ਚੰਡੀਗੜ੍ਹ : ਬੇਅਦਬੀ ਕਾਂਡ ਅਤੇ ਗੋਲੀ ਕਾਂਡ ਕੇਸਾਂ ਦੀ ਜਾਂਚ ਕਰ ਰਹੀ ਟੀਮ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਵੱਲੋਂ ਕੇਸ ਦੀ ਕਲੋਜ਼ਰ ਰਿਪੋਰਟ ਅਦਾਲਤ ‘ਚ ਦਾਇਰ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਇਸ ਮੁੱਦੇ ‘ਤੇ ਹਰ ਦਿਨ ਸਿਆਸੀ ਆਗੂਆਂ ਵੱਲੋਂ ਆਪਣੀਆਂ ਆਪਣੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਇਸ ਮਾਮਲੇ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਮੁੱਖ ਮੰਤਰੀ ਦਾ ਦੋਸ਼ ਹੈ ਕਿ ਸੀਬੀਆਈ ਨੇ ਕੇਸ ਦੀ ਕਲੋਜ਼ਰ ਰਿਪੋਰਟ ਕਰਨ ਦੀ ਕਾਹਲੀ ਕੀਤੀ ਹੈ। ਉਨ੍ਹਾਂ ਖਦਸ਼ਾ ਜਤਾਇਆ ਹੈ ਕਿ ਜੇਕਰ ਬੇਅਦਬੀ ਅਤੇ ਗੋਲੀ ਕਾਂਡ ਦੇ ਮੁਲਜ਼ਮ ਸਾਹਮਣੇ ਨਹੀਂ ਆਉਂਦੇ ਤਾਂ ਸੂਬੇ ਦਾ ਮਹੌਲ ਤਣਾਅਪੂਰਨ ਬਣ ਸਕਦਾ ਹੈ। ਕੈਪਟਨ ਦੇ ਇਸ ਬਿਆਨ ਦੀ ਪੁਸ਼ਟੀ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਆਪਣੀ ਟਵੀਟਰ ਅਕਾਉਂਟ ਜ਼ਰੀਏ ਕੀਤੀ ਹੈ।
.@capt_amarinder rejects`hurried’ #CBI closure report in #Bargari sacrilege case, demands reopening of case for further investigation. Warns of serious law & order repercussions if guilty not brought to book as closure has hurt Sikh sentiment. pic.twitter.com/Z3gR6ohJQX
— Raveen Thukral (@Raveen64) July 31, 2019
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੀਬੀਆਈ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਸ ਕੇਸ ਦੀ ਜਾਂਚ ਡੂੰਘਾਈ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਸੂਬੇ ਦੇ ਹਾਲਾਤ ਖਰਾਬ ਹੋਣ ਦਾ ਖਦਸ਼ਾ ਜਤਾਉਂਦਿਆਂ ਸੀਬੀਆਈ ਤੋਂ ਮੰਗ ਕੀਤੀ ਹੈ ਕਿ ਉਹ ਇਸ ਗੰਭੀਰ ਮੁੱਦੇ ਨੂੰ ਦੇਖਦਿਆਂ ਜਲਦ ਤੋਂ ਜਲਦ ਕੇਸ ਦੀ ਕਲੋਜ਼ਰ ਰਿਪੋਰਟ ਅਦਾਲਤ ‘ਚੋਂ ਵਾਪਸ ਲੈ ਲਵੇ। ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸੀਬੀਆਈ ਨੇ ਕੇਸ ਦੀ ਜਾਂਚ ਦੌਰਾਨ ਕਈ ਅਹਿਮ ਪਹਿਲੂਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਇਹ ਕਲੋਜ਼ਰ ਰਿਪੋਰਟ ਦਾਖਲ ਹੋਣ ਤੋਂ ਬਾਅਦ ਇਹ ਸਾਬਤ ਹੋਇਆ ਹੈ ਕਿ ਦੇਸ਼ ਦੀ ਸਭ ਤੋਂ ਉੱਚ ਜਾਂਚ ਕਮੇਟੀ ਸੀਬੀਆਈ ਵੀ ਮੁਲਜ਼ਮਾਂ ਨੂੰ ਸਾਹਮਣੇ ਲਿਆਉਣ ਵਿੱਚ ਨਾਕਾਮਯਾਬ ਰਹੀ ਹੈ।