Breaking News

ਹਰਪਾਲ ਚੀਮਾ ਵੱਲੋਂ ਅੰਕੜਿਆਂ ਆਧਾਰਤ ਕਿਤਾਬ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ

ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਯੋਜਨਾ ਵਿਭਾਗ ਦੇ ਅੰਕੜਾ ਡਾਇਰੈਕਟੋਰੇਟ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮਹੱਤਵਪੂਰਨ ਅੰਕੜਿਆਂ ਦਾ ਸੰਗ੍ਰਹਿ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ ਕੀਤਾ। ਇਸ ਕਿਤਾਬ ਵਿੱਚ ਪੰਜਾਬ ਦੀ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਾਰੀਆਂ ਮਹੱਤਵਪੂਰਨ ਵਸਤੂਆਂ ਬਾਰੇ ਪ੍ਰਮਾਣਿਕ ਅੰਕੜੇ ਦਿੱਤੇ ਗਏ ਹਨ ਅਤੇ ਇਸ ਵਿੱਚ ਪੰਜਾਬ ਦੀ ਆਰਥਿਕਤਾ ਦੇ ਮਹੱਤਵਪੂਰਨ ਸਮਾਜਿਕ-ਆਰਥਿਕ ਸੂਚਕਾਂ ਬਾਰੇ ਤਾਜ਼ਾ ਉਪਲਬਧ ਅੰਕੜਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਇੱਥੇ ਪੰਜਾਬ ਭਵਨ ਵਿਖੇ ਇਹ ਪੁਸਤਕ ਜਾਰੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੋਜਨਾ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚ ਇਸ ਪੁਸਤਕ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਪੁਸਤਕ ਖੋਜ ਸੰਸਥਾਵਾਂ, ਯੂਨੀਵਰਸਿਟੀਆਂ, ਕਾਲਜਾਂ, ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਅਤੇ ਨੀਤੀ ਨਿਰਮਾਤਾਵਾਂ ਅਤੇ ਪ੍ਰਸ਼ਾਸਕਾਂ ਲਈ ਵਿਕਾਸ, ਖੋਜ ਨੀਤੀ ਸਬੰਧੀ ਫੈਸਲਿਆਂ ਅਤੇ ਹੋਰ ਅਹਿਮ ਫੈਸਲਿਆਂ ਲਈ ਲਾਹੇਵੰਦ ਹੋਵੇਗੀ। ਉਨ੍ਹਾਂ ਨੇ ਇਸ ਪੁਸਤਕ ਨੂੰ ਤਿਆਰ ਕਰਨ ਲਈ ਕੀਤੇ ਗਏ ਸੁਹਿਰਦ ਯਤਨਾਂ ਲਈ ਕਰਨ ਲਈ ਆਪਣੇ ਯੋਜਨਾ ਵਿਭਾਗ ਨੂੰ ਵਧਾਈ ਦਿੱਤੀ।

ਇਸ ਮੌਕੇ ਐਡਵੋਕੇਟ ਚੀਮਾ ਨੇ ਕਿਤਾਬ ਵਿੱਚ ਸ਼ਾਮਿਲ ਕੁਝ ਅੰਕੜਿਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ 2022-23 ਦੇ ਅਗਾਊਂ ਅਨੁਮਾਨਾਂ ਅਨੁਸਾਰ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ 3.70 ਫੀਸਦੀ, ਉਦਯੋਗ ਵਿੱਚ 4.33 ਫੀਸਦੀ ਅਤੇ ਸੇਵਾ ਖੇਤਰ ਵਿੱਚ 6.78 ਫੀਸਦੀ ਵਾਧਾ ਹੋਣ ਦਾ ਅੰਦਾਜਾ ਹੈ। ਉਨ੍ਹਾਂ ਕਿਹਾ ਕਿ ਆਮ ਖੇਤੀਬਾੜੀ ਦੇ ਮੁਕਾਬਲੇ ਸਹਾਇਕ ਖੇਤਰਾਂ ਵਿੱਚ ਹਾਲ ਹੀ ਦੇ ਸਾਲਾਂ ਦੌਰਾਨ ਤੇਜ਼ੀ ਨਾਲ ਵਿਕਾਸ ਦੇਖਿਆ ਗਿਆ ਹੈ। ਪਸ਼ੂ ਪਾਲਣ ਖੇਤਰ ਤੇਜ਼ੀ ਨਾਲ ਵਿਕਸਤ ਹੁੰਦਿਆਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ 2022-23 ਵਿੱਚ ਪਸ਼ੂ ਧਨ ਦੇ ਖੇਤਰ ਵਿੱਚ 4.18 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਪੰਜਾਬ ਦੇ ਗਰੌਸ ਸਟੇਟ ਵੈਲਿਊ ਐਡਿਡ (ਜੀਐਸਵੀਏ) ਵਿੱਚ ਪਸ਼ੂ ਧਨ ਖੇਤਰ ਦਾ ਹਿੱਸਾ 11.1 ਫੀਸਦੀ ਸੀ।

ਚੀਮਾ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਾਊਂ ਅਨੁਮਾਨਾਂ ਅਨੁਸਾਰ 2022-23 ਵਿੱਚ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਕੌਮੀ ਪੱਧਰ ਪੱਧਰ ‘ਤੇ 1,70,620 ਰੁਪਏ ਦੇ ਮੁਕਾਬਲੇ 1,73,873 ਰੁਪਏ ਹੋਣ ਦਾ ਅੰਦਾਜਾ ਹੈ। ਉਨ੍ਹਾਂ ਕਿਹਾ ਕਿ ਰਾਜ ਦੀ ਮਹਿੰਗਾਈ ਦੇ ਅੰਕੜੇ ਵੀ ਕੁਝ ਇੱਕ ਮਾਮਲਿਆਂ ਨੂੰ ਛੱਡ ਕੇ ਕੌਮੀ ਪੱਧਰ ਦੇ ਅੰਕੜਿਆਂ ਨਾਲੋਂ ਘੱਟ ਰਹੇ। ਅਪ੍ਰੈਲ 2022 ਦੇ ਮਹੀਨੇ ਮਹਿੰਗਾਈ ਸਿਖਰ ‘ਤੇ ਸੀ ਅਤੇ ਜੂਨ 2022 ਨੂੰ ਛੱਡ ਕੇ ਅਗਲੇ ਕੁਝ ਮਹੀਨਿਆਂ ਵਿੱਚ ਇਸ ਦਾ ਰੁੱਖ ਹੇਠਾਂ ਵੱਲ ਰਿਹਾ। ਅਕਤੂਬਰ ਵਿੱਚ ਮਹਿੰਗਾਈ 4.5 ਫੀਸਦੀ ਦੀ ਦਰ ਨਾਲ ਨਾਲ ਹੇਠਲੇ ਪੱਧਰ ‘ਤੇ ਰਹੀ ਪਰ ਨਵੰਬਰ ਅਤੇ ਦਸੰਬਰ ਵਿੱਚ ਇਸਨੇ ਮੁੜ ਉੱਪਰ ਵੱਲ ਰੁਖ ਸ਼ੁਰੂ ਕੀਤਾ।

ਚੀਮਾ ਨੇ ਕਿਹਾ ਕਿ ਪੰਜਾਬ ਵਿੱਚ 15-64 ਸਾਲ ਦੀ ਉਮਰ ਦੇ ਦਰਮਿਆਨ ਕੰਮ ਕਰਨ ਵਾਲੀ ਆਬਾਦੀ ਦਾ ਵੱਡਾ ਹਿੱਸਾ ਹੈ ਜੋ ਕਿ 2021 ਵਿੱਚ ਕੁੱਲ ਆਬਾਦੀ ਦਾ 70.15 ਪ੍ਰਤੀਸ਼ਤ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚੋਂ 26.11 ਫੀਸਦੀ 15-29 ਸਾਲ ਦੀ ਉਮਰ ਦੇ ਨੌਜਵਾਨ ਵਰਗ ਨਾਲ ਸਬੰਧਤ ਹੈ, ਜੋ ਕਿ ਸੂਬੇ ਲਈ ਇੱਕ ਫਾਇਦੇ ਦੇ ਨਾਲ-ਨਾਲ ਚੁਣੌਤੀ ਵੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿਸ਼ਨ ਰੰਗਲਾ ਪੰਜਾਬ ਤਹਿਤ ਨੌਜਵਾਨਾਂ ਦੀ ਇਸ ਊਰਜਾ ਨੂੰ ਸਹੀ ਦਿਸ਼ਾ ਦਿਖਾਉਣ ਲਈ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।

ਇਸ ਮੌਕੇ ਪ੍ਰਮੁੱਖ ਸਕੱਤਰ ਯੋਜਨਾ ਸ੍ਰੀ ਵਿਕਾਸ ਪ੍ਰਤਾਪ ਨੇ ਇਸ ਪੁਸਤਕ ਨੂੰ ਜਾਰੀ ਕਰਨ ਲਈ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੇ ਇਸ ਕਿਤਾਬ ਵਿੱਚ ਸ਼ਾਮਲ ਡੇਟਾ ਦੀਆਂ ਸਰੋਤ ਏਜੰਸੀਆਂ ਨੂੰ ਹਰੇਕ ਡਾਟਾ ਟੇਬਲ ਦੇ ਹੇਠਾਂ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਲਦੀ ਹੀ ਇਹ ਕਿਤਾਬ ਸੂਬੇ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਦੀ ਈ-ਬੁੱਕ ਵਿਭਾਗ ਦੀ ਵੈੱਬਸਾਈਟ ‘ਤੇ ਸਾਰਿਆਂ ਲਈ ਉਪਲਬਧ ਕਰਵਾਈ ਜਾਵੇਗੀ।

Check Also

ਪੰਜਾਬ ‘ਚ ਚਲਦੇ ਹਰ ਕੰਮ ਦਾ ਸਿਹਰਾ ਭਗਵੰਤ ਮਾਨ ਨੇ ਦਿੱਲੀ ਦੇ CM ਕੇਜਰੀਵਾਲ ਸਿਰ ਬਝਿਆ: ਸੁਖਬੀਰ ਬਾਦਲ

ਚੰਡੀਗੜ੍ਹ: ਅੱਜ ਗਾਂਧੀ ਜਯੰਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ …

Leave a Reply

Your email address will not be published. Required fields are marked *