ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਲੋਕਾਂ ਦਾ ਜਮਹੂਰੀ ਹੱਕ ਦੀ ਪਾਲਣਾ ਕਰਨ ਲਈ ਕੀਤਾ ਧੰਨਵਾਦ

TeamGlobalPunjab
2 Min Read

ਚੰਡੀਗੜ:  ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿੱਚ ਸ਼ਾਂਤਮਈ ਢੰਗ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੰਜਾਬੀਆਂ ਨੇ ਪੰਜਾਬੀਅਤ ਨੂੰ ਸ਼ਾਂਤਮਈ ਅਤੇ ਖੁਸ਼ਹਾਲ ਬਣਾਉਣ ਲਈ ਵੋਟਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦਾ ਬਿਹਤਰ ਭਵਿੱਖ ਅਤੇ ਤਰੱਕੀ ਚਾਹੁੰਦੇ ਹਨ ਅਤੇ ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਲੋਕਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸ ਨੇ ਬਹੁਤ ਔਖਾ ਸਮਾਂ ਦੇਖਿਆ ਹੈ। ਪੰਜਾਬ ਨੂੰ ਹਮੇਸ਼ਾ ਹੀ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਅੱਗੇ ਖੜ੍ਹੇ ਹੋਣ ਦਾ ਮਾਣ ਹਾਸਲ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨੀ ਹੋਵੇ ਜਾਂ ਹਰੀ ਕ੍ਰਾਂਤੀ ਦੀ ਸ਼ੁਰੂਆਤ, ਪੰਜਾਬ ਨੇ ਭਾਰਤ ਦੇ ਅਨਾਜ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਕੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਜ ਦੇ ਦਿਨ ਨੂੰ ਸੂਬੇ ਦੀ ਕਿਸਮਤ ਵਿੱਚ ਇਤਿਹਾਸਕ ਦਿਨ ਦੱਸਦਿਆਂ ਕਿਹਾ ਕਿ ਪੰਜਾਬ ਦਾ ਦੇਸ਼ ਵਿੱਚ ਵਿਲੱਖਣ ਸਥਾਨ ਅਤੇ ਭੂਮਿਕਾ ਹੈ। ਦੁਸ਼ਮਣ ਦੇਸ਼ ਦੇ ਨਾਲ ਲੱਗਦੇ ਸਰਹੱਦੀ ਸੂਬੇ ਦਾ ਹੋਣਾ ਕੋਈ ਸੌਖਾ ਕੰਮ ਨਹੀਂ ਹੈ, ਪਰ ਪੰਜਾਬੀ ਹਮੇਸ਼ਾ ਹੀ ਕੌਮ ਪ੍ਰਤੀ ਇਕਜੁੱਟ ਅਤੇ ਵਚਨਬੱਧ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਵੱਲੋਂ ਸ਼ਾਂਤਮਈ ਲੋਕਤੰਤਰੀ ਢੰਗ ਨਾਲ ਆਪਣੀ ਕੀਮਤੀ ਵੋਟ ਪਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ।

ਅਸ਼ਵਨੀ ਸ਼ਰਮਾ ਨੇ ਸਮੂਹ ਭਾਜਪਾ ਵਰਕਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਲੰਬੇ ਸਮੇਂ ਤੱਕ ਵਿਰੋਧੀ ਧਿਰ ਨਾਲ ਲੋਹਾ ਲੈਂਦੇ ਹੋਏ ਸੰਗਠਨ ਦੇ ਕੰਮ ਨੂੰ ਬਾਖੂਬੀ ਨਿਭਾਇਆ ਅਤੇ ਵੋਟਾਂ ਵਾਲੇ ਦਿਨ ਵੀ ਪਾਰਟੀ ਦਾ ਕੰਮ ਆਪਣੀ ਮਰਜ਼ੀ ਨਾਲ ਕਰਕੇ ਜਨਤਾ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਹੀ ਕਾਰਨ ਹੈ ਕਿ ਅੱਜ ਭਾਜਪਾ ਵਿਸ਼ਵ ਦੀ ਸਭ ਤੋਂ ਵੱਡੀ ਵਰਕਰ ਆਧਾਰਿਤ ਜਥੇਬੰਦੀ ਹੈ। ਸਾਨੂੰ ਇਸ ਦੇ ਵਰਕਰ ਹੋਣ ‘ਤੇ ਮਾਣ ਹੈ। ਉਨ੍ਹਾਂ ਪੋਲਿੰਗ ਬੂਥਾਂ ‘ਤੇ ਤਾਇਨਾਤ ਸਟਾਫ਼ ਦੀ ਸੂਬੇ ਅਤੇ ਦੇਸ਼ ਪ੍ਰਤੀ ਬੇਮਿਸਾਲ ਡਿਊਟੀ ਨਿਭਾਉਣ ਲਈ ਸ਼ਲਾਘਾ ਕੀਤੀ।

Share this Article
Leave a comment