ਪਹਿਲਾਂ ਬਰਿਆਨੀ ਖਾਣ ਨੂੰ ਲੈਕੇ ਕਾਂਗਰਸੀਆਂ ‘ਚ ਹੋਈ ਘਸੁੰਨ-ਮੁੱਕੀ, 34 ਲੋਕਾਂ ‘ਤੇ ਪਰਚਾ ਦਰਜ

TeamGlobalPunjab
2 Min Read

ਮੁਜ਼ੱਫਰਨਗਰ : ਤੁਸੀਂ ਵਿਆਹਾਂ ਸ਼ਾਦੀਆਂ ‘ਚ ਤਾਂ ਖਾਣ ਪੀਣ ਦੇ ਸਮਾਨ ਨੂੰ ਲੈਕੇ ਲੜਾਈਆਂ ਹੁੰਦੀਆਂ ਤਾਂ ਆਮ ਦੇਖੀਆਂ ਹੋਣੀਆਂ ਨੇ, ਪਰ ਅੱਜ ਜਿਸ ਮਾਮਲੇ ਤੋਂ ਅਸੀਂ ਪਰਦਾ ਚੁੱਕਣ ਜਾ ਰਹੇ ਆਂ ਉਹ ਕਿਸੇ ਵਿਆਹ ਦਾ ਨਹੀਂ ਬਲਕਿ ਕਾਂਗਰਸ ਪਾਰਟੀ ਦੀ ਰੈਲੀ ਦਾ ਹੈ।  ਜਿੱਥੇ ਕਾਂਗਰਸੀ ਵਰਕਰਾਂ ਵਿਚਕਾਰ ਪਹਿਲਾਂ ਬਰਿਆਨੀ ਖਾਣ ਨੂੰ  ਲੈਕੇ ਤਕਰਾਰਾਂ ਹੋ ਗਈਆਂ ਅਤੇ ਇਹ ਤਕਰਾਰਾਂ ਕਦੋਂ ਘਸੁੰਨ-ਮੁੱਕੀ ਚ ਤਬਦੀਲ ਹੋ ਗਈਆਂ ਪਤਾ ਈ ਨਹੀਂ ਲੱਗੀਆ। ਇਸ ਘਟਨਾਂ ਵਿੱਚ ਕਈ ਲੋਕ ਜ਼ਖਮੀ ਹੋਏ ਵੀ ਦੱਸੇ ਜਾਂਦੇ ਨੇ।

ਦੱਸ ਦਈਏ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਜਿੱਥੇ ਬਿਜਨੌਰ ਸੀਟ ਤੋਂ ਐਲਾਨੇ ਗਏ ਉਮੀਦਵਾਰ ਨਸੀਮੂਦੀਨ ਸੱਦੀਕੀ ਦੇ ਸਮਰਥਕਾਂ ਵਿਚਕਾਰ ਪਹਿਲਾਂ ਬਰਿਆਨੀ ਖਾਣ ਨੂੰ ਲੈ ਕੇ ਝੜਪ ਹੋ ਗਈ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਰੈਲੀ ਤੋਂ ਬਾਅਦ ਦੁਪਿਹਰ ਦੇ ਖਾਣੇ ‘ਚ ਵਰਕਰਾਂ ਨੂੰ ਬਰਿਆਨੀ ਪਰੋਸੀ ਜਾਣੀ ਸੀ, ਪਰ ਵਰਕਰਾਂ ਨੂੰ ਇੰਨੀ ਭੁੱਖ ਲੱਗ ਗਈ ਕਿ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਇੱਕ ਦੂਜੇ ਤੋਂ ਪਹਿਲਾਂ ਬਰਿਆਨੀ ਖਾਣ ਨੂੰ ਲੈ ਕੇ ਹੋਈ ਛੋਟੀ ਮੋਟੀ ਤਕਰਾਰ ਕਈਆਂ ਨੂੰ ਲਹੂ ਲਹਾਨ ਕਰ ਗਈ। ਹੱਦ ਤਾਂ ਉਦੋਂ ਹੋ ਗਈ ਕਿ ਬਰਿਆਨੀ ਦੀ ਥਾਂ ਕੁੱਟ ਖਾਣ ਤੋਂ ਬਾਅਦ ਇਨ੍ਹਾਂ ਜ਼ਖਮੀਆਂ ਨੂੰ ਚੋਣ ਅਧਿਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਚੋਣ ਅਧਿਕਾਰੀਆਂ ਨੇ ਰੈਲੀ ਦੌਰਾਨ ਬਰਿਆਨੀ ਪਰੋਸੇ ਜਾਣ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ 34 ਲੋਕਾਂ ਖਿਲਾਫ ਪਰਚਾ ਦਰਜ਼ ਕਰਨ ਦੇ ਵੀ ਹੁਕਮ ਦਿੱਤੇ ਹਨ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਰਾਜਨੀਤੀ ਅੰਦਰ ਆਪਣੇ ਆਪ ਵਿੱਚ ਇੱਕ ਨਿਵੇਕਲੀ ਘਟਨਾ ਹੈ, ਜਿਸ ਬਾਰੇ ਲੋਕਾਂ ਨੇ ਹੱਸ ਹੱਸ ਕੇ ਆਪਣਿਆਂ ਦੇ ਦੁੱਖ ਹੋਰਾਂ ਅੱਗੇ ਬਿਆਨ ਕੀਤੇ ਹਨ।

 

Share this Article
Leave a comment