ਚੰਨੀ ਦੇ ਸਮਰਥਕਾਂ ਨੇ ਰਾਜਾ ਵੜਿੰਗ ਦਾ ਕੀਤਾ ਵਿਰੋਧ, ਚੰਨੀ ਲਿਆਓ – ਪੰਜਾਬ ਬਚਾਓ ਦੇ ਨਾਅਰੇ ਲਗਾਏ

Global Team
3 Min Read

ਚੰਡੀਗੜ੍ਹ:  ਪੰਜਾਬ ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਧੜੇਬੰਦੀ ਹੁਣ ਪਾਰਟੀ ਵਰਕਰਾਂ ਤੱਕ ਫੈਲ ਗਈ ਹੈ।  ਪਟਿਆਲਾ ਦੇ ਸਮਾਣਾ ਵਿੱਚ ਸ਼ਨੀਵਾਰ ਨੂੰ ਸਮਾਗਮ ਦੌਰਾਨ ਚੰਨੀ ਸਮਰਥਕਾਂ ਨੇ ਰਾਜਾ ਵੜਿੰਗ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵੜਿੰਗ ਦੀ ਹੂਡਿੰਗ ਕਰਦੇ ਹੋਏ ਅਤੇ ਚੰਨੀ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਹੈ।

ਇਸ ਨਾਲ ਰਾਜਾ ਵੜਿੰਗ ਗੁੱਸੇ ਵਿੱਚ ਆ ਗਏ, ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਸਮਰਥਕਾਂ ਨੇ ਚੰਨੀ ਦੇ ਸਮਰਥਨ ਵਿੱਚ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ “ਚੰਨੀ ਲਿਆਓ – ਪੰਜਾਬ ਬਚਾਓ” ਅਤੇ “ਚੰਨੀ ਲਿਆਓ – ਕਾਂਗਰਸ ਬਚਾਓ” ਦੇ ਨਾਅਰੇ ਲਗਾਏ।

ਰਾਜਾ ਵੜਿੰਗ ਨੇ ਗੁੱਸੇ ਵਿੱਚ   ਪੁੱਛਿਆ ਕਿ ਉਹ ਨਾਅਰੇ ਕਿਉਂ ਲਗਾ ਰਹੇ ਹਨ। ਪਾਰਟੀ ਪ੍ਰੋਗਰਾਮ ਵਿੱਚ ਵਿਘਨ ਪਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ, ਕੱਲ੍ਹ ਫਤਿਹਗੜ੍ਹ ਸਾਹਿਬ ਵਿੱਚ ਹੋਏ ਸਮਾਗਮ ਵਿੱਚ ਚੰਨੀ ਸ਼ਾਮਲ ਨਹੀਂ ਹੋਏ ਸਨ। ਸਿਰਫ਼ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਧੜੇ ਦੇ ਆਗੂ ਹੀ ਮੌਜੂਦ ਸਨ। ਇਹ ਮੀਟਿੰਗ ਪੰਜਾਬ ਕਾਂਗਰਸ ਦੇ ਅੰਦਰ ਧੜੇਬੰਦੀ ਨੂੰ ਖਤਮ ਕਰਨ ਲਈ ਰੱਖੀ ਗਈ ਸੀ, ਅਤੇ ਇੰਚਾਰਜ ਭੁਪੇਸ਼ ਬਘੇਲ ਵੀ ਮੌਜੂਦ ਸਨ।

ਇਸ ਦੌਰਾਨ, ਪ੍ਰਧਾਨ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ‘ਆਪ’ ਦੇ 6 ਸੰਸਦ ਮੈਂਬਰਾਂ ਤੋਂ ਬਾਅਦ ਹੁਣ 40 ਤੋਂ 45 ਵਿਧਾਇਕ ਵੀ ਪਾਰਟੀ ਛੱਡ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ 2027 ਦੀਆਂ ਚੋਣਾਂ ਲਈ ਟਿਕਟਾਂ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਇੱਕ ਗੁਪਤ ਮੀਟਿੰਗ ਹੋ ਚੁੱਕੀ ਹੈ।

ਚੰਨੀ ਤੇ ਵੜਿੰਗ ਵਿਚਕਾਰ ਲੀਡਰਸ਼ਿਪ ਮਤਭੇਦ

ਸੂਬਾ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਦੇ ਚਿਹਰੇ ਤੇ ਲੀਡਰਸ਼ਿਪ ਬਾਰੇ ਮਤਭੇਦ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦੇ ਸਮਰਥਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ। ਇਸ ਤੋਂ ਪਹਿਲਾਂ ਇਸ ਮਤਭੇਦ ਨੂੰ ਸੁਲਝਾਉਣ ਲਈ ਭੁਪੇਸ਼ ਬਘੇਲ ਨੇ ਚੰਡੀਗੜ੍ਹ ਦਾ 5 ਦਿਨਾਂ ਦਾ ਦੌਰਾ ਕੀਤਾ ਸੀ। ਹਾਲਾਂਕਿ, ਅਜੇ ਵੀ ਦੋਵੇਂ ਧੜੇ ਇੱਕ-ਦੂਜੇ ਤੋਂ ਦੂਰੀ ਬਣਾਏ ਹੋਏ ਹਨ।

ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਂਡ ਦਾ ਫੈਸਲਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਜਾਂ ਭਵਿੱਖ ‘ਚ ਚੋਣ ਲੜਨ ਦਾ ਮੌਕਾ ਨਾ ਦਿੱਤਾ ਜਾਵੇ, ਉਹ ਕਾਂਗਰਸ ਪਾਰਟੀ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਰਹਿਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment