ਰੋਕਸਾਨਾ ਨੇ ਭਾਰਤ ਵਿੱਚ ਰੱਖੜੀ ਦੀ ਮਹੱਤਤਾ ਸਮਝ ਕੇ ਉਸ ਨੂੰ ਰੱਖੜੀ ਭੇਜੀ ਤੇ ਬਦਲੇ ਵਿੱਚ ਪਤੀ ਨੂੰ ਨਾ ਮਾਰਨ ਦਾ ਵਚਨ ਲਿਆ ਸੀ।

ਪੋਰਸ ਨੇ ਭੈਣ ਮੰਨਦੇ ਹੋਏ ਰੱਖੜੀ ਦਾ ਪੂਰਾ ਮਾਣ ਰੱਖਿਆ। ਇਕ ਹੋਰ ਕਹਾਣੀ ਮੁਤਾਬਿਕ ਰੱਖੜੀ ਦੀ ਸ਼ੁਰੂਆਤ 1530 ਵਿੱਚ ਹੋਈ,ਜਦੋਂ ਮੁਗਲ ਬਾਦਸ਼ਾਹ ਹਮਾਯੂੰ ਰਾਜਸਥਾਨ ਦੇ ਕਿਲੇ ਚਿਤੌੜਗੜ ਦੇ ਕਿਲੇ ਉਪਰ ਹਮਲਾ ਕਰਨ ਲੱਗਾ ਤਾਂ ਉਥੋਂ ਦੇ ਮਹਾਰਾਣਾ ਸਾਂਗਾ ਦੀ ਵਿਧਵਾ ਰਾਣੀ ਕਰਣਾਵਤੀ ਨੇ ਹਮਾਯੂ ਨੂੰ ਧਾਗਾ (ਰੱਖੜੀ) ਭੇਜ ਕੇ ਬੇਨਤੀ ਕੀਤੀ ਕਿ ਭਰਾ ਬਣ ਕੇ ਹਮਲਾ ਨਾ ਕਰ ਮੈਂ ਵਿਧਵਾ ਹਾਂ ਤੇ ਤੇਰੀ ਭੈਣਾਂ ਵਰਗੀ ਹਾਂ, ਫਿਰ ਉਸਨੇ ਫਿਰ ਹਮਲਾ ਨਹੀਂ ਕੀਤਾ। ਪਰ ਉਹ ਚਿਤੌੜ ਤੱਕ ਪਹੁੰਚਿਆ ਹੀ ਨੀ, ਉਹ ਗਵਾਲੀਅਰ ਤੱਕ ਹੀ ਪਹੁੰਚ ਸਕਿਆ।

ਇਸ ਦੌਰਾਨ ਬਹਾਦੁਰ ਸ਼ਾਹ ਨੇ ਕਰਨਾਵਤੀ ਤੇ ਹਮਲਾ ਕਰਤਾ ਸੀ ਪਰ ਰਾਣੀ ਕਰਨਾਵਤੀ ਉਸ ਦਾ ਸਾਹਮਣਾ ਨਾ ਕਰ ਸਕੀ ਤੇ ਉਹ ਚਿਤੌੜ ਦੀਆਂ ਕਈ ਔਰਤਾ ਸਮੇਤ ਅੱਗ ਵਿੱਚ ਜਲ ਕੇ ਸਵਾਹ ਹੋ ਗਈ। ਜਦੋਂ ਵੀ ਰਾਜਪੂਤ ਯੁੱਧ ਲਈ ਨਿਕਲਦੇ ਸਨ ਤਾਂ ਔਰਤਾਂ ਉਨਾਂ ਦੇ ਮੱਥੇ ‘ਤੇ ਤਿਲਕ ਲਾ ਕੇ ਗੁੱਟ ਤੇ ਧਾਗੇ ਬੰਨਦੀਆਂ ਸਨ।

ਇਹ ਧਾਗਾ ਜਿੱਤ ਦਾ ਸ਼ੁਭ ਚਿੰਨ ਮੰਨਿਆ ਜਾਂਦਾ ਸੀ। ਅੱਜ ਕੱਲ ਕੁਝ ਲੋਕਾਂ ਨੇ ਰੱਖੜੀ ਨੂੰ ਵਪਾਰ ਬਣਾ ਲਿਆ ਹੈ। ਭੈਣ ਭਰਾ ਦੇ ਪ੍ਰਤੀਕ ਪਵਿਤਰ ਰਿਸ਼ਤੇ ਨੂੰ ਪੈਸੇ ਦੇ ਤਰਾਜੂ ਵਿੱਚ ਨਹੀਂ ਤੋਲਣਾ ਚਾਹੀਦਾ। ਭਰਾਵਾਂ ਤੋਂ ਇਲਾਵਾ ਦੂਜੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਜਾਣ ਪਛਾਣ ਵਾਲਿਆਂ ਨੂੰ ਰੱਖੜੀ ਬੰਨ੍ਹ ਕੇ ਅਹਿਮੀਅਤ ਘਟਾਈ ਜਾ ਰਹੀ ਹੈ। ਕਈ ਕਈ ਦਿਨ ਪਹਿਲਾਂ ਤੋਂ ਅੰਧ-ਵਿਸ਼ਵਾਸੀ ਲੋਕ ਕਾਰਾਂ, ਮੋਟਰ ਸਾਇਕਲਾਂ, ਗੁਰਦੁਆਰਿਆਂ ਵਿਚ ਮੰਜੀ ਤੇ ਨਿਸ਼ਾਨ ਸਾਹਿਬ, ਦੁਕਾਨਾਂ, ਘਰਾਂ ਵਿਚ ਮੂਰਤੀਆਂ, ਦਰਵਾਜਿਆਂ ਨੂੰ ਰੱਖੜੀ ਬੰਨੀ ਜਾਂਦੇ ਹਨ। ਅਜਿਹੇ ਲੋਕ ਰੱਖੜੀ ਜਾਂ ਹੋਰ ਸਮੇ ਗੁੱਟ ਤੇ ਬੰਨੇ ਮੌਲੀ ਦੇ ਧਾਗੇ ਨੂੰ ਉਨਾਂ ਚਿਰ ਨਹੀਂ ਲਾਹੁੰਦੇ ਜਿੰਨਾ ਚਿਰ ਇਹ ਆਪਣੇ ਆਪ ਗਲ ਸੜ ਕੇ ਲਹਿ ਜਾਂ ਟੁੱਟ ਨਾ ਜਾਵੇ।

ਮਹਾਂਰਾਸ਼ਟਰ, ਗੁਜਰਾਤ, ਗੋਆ ਆਦਿ ਵਿਚ ਇਸ ਦਿਨ ਸਮੁੰਦਰ ਦੇਵਤਾ ਨੂੰ ਨਾਰੀਅਲ ਭੇਟ ਕਰਕੇ ਨਿਰਾਲੀ ਪੂਰਨਿਮਾ ਤਿਉਹਾਰ ਮਨਾਇਆ ਜਾਂਦਾ ਹੈ। ਉਤਰਾਖੰਡ ਵਿੱਚ ਜਨੇਉ ਦੇ ਧਾਗੇ ਨੂੰ ਬਦਲਦੇ ਹਨ। ਪੱਛਮ ਬੰਗਾਲ ਵਿੱਚ ਭਗਵਾਨ ਕਿਰਸ਼ਨ ਤੇ ਰਾਧਾ ਦੀ ਪੂਜਾ ਕਰਕੇ ਰੱਖੜੀ ਨੂੰ ਝੂਲਨ ਪੂਰਨਿਮਾ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਉੜੀਸਾ ਵਿੱਚ ਗਾਂਵਾ ਤੇ ਬਲਦਾਂ ਨੂੰ ਸਜਾਉਦੇ ਹਨ ਤੇ ਇਸ ਦਿਨ ਪੇਠੇ ਵਰਗਾ ਪਕਵਾਨ ਬਣਾ ਕੇ ਆਂਢ ਗੁਆਂਢ ਤੇ ਦੋਸਤਾਂ ਨੂੰ ਵੰਡਦੇ ਹਨ।

ਮੱਧ ਪ੍ਰਦੇਸ਼, ਬਿਹਾਰ, ਛਤੀਸਗੜ੍ਹ ਤੇ ਝਾਰਖੰਡ ਵਿੱਚ ਕਿਸਾਨਾਂ ਤੇ ਔਰਤਾਂ ਲਈ ਖਾਸ ਦਿਨ ਹੁੰਦਾ ਹੈ ਇਸ ਨੂੰ ਕਜਰੀ ਪੂਰਨਿਮਾ ਕਹਿਆ ਜਾਂਦਾ ਹੈ। ਇਸ ਦਿਨ ਭੈਣਾਂ ਭਰਾਵਾਂ ਦੇ ਰੱਖੜੀ ਬੰਨ੍ਹ ਕੇ ਮੂੰਹ ਮਿੱਠਾ ਕਰਾਉਦੀਆਂ ਹੋਈਆਂ ਸੁੱਖ ਮੰਗਦੀਆਂ ਹਨ ਤੇ ਲੰਮੀ ਉਮਰ ਦੀਆਂ ਕਾਮਨਾਵਾਂ ਕਰਦੀਆ ਹਨ। ਭਰਾ ਵਲੋਂ ਦਿੱਤੇ ਤੋਹਫੇ ਨੂੰ ਪਿਆਰ ਨਾਲ ਸਵੀਕਾਰ ਕਰਕੇ ਸੀਨੇ ਨਾਲ ਲਾਉਦੀਆਂ ਹਨ। ਇਸ ਨੂੰ ਮਦਰ ਡੇ, ਫਾਦਰ ਡੇ ਵਾਂਗ ਭੈਣਾਂ ਦਾ ਦਿਨ ‘ਭੈਣ ਦਿਵਸ’ ਵੀ ਕਿਹਾ ਜਾਂਦਾ ਹੈ। ਭੈਣ ਭਰਾ ਦੀ ਗਲਤੀ ਮਾਫ ਕਰ ਦਿੰਦੀ ਹੈ ਪਰ ਭਰਾ ਭੈਣ ਦੀ ਗਲਤੀ ਕਦੇ ਮਾਫ ਨਹੀਂ ਕਰਦਾ। ਰੱਖੜੀ ਦੇ ਪੁਰਾਣੇ ਗੀਤ ਦੀਆਂ ਲਾਇਨਾਂ :

ਭੈਣ ਕੋਲੋਂ ਵੀਰ ਵੇ ਬੰਨਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ । ਇਸ ਵਿਚ ਚਾਅ ਤੇ ਮੁਲਾਰ ਭੈਣ ਦਾ, ਰੀਝਾਂ ਨਾਲ ਗੁੰਦਿਆ ਪਿਆਰ ਭੈਣ ਦਾ। ਤੈਨੂੰ ਵੇ ਉਡੀਕਦੀ ਨੂੰ ਅੱਖਾਂ ਥੱਕੀਆਂ, ਗੁੜ ਨੂੰ ਭਿਉਂ ਕੇ ਮੈਂ ਬਣਾਈਆਂ ਮੱਠੀਆਂ। ਕੜਾਹੀ ਵਿਚ ਪਾਵਾਂ ਮੈਂ ਘਿਉ ਤੇਲ ਵੇ, ਭੈਣ ਵੇ ਉਡੀਕਦੀ ਨਾ ਲਾਈ ਦੇਰ ਵੇ, ਰੱਖੜੀ ਬਨਾੳਣ ਵੇਲੇ ਆਉ ਆਨੰਦ ਵੇ, ਚੌਂਧਵੀ ਦਾ ਵੀਰ ਮੇਰਾ ਇਕੋ ਚੰਨ ਵੇ।

                   ***

Check Also

ਸਿਆਸੀ ਦਾਅ ਪੇਚ ‘ਚ ਗਵਾਚਦੇ ਲੋਕਾਂ ਦੇ ਮਸਲੇ

 ਬਿੰਦੁੂ ਸਿੰਘ ਇੰਝ ਜਾਪਦਾ ਹੈ  ਕਿ ਪੰਜਾਬ ‘ਚ ਰੈਲੀਆਂ ਤੇ ਰੋਕ ਲੱਗਣ ਦੇ ਨਾਲ ਨਾਲ  …

Leave a Reply

Your email address will not be published. Required fields are marked *