ਚੰਡੀਗੜ੍ਹ: ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੇ ਸੂਬੇ ਭਰ ਦੀਆਂ ਮਹਿਲਾਵਾਂ ਵਿੱਚ ਖੁਸ਼ੀ ਅਤੇ ਉਮੀਦ ਦੀ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ। ਯੋਜਨਾ ਤਹਿਤ ਕਈ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਪਹਿਲੀ ਕਿਸ਼ਤ ਦੀ ਰਕਮ ਪਹੁੰਚ ਚੁੱਕੀ ਹੈ, ਜਦਕਿ ਹਜ਼ਾਰਾਂ ਹੋਰ ਲਾਭਪਾਤਰੀ ਵੀ ਆਪਣੀ ਰਕਮ ਦੀ ਉਡੀਕ ਕਰ ਰਹੀਆਂ ਹਨ।ਇਹ ਯੋਜਨਾ ਸਿਰਫ਼ ਆਰਥਿਕ ਮਦਦ ਤੱਕ ਸੀਮਿਤ ਨਹੀਂ, ਸਗੋਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਸਨਮਾਨ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
ਪਿੰਡ ਅਦਾਲਤਪੁਰ ਦੀ ਗਗਨਦੀਪ ਕੌਰ ਦੇ ਖਾਤੇ ਵਿੱਚ ₹3,000 ਆਉਣ ਤੋਂ ਬਾਅਦ ਉਹ ਬੇਹੱਦ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਰਕਮ ਆਪਣੇ ਪੁੱਤਰ ਦੀਆਂ ਲੋੜਾਂ ‘ਤੇ ਹੀ ਖਰਚ ਕਰਨਗੀਆਂ। ਉਨ੍ਹਾਂ ਮੁਤਾਬਕ, ਆਪਣੇ ਬੱਚੇ ਦੀਆਂ ਖੁਸ਼ੀਆਂ ਲਈ ਆਪਣੇ ਹੀ ਪੈਸਿਆਂ ਨਾਲ ਖਰੀਦਦਾਰੀ ਕਰਨ ਦਾ ਅਹਿਸਾਸ ਬਹੁਤ ਖਾਸ ਹੈ।
ਇੱਛੇਵਾਲਾ ਪਿੰਡ ਦੀ ਸੋਮਾ ਦੇ ਖਾਤੇ ਵਿੱਚ ₹4,500 ਜਮ੍ਹਾਂ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਰਕਮ ਨਾਲ ਪੌਸ਼ਟਿਕ ਭੋਜਨ, ਚੁਕੰਦਰ, ਮੇਵੇ ਅਤੇ ਡ੍ਰੈਗਨ ਫਰੂਟ ਖਰੀਦਣਗੀਆਂ ਤਾਂ ਜੋ ਆਪਣਾ ਹੀਮੋਗਲੋਬਿਨ ਵਧਾ ਸਕਣ। ਸੋਮਾ ਨੇ ਕਿਹਾ ਕਿ ਪਹਿਲਾਂ ਉਹ ਸੋਚਦੀ ਸੀ ਕਿ ਡ੍ਰੈਗਨ ਫਰੂਟ ਸਿਰਫ਼ ਅਮੀਰ ਲੋਕਾਂ ਲਈ ਹੁੰਦਾ ਹੈ, ਪਰ ਹੁਣ ਉਹ ਵੀ ਇਸਦਾ ਸੁਆਦ ਚੱਖ ਸਕੇਗੀ।
ਸੋਮਾ ਦੀ ਧੀ ਨੇ ਵੀ ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ। ਦੋਵਾਂ ਨੂੰ ਮਿਲਾ ਕੇ ਹਰ ਤਿੰਨ ਮਹੀਨੇ ਬਾਅਦ ₹6,000 ਮਿਲਣਗੇ। ਇਹ ਰਕਮ ਧੀ ਦੇ ਕਾਲਜ ਦਾਖ਼ਲੇ, ਨਵੇਂ ਕੱਪੜਿਆਂ, ਸੈਂਡਲ ਅਤੇ ਕਿਤਾਬਾਂ ਦੀ ਖਰੀਦ ਲਈ ਵਰਤੀ ਜਾਵੇਗੀ।
ਸਾਂਝੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ
ਜਦੋਂ ਸੋਮਾ ਅਤੇ ਉਸ ਦੀਆਂ ਦੋ ਦਿਉਰਾਣੀਆਂ ਰੀਤੂ ਅਤੇ ਜ਼ੀਨਾ ਦੇ ਖਾਤਿਆਂ ਵਿੱਚ ਕੁੱਲ ₹13,500 ਜਮ੍ਹਾਂ ਹੋਏ ਤਾਂ ਤਿੰਨਾਂ ਨੇ ਖੁਸ਼ੀ ਨਾਲ ਜਸ਼ਨ ਮਨਾਇਆ। ਇਸ ਰਕਮ ਨਾਲ ਪਰਿਵਾਰ ਦੀਆਂ ਕਈ ਜ਼ਰੂਰੀ ਲੋੜਾਂ ਪੂਰੀਆਂ ਹੋਣ ਦੀ ਉਮੀਦ ਹੈ।
ਸੁਨਾਮ ਦੀ ਰੇਣੂ ਲਈ ਇਹ ਯੋਜਨਾ ਆਤਮ-ਸਨਮਾਨ ਦੀ ਨਿਸ਼ਾਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੀਆਂ ਵਿਆਹੀਆਂ ਧੀਆਂ ਨੂੰ ਘਰ ਬੁਲਾ ਕੇ ਆਪਣੇ ਪੈਸਿਆਂ ਨਾਲ ਮਿਠਾਈ, ਫਲ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਸਕਣਗੀਆਂ।

