ਫਰਾਂਸੀਸੀ ਇਮਾਰਤਸਾਜ਼ ਦੇ ਸ਼ਹਿਰ ਵਿੱਚ ਕੀ ਹੋ ਰਿਹਾ ਵੱਖਰਾ

TeamGlobalPunjab
2 Min Read

ਲੀ ਕਾਰਬੂਜੀਏ ਦੀ ਇਮਾਰਤਸਾਜ਼ੀ ਵਜੋਂ ਜਾਣੇ ਜਾਂਦੇ ਸਭ ਤੋਂ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਦਿਲ ਕਹੇ ਜਾਣ ਵਾਲੇ ਸੈਕਟਰ 17 ਨੂੰ ਵਿਰਾਸਤੀ ਵੀ ਮੰਨਿਆ ਜਾਂਦਾ ਹੈ। ਸ਼ਹਿਰ ‘ਚ ਆਉਣ ਵਾਲੇ ਸੈਲਾਨੀਆਂ ਦੀ  ਖਿੱਚ ਲਈ ਟ੍ਰਾਈਸਿਟੀ ਵਿੱਚ ਭਾਵੇਂ ਬਹੁਤ ਸਾਰੇ ਮਾਲ ਵਗੈਰਾ ਬਣ ਗਏ ਹਨ, ਪਰ ਵੱਡੀ ਗਿਣਤੀ ਸੈਲਾਨੀ ਇਸ ਸੈਕਟਰ ਵਿਚ ਫੇਰੀ ਜ਼ਰੂਰ ਪਾ ਕੇ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਸੈਕਟਰ 17 ਦਾ ਵਿਕਾਸ ਕਰਨ ਲਈ ਪ੍ਰਸ਼ਾਸ਼ਨ ਦੇ ਅਧਿਕਾਰੀ ਭਾਵੇਂ ਥੋੜ੍ਹੇ ਅਵੇਸਲੇ ਹੋ ਗਏ ਸਨ ਪਰ ਹੁਣ ਮੁੜ ਇਸ ਦੀ ਦਿੱਖ ਸੰਵਾਰਨ ਲੱਗ ਪਏ ਹਨ। ਸੈਲਾਨੀਆਂ ਦੀ ਸਹੂਲਤ ਲਈ ਨਵੇਂ ਨਵੇਂ ਰਾਹ ਲੱਭ ਰਹੇ ਹਨ।

ਇਕ ਰਿਪੋਰਟ ਅਨੁਸਾਰ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਵੱਲੋਂ ਛੇਤੀ ਹੀ ਸੈਲਾਨੀਆਂ ਦੀ ਸਹੂਲਤ ਲਈ ਬੈਟਰੀ ਵਾਲੀਆਂ ਗੌਲਫ ਗੱਡੀਆਂ ਚਲਾਉਣ ਦੀ ਰੂਪ-ਰੇਖਾ ਉਲੀਕੀ ਹੈ।

ਸੂਤਰਾਂ ਅਨੁਸਾਰ 15 ਨਵੰਬਰ ਤਕ 10 ਗੌਲਫ ਗੱਡੀਆਂ ਚੱਲਣ ਲੱਗ ਪੈਣਗੀਆਂ। ਸੀਐੱਸਸੀਐੱਲ ਵਲੋਂ ਖਰੀਦੀਆਂ ਗਈਆਂ ਇਹਨਾਂ ਗੱਡੀਆਂ ਦੀ ਕੀਮਤ 43 ਲੱਖ ਰੁਪਏ ਦੱਸੀ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਇਹਨਾਂ ਗੱਡੀਆਂ ਲਈ ਖਾਸ ਰੈਂਪ ਵੀ ਤਿਆਰ ਕਰ ਦਿੱਤੇ ਹਨ। ਫੌਂਟੈਨ ਨੇੜੇ ਪੌੜੀਆਂ ਦੇ ਕੋਲ ਇਹ ਰੈਂਪ ਬਣਾਏ ਗਏ ਹਨ। ਸੈਕਟਰ 17 ਪਲਾਜ਼ਾ ਦਾ ਘੇਰਾ ਵਿਸ਼ਾਲ ਹੋਣ ਕਰਕੇ ਬੱਚਿਆਂ ਤੇ ਬਜ਼ੁਰਗਾਂ ਲਈ ਇਹ ਬਹੁਤ ਵੱਡੀ ਸਹੂਲਤ ਹੈ। ਇਹਨਾਂ ਗੱਡੀਆਂ ਲਈ ਇਕ ਵੱਖਰਾ ਟ੍ਰੈਕ ਤਿਆਰ ਕੀਤਾ ਗਿਆ ਹੈ। ਸੀਐੱਸਸੀਐੱਲ ਦੇ ਚੀਫ ਜਨਰਲ ਮੈਨੇਜਰ ਐੱਨਪੀ ਸ਼ਰਮਾ ਨੇ ਦੱਸਿਆ ਕਿ ਇਕ ਗੌਲਫ ਗੱਡੀ ਵਿਚ ਇਕ ਸਮੇਂ ਨੌਂ ਵਿਅਕਤੀ ਬੈਠਣ ਦੀ ਸਮਰੱਥਾ ਹੈ। ਇਹ ਗੌਲਫ ਗੱਡੀਆਂ ਸੈਲਾਨੀਆਂ ਨੂੰ ਸੈਕਟਰ 17 ਵਿਚ ਘੁੰਮਾਉਣ  ਤੋਂ ਬਾਅਦ ਸੈਕਟਰ 16 ਦੇ ਰੋਜ਼ ਗਾਰਡਨ ਦੇ ਅੰਡਰਪਾਸ ਤਕ ਵੀ ਲੈ ਕੇ ਜਾਣਗੀਆਂ।

ਇਸ ਤੋਂ ਪਹਿਲਾਂ ਪ੍ਰਸ਼ਾਸ਼ਨ ਨੇ ਛੋਟੇ ਬੱਚਿਆਂ ਲਈ ਬੈਟਰੀ ਵਾਲੀਆਂ ਛੋਟੀਆਂ ਗੱਡੀਆਂ ਚਲਾਈਆਂ ਸਨ ਜਿਸ ਦਾ ਸੈਲਾਨੀਆਂ ਵਲੋਂ ਚੰਗਾ ਹੁੰਗਾਰਾ ਮਿਲਿਆ ਸੀ। ਚੰਡੀਗੜ੍ਹ ਨੂੰ ਖੂਬਸੂਰਤ ਰੱਖਣ ਲਈ ਸੁਖਨਾ ਝੀਲ ਅਤੇ ਹੋਰ ਵਿਰਾਸਤੀ ਥਾਂਵਾਂ ਨੂੰ ਸੈਲਾਨੀਆਂ ਦਾ ਆਕਰਸ਼ਣ ਬਣਾਇਆ ਜਾ ਰਿਹਾ ਹੈ। ਪਾਰ ਹਰ ਨਾਗਰਿਕ ਤੇ ਸੈਲਾਨੀ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਖੂਬਸੂਰਤੀ ਬਰਕਰਾਰ ਰੱਖਣ।

- Advertisement -

Share this Article
Leave a comment