ਲਓ ਕਰ ਲਓ ਘਿਓ ਨੂੰ ਭਾਂਡਾ ਕੋਈ ਪ੍ਰਨੀਤ ਕੌਰ ਦੇ ਬੈਂਕ ਖਾਤੇ ‘ਚੋਂ ਹੀ 23 ਲੱਖ ਰੁਪਇਆ ਕੱਢਵਾ ਗਿਆ, ਕਹਿੰਦਾ ਜਲਦੀ ਕਰੋ ਖਾਤੇ ਬਾਰੇ ਦੱਸੋ ਤਨਖਾਹ ਪਾਉਣੀ ਹੈ, ਤੇ ਫਿਰ ਪਿੱਛੇ ਬਚੀ ਹੈਰਾਨੀ

TeamGlobalPunjab
6 Min Read

ਪਟਿਆਲਾ : ਇਤਿਹਾਸ ਗਵਾਹ ਹੈ ਕਿ ਇਨਸਾਨ ਹਰ ਉਸ ਸਖ਼ਸ਼ ਤੋਂ ਪ੍ਰਭਾਵਿਤ ਹੋਇਆ ਹੈ ਜਿਹੜਾ ਉਸ ਦਾ ਰੋਲ ਮਾਡਲ (ਸੇਧ ਦੇਣ ਵਾਲਾ) ਹੁੰਦਾ ਹੈ, ਫਿਰ ਭਾਵੇਂ ਉਹ ਰੋਲ ਮਾਡਲ ਕੋਈ ਕ੍ਰਿਕਟ ਖਿਡਾਰੀ ਹੋਵੇ, ਕੋਈ ਗਾਇਕ ਹੋਵੇ, ਕੋਈ ਫਿਲਮ ਅਦਾਕਾਰ ਹੋਵੇ ਜਾਂ ਫਿਰ ਕੋਈ ਸਿਆਸਤਦਾਨ। ਸ਼ਾਇਦ ਇਹੋ ਕਾਰਨ ਹੈ ਕਿ ਵੱਖ ਵੱਖ ਕੰਪਨੀਆਂ ਆਪਣੇ ਉਤਪਾਦਾਂ ਦੀ ਮਸ਼ਹੂਰੀ ਕਰਨ ਲਈ ਵੀ ਇਨ੍ਹਾਂ ਸਮਾਜਿਕ ਰੋਲ ਮਾਡਲਾਂ ਤੋਂ ਆਪਣੇ ਉਤਪਾਦਾਂ ਦੀ ਮਸ਼ਹੂਰੀ ਕਰਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਲੋਕ ਇਨ੍ਹਾਂ ਦੀ ਗੱਲ ਬੜੀ ਧਿਆਨ ਨਾਲ ਸੁਣਦੇ ਹਨ ਤੇ ਇਨ੍ਹਾਂ ਵੱਲੋਂ ਕੀਤੀ ਗਈ ਮਸ਼ਹੂਰੀ ਤੋਂ ਬਾਅਦ ਕੰਪਨੀ ਦੇ ਉਤਪਾਦ ਦੀ ਵਿਕਰੀ ਤੇਜ ਹੋ ਜਾਵੇਗੀ ਤੇ ਅਕਸਰ ਹੁੰਦਾ ਵੀ ਇੰਝ ਹੀ ਹੈ। ਪਰ ਜੇਕਰ ਇਹੋ ਰੋਲ ਮਾਡਲ ਕੋਈ ਅਜਿਹਾ ਕੰਮ ਕਰ ਜਾਵੇ ਜਿਸ ਨੂੰ ਕੋਈ ਸਧਾਰਨ ਇਨਸਾਨ ਵੀ ਕਰਨ ਤੋਂ ਪਹਿਲਾਂ 10 ਵਾਰ ਸੋਚੇ ਤਾਂ ਫਿਰ ਤੁਸੀਂ ਅਜਿਹੇ ਰੋਲ ਮਾਡਲ ਬਾਰੇ ਕੀ ਕਹੋਂਗੇ? ਸਾਨੂੰ ਇਹ ਗੱਲ ਕਹਿਣ ਲਈ ਇਸ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਪੰਜਾਬ ਦੇ ਇੱਕ ਇਹੋ ਜਿਹੇ ਹੀ ਰੋਲ ਮਾਡਲ ਦੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਜੇਕਰ ਸਾਡੇ ਇਨ੍ਹਾਂ ਰੋਲ ਮਾਡਲਾਂ ਨਾਲ ਵੀ ਅਜਿਹਾ ਹੋਣ ਲੱਗ ਪਿਆ ਤਾਂ ਫਿਰ ਅਸੀਂ ਕਿਸ ਦੇ ਵਿਚਾਰੇ ਹਾਂ (ਤਰਸ ਦੇ ਪਾਤਰ)। ਜੀ ਹਾਂ ਅਸੀਂ ਜਿਕਰ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ, ਭਾਰਤ ਦੀ ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦਾ। ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸਾਈਬਰ ਕ੍ਰਾਇਮ ਕਰਨ ਵਾਲੇ ਇੱਕ ਠੱਗ ਦੇ ਝਾਂਸੇ ਵਿੱਚ ਇੰਝ ਆ ਗਏ ਜਿਵੇਂ ਪਿੰਡ ਦਾ ਕੋਈ ਭੋਲਾ-ਭਾਲਾ ਸਧਾਰਨ ਵਿਅਕਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੋਈ ਮਹਾਰਾਣੀ ਪ੍ਰਨੀਤ ਕੌਰ ਸੰਸਦ ਦੇ ਮੌਜੂਦਾ ਇਜਲਾਸ ਦੌਰਾਨ ਨਵੀਂ ਦਿੱਲੀ ਵਿੱਚ ਸਨ। ਪੁਲਿਸ ਸੂਤਰਾਂ ਅਨੁਸਾਰ ਪ੍ਰਨੀਤ ਕੌਰ ਨੂੰ ਅਤਾ-ਉਲ-ਅੰਸਾਰੀ ਨਾਮ ਦੇ ਇੱਕ ਸਾਈਬਰ ਠੱਗ ਨੇ ਫੋਨ ਕੀਤਾ ਤੇ ਆਪਣੇ ਆਪ ਨੂੰ ਸਟੇਟ ਬੈਂਕ ਆਫ ਇੰਡੀਆ ਬੈਂਕ ਦਾ ਮੈਨੇਜ਼ਰ ਦੱਸਦਿਆਂ ਉਨ੍ਹਾਂ ਨੂੰ ਅਜਿਹੇ ਝਾਂਸੇ ‘ਚ ਲਿਆ ਕਿ ਅੱਖ ਦੇ ਫੋਰ ਵਿੱਚ ਹੀ ਮਹਾਰਾਣੀ ਪ੍ਰਨੀਤ ਕੌਰ ਨੇ ਉਸ ਨੂੰ ਆਪਣਾ ਬੈਂਕ ਖਾਤਾ, ਏਟੀਐਮ ਨੰਬਰ ਅਤੇ ਆਪਣੇ ਬੈਂਕ ਖਾਤੇ ਨਾਲ ਸਬੰਧਤ ਅਜਿਹੇ ਵੇਰਵੇ ਦੱਸ ਦਿੱਤੇ ਕਿ ਉਸ ਕਥਿਤ ਠੱਗ ਨੇ ਪ੍ਰਨੀਤ ਕੌਰ ਦੇ ਬੈਂਕ ਖਾਤੇ ਵਿੱਚੋਂ 23 ਲੱਖ ਰੁਪਏ ਕੱਢਵਾ ਲਏ।

ਜਾਣਕਾਰੀ ਅਨੁਸਾਰ ਅਤਾ-ਉਲ-ਅੰਸਾਰੀ ਨੇ ਫੋਨ ਕਰਦਿਆਂ ਹੀ ਪ੍ਰਨੀਤ ਕੌਰ ਨੂੰ ਕਿਹਾ ਕਿ ਅਸੀਂ ਤੁਹਾਡੇ ਬੈਂਕ ਖਾਤੇ ਵਿੱਚ ਤੁਹਾਡੀ ਤਨਖਾਹ ਪਾਉਣੀ ਹੈ, ਜਲਦੀ ਜਲਦੀ ਆਪਣਾ ਬੈਂਕ ਖਾਤਾ ਨੰਬਰ, ਏਟੀਐਮ ਨੰਬਰ, ਸੀਵੀਸੀ ਨੰਬਰ ਆਦਿ ਦੱਸ ਦਿਓ ਕਿਉਂਕਿ ਜੇਕਰ ਦੇਰ ਹੋਈ ਤਾਂ ਤਨਖਾਹ ਲਟਕ ਜਾਵੇਗੀ। ਪੁਲਿਸ ਅਨੁਸਾਰ ਉਹ ਸ਼ਾਤਰ ਠੱਗ ਨੇ ਮਹਾਰਾਨੀ ਪ੍ਰਨੀਤ ਕੌਰ ਕੋਲੋਂ ਉਨ੍ਹਾਂ ਦੇ ਫੋਨ ‘ਤੇ ਆਉਣ ਵਾਲਾ ਇੱਕ ਵਾਰ ਦਾ ਪਾਸਵਰਡ (ਓਟੀਪੀ) ਵੀ ਪੁੱਛ ਲਿਆ ਤੇ ਪ੍ਰਨੀਤ ਕੌਰ ਵੱਲੋਂ ਕਥਿਤ ਠੱਗ ਨੂੰ ਇਹ ਜਾਣਕਾਰੀ ਦਿੰਦਿਆਂ ਹੀ ਉਨ੍ਹਾਂ ਦੇ ਖਾਤੇ ਵਿੱਚੋਂ ਤੁਰੰਤ 23 ਲੱਖ ਰੁਪਏ ਨਿੱਕਲ ਗਏ। ਪੈਸੇ ਨਿੱਕਲ ਜਾਣ ਦਾ ਮੈਸੇਜ ਜਿਉਂ ਹੀ ਉਨ੍ਹਾਂ ਦੇ ਫੋਨ ‘ਤੇ ਆਇਆ ਮਹਾਰਾਣੀ ਹੈਰਾਨੀ ਹੋ ਗਏ। ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਪਲਕ ਝਪਕਦਿਆਂ ਹੀ ਪੁਲਿਸ ਨੇ ਇਹ ਪਤਾ ਲਗਾ ਲਿਆ ਕਿ ਇਹ ਫੋਨ ਝਾਰਖੰਡ ਦੇ ਰਾਂਚੀ ‘ਚ ਪੈਂਦੇ ਜਾਮਤਾੜਾ ਇਲਾਕੇ ‘ਚੋਂ ਆਇਆ ਸੀ। ਜਿੱਥੋਂ ਦੀ ਪੁਲਿਸ ਨੇ ਅੰਸਾਰੀ ਨੂੰ ਪੰਜਾਬ ਪੁਲਿਸ ਦੇ ਪਹੁੰਚ ਕਰਨ ਤੋਂ ਪਹਿਲਾਂ ਹੀ ਕਿਸੇ ਹੋਰ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਸੂਤਰਾਂ ਅਨੁਸਾਰ ਇਸ ਮਗਰੋਂ ਪੰਜਾਬ ਪੁਲਿਸ ਦੀ ਇੱਕ ਛੇ ਮੈਂਬਰੀ ਟੀਮ ਵੀ ਜਾਮਤਾੜਾ ਪਹੁੰਚ ਚੁਕੀ ਹੈ ਜਿੱਥੋਂ ਦੇ ਐਸਐਸਪੀ ਅੰਸ਼ੁਮਨ ਕੁਮਾਰ ਦੇ ਦੱਸਣ ਅਨੁਸਾਰ ਅਤਾ-ਉਲ-ਅੰਸਾਰੀ ਤੋਂ ਉਸ ਵਿਰੁੱਧ ਪਹਿਲਾਂ ਦੇ ਦਰਜ ਕੀਤੇ ਗਏ ਮਾਮਲਿਆਂ ਦੀ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਇਹ ਮਹਾਰਾਣੀ ਪ੍ਰਨੀਤ ਕੌਰ ਨਾਲ ਕਦੋਂ ਵੱਜੀ ਤੇ ਜੇਕਰ ਇਹ ਠੱਗੀ ਦਾ ਪਰਚਾ ਵੀ ਝਾਰਖੰਡ ਜਾਂ ਦਿੱਲੀ ਵਿਖੇ ਦਰਜ ਕੀਤਾ ਗਿਆ ਹੈ ਤਾਂ ਫਿਰ ਪੰਜਾਬ ਪੁਲਿਸ ਅੰਸਾਰੀ ਤੋਂ ਕਿਸ ਮਾਮਲੇ ‘ਚ ਪੁੱਛ-ਤਾਛ ਕਰਨ ਗਈ ਹੈ।

ਕੁੱਲ ਮਿਲਾ ਕਿ ਇਸ ਠੱਗੀ ਨੇ ਲੋਕਾਂ ਦਾ ਧਿਆਨ ਬੜੀ ਤੇਜੀ ਨਾਲ ਆਪਣੇ ਵੱਲ ਖਿੱਚਿਆ ਹੈ ਅਤੇ ਅੱਜ ਜਿੱਥੇ ਇਹ ਚਰਚਾ ਛਿੜੀ ਹੋਈ ਹੈ ਕਿ ਸਮਾਜ ਦੇ ਇਹ ਰੋਲ ਮਾਡਲ ਉਨ੍ਹਾਂ ਨੂੰ ਕੀ ਸੇਧ ਦੇਣਗੇ ਜਿੰਨਾਂ ਨਾਲ ਆਪ ਇੰਝ ਹੋ ਰਿਹਾ ਹੈ ਉੱਥੇ ਦੂਜੇ ਪਾਸੇ ਉਹ ਪੀੜਤ ਉਸ ਵੇਲੇ ਦੋਹੱਥੜ ਪਿੱਟਣ ਲਈ ਮਜਬੂਰ ਹੋ ਗਏ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਨਾਲ ਵੱਜੀ ਇਹੋ ਜਿਹੀ ਠੱਗੀ ਨੂੰ ਤਾਂ ਸਾਲਾਂ ਬਾਅਦ ਵੀ ਹੱਲ ਨਹੀਂ ਕੀਤਾ ਜਾ ਸਕਿਆ ਤੇ ਇੱਥੇ ਮਹਾਰਾਣੀ ਪ੍ਰਨੀਤ ਕੌਰ ਨਾਲ ਵੱਜੀ ਠੱਗੀ ਦੇ ਮਾਮਲੇ ਨੂੰ ਘੰਟਿਆਂ ‘ਚ ਹੀ ਸੁਲਝਾ ਲਿਆ ਗਿਆ। ਅਜਿਹੇ ਲੋਕ ਸਵਾਲ ਕਰਦੇ ਹਨ ਕਿ ਜਿੰਨੀ ਤੇਜੀ ਪੰਜਾਬ ਪੁਲਿਸ ਨੇ ਮਹਾਰਾਣੀ  ਪ੍ਰਨੀਤ ਕੌਰ  ਦੇ ਮਾਮਲੇ ‘ਚ ਦਿਖਾਈ ਹੈ ਉੰਨੀ ਤੇਜੀ ਉਨ੍ਹਾਂ ਦੇ ਮਾਮਲੇ ‘ਚ ਕਿਉਂ ਨਹੀਂ ਦਿਖਾਈ ਗਈ? ਸਿਰਫ ਇਸ ਲਈ ਕਿਉਂਕਿ ਉਹ ਆਮ ਸ਼ਹਿਰੀ ਹਨ ਤੇ ਮਹਾਰਾਣੀ ਪ੍ਰਨੀਤ ਕੌਰ ਮੁੱਖ ਮੰਤਰੀ ਦੀ ਪਤਨੀ?

Share this Article
Leave a comment