ਹੁਣ ਕੈਪਟਨ-ਸਿੱਧੂ ਵਿਵਾਦ ਬਣਿਆ ਕੈਪਟਨ-ਬਾਜਵਾ ਵਿਵਾਦ, ਮੁੱਖ ਮੰਤਰੀ ਨੇ ਕਿਹਾ ਬਾਜਵਾ ਮੂਰਖਤਾ ਪੂਰਨ ਵਿਹਾਰ ਕਰ ਰਹੇ ਹਨ, ਅਗਲਾ ਨੰਬਰ ਹੁਣ ਬਾਜਵਾ ਦਾ?

TeamGlobalPunjab
9 Min Read

ਚੰਡੀਗੜ੍ਹ : ਇੱਕ ਅੰਗਰੇਜ਼ੀ ਅਖ਼ਬਾਰ ਵੱਲੋਂ ਕੈਪਟਨ ਦੇ ਹਵਾਲੇ ਨਾਲ ਬੇਅਦਬੀ ਮਾਮਲੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦੇਣ ਦਾ ਮਾਮਲਾ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਪ੍ਰੈਸ ਬਿਆਨ ਦੇ ਬਾਵਜੂਦ ਵੀ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਜਿੱਥੇ ਇੱਕ ਪਾਸੇ ਮੁੱਖ ਮੰਤਰੀ ਦਾ ਬਿਆਨ ਛਾਪਣ ਵਾਲੇ ਅੰਗਰੇਜ਼ੀ ਅਖ਼ਬਾਰ ਨੇ ਇਹ ਕਹਿ ਕੇ ਕੈਪਟਨ ਵੱਲੋਂ ਅਖ਼ਬਾਰ ਵਿਰੁੱਧ ਜਾਰੀ ਕੀਤੇ ਬਿਆਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ ਕਿ ਉਹ ਇਸ ਬਿਆਨ ਨੂੰ ਛਾਪਣ ਦੇ ਆਪਣੇ ਫੈਸਲੇ ‘ਤੇ ਅਜੇ ਵੀ ਕਾਇਮ ਹਨ ਤੇ ਵਿਰੋਧੀ ਧਿਰਾਂ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਕੈਪਟਨ ਦੇ ਉਸ ਬਿਆਨ ਤੋਂ ਬਾਅਦ ਕੈਪਟਨ ਬਾਦਲ ਦੋਸਤਾਨਾਂ ਮੈਚ ਵਜੋਂ ਗਰਦਾਨ ਕੇ ਇਹ ਕਹਿ ਰਹੀਆਂ ਹਨ ਕਿ, “ਦੇਖਿਆ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਇਹ ਰਲੇ ਹੋਏ ਹਨ?”ਉੱਥੇ ਦੂਜੇ ਪਾਸੇ ਕਾਂਗਰਸ ਦੇ ਆਪਣੇ ਰਾਜ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ, ਕਿ ਕੈਪਟਨ ਬਾਦਲ ਪਿਓ ਪੁੱਤਰਾਂ ਨੂੰ ਬਾਹਰਲੀਆਂ ਤਾਕਤਾਂ ਦੇ ਕਹਿਣ ‘ਤੇ ਬੇਅਦਬੀ ਮਾਮਲਿਆਂ ਵਿੱਚੋਂ ਦੋਸ਼ ਮੁਕਤ ਕਰ ਰਹੇ ਹਨ। ਅਜਿਹੇ ਵਿੱਚ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀਆਂ ਸਣੇ ਪ੍ਰਤਾਪ ਸਿੰਘ ਬਾਜਵਾ ਨੂੰ ਪੂਰੀ ਤਲਖੀ ਨਾਲ ਭੜਕ ਕੇ ਜਵਾਬ ਦਿੰਦਿਆਂ ਕਿਹਾ ਹੈ ਕਿ ਇੱਕ ਅਖ਼ਬਾਰ ਵੱਲੋਂ ਗੁੰਮਰਾਹ ਕਰਨ ਵਾਲੇ ਅਤੇ ਪੱਖਪਾਤੀ ਸਿਰਲੇਖ ਹੇਠ ਛਾਪੀ ਗਈ ਖ਼ਬਰ ਨੂੰ ਅਧਾਰ ਬਣਾ ਕੇ ਆਪਣੀ ਹੀ ਪਾਰਟੀ ਵਿਰੁੱਧ ਝੂਠਾ ਪ੍ਰਚਾਰ ਕਰਨਾ ਪ੍ਰਤਾਪ ਸਿੰਘ ਬਾਜਵਾ ਦਾ ਮੂਰਖਤਾ ਪੂਰਨ ਅਤੇ ਗੈਰ ਜਿੰਮੇਵਾਰਨਾ ਰਵੱਈਆ ਹੈ। ਅਜਿਹਾ ਕਰਕੇ ਬਾਜਵਾ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਕੈਪਟਨ ਦੇ ਇਸ ਬਿਆਨ ਤੋਂ ਬਾਅਦ ਸੂਬੇ ‘ਚ ਨਵੀਂ ਚਰਚਾ ਛਿੜ ਗਈ ਹੈ ਤੇ ਲੋਕ ਹੁਣ ਇਹ ਸਵਾਲ ਕਰ ਰਹੇ ਹਨ ਕਿ ਸਿੱਧੂ ਕੈਪਟਨ ਵਿਵਾਦ ਨੇ ਹੁਣ ਕੈਪਟਨ ਬਾਜਵਾ ਵਿਵਾਦ ਦਾ ਰੂਪ ਧਾਰਨ ਤਾਂ ਕਰ ਲਿਆ ਹੈ, ਪਰ ਕੀ ਹੁਣ ਬਾਜਵਾ ਦਾ ਵੀ ਉਹੋ ਹਸਰ ਹੋਵੇਗਾ ਜੋ ਨਵਜੋਤ ਸਿੰਘ ਸਿੱਧੂ ਦਾ ਹੋਇਆ ਸੀ?

ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਜਿਹੇ ਬਿਆਨ ਦੇ ਕੇ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਅਕਾਲੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਜਿਹੜੇ ਲਗਾਤਾਰ ਬਰਗਾੜੀ ਬੇਅਦਬੀ ਕੇਸਾਂ ਦੀ ਜਾਂਚ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਕੈਪਟਨ ਅਨੁਸਾਰ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਉਹ ਵੀ ਸੂਬੇ ਅੰਦਰ ਆਪਣੇ ਪੈਰ ਜ਼ਮਾਉਣ ਲਈ ਪੁਰਜੋਰ ਯਤਨਾਂ ਵਿੱਚ ਲੱਗੀ ਹੋਈ ਹੈ। ਜਿਹੜੇ ਯਤਨ ਵਿਧਾਨ ਸਭਾ ਜ਼ਿਮਨੀ ਚੋਣਾਂ ਮੌਕੇ ਆ ਕੇ ਕੁਝ ਜਿਆਦਾ ਹੀ ਤੇਜ਼ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਅਨੁਸਾਰ ਬਾਜਵਾ ਨੇ ਅਜਿਹਾ ਬਿਆਨ ਦੇ ਕੇ ਉਨ੍ਹਾਂ ਲੋਕਾਂ ਦੇ ਯਤਨਾਂ ਨੂੰ ਤਾਕਤ ਦਿੱਤੀ ਹੈ, ਜਿਹੜੇ ਕਿ ਸੂਬੇ ਦੇ ਉਸ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਵਿੱਚ ਲੱਗੇ ਹੋਏ ਹਨ ਜਿਹੜਾ ਪਿਛਲੇ 10 ਸਾਲ ਦੇ ਮਾੜੇ ਦੌਰ ਵਿੱਚੋਂ ਨਿੱਕਲ ਕੇ ਤਰੱਕੀ ਅਤੇ ਵਿਕਾਸ ਦੀ ਰਾਹ ‘ਤੇ ਤੁਰ ਪਿਆ ਹੈ।

ਮੁੱਖ ਮੰਤਰੀ ਅਨੁਸਾਰ ਸਿਰਫ ਇੱਕ ਸਧਾਰਨ ਸੁਰਖੀ ਨੂੰ ਪੜ੍ਹ ਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਨ੍ਹਾਂ ਦੀ ਨਿੰਦਾ ਕੀਤੇ ਜਾਣ ਦਾ ਜੋ ਰਾਹ ਅਪਣਾਇਆ ਗਿਆ ਹੈ, ਉਹ ਉਨ੍ਹਾਂ ਦੀ ਰਾਜਸੀ ਨਾਸਮਝੀ ਅਤੇ ਸਿਆਣਪ ਦੀ ਘਾਟ ਨੂੰ ਸਾਫ ਤੌਰ ‘ਤੇ ਦਰਸਾਉਂਦਾ ਹੈ। ਕੈਪਟਨ ਨੇ ਬਾਜਵਾ ਅਤੇ ਉਨ੍ਹਾਂ ਦੇ ਦੂਜੇ ਵਿਰੋਧੀਆਂ ਨੂੰ ਕਰੜਾ ਜਵਾਬ ਦਿੰਦਿਆਂ ਕਿਹਾ ਕਿ, ਕੀ ਜਿਹੜੇ ਲੋਕ ਉਨ੍ਹਾਂ ‘ਤੇ ਇੱਕ ਸਿਰਲੇਖ ਪੜ੍ਹ ਕੇ ਇਕਦਮ ਸਿਆਸੀ ਹਮਲਾ ਕਰਨ ਲਈ ਉਤਾਵਲੇ ਹੋ ਗਏ ਹਨ ਕੀ ਉਨ੍ਹਾਂ ਲੋਕਾਂ ਨੇ ਉਹ ਪੂਰੀ ਇੰਟਰਵਿਊ ਪੜ੍ਹੀ ਹੈ? ਕੀ ਉਹ ਇਹ ਦੱਸ ਸਕਦੇ ਹਨ ਕਿ ਉਸ ਇੰਟਰਵਿਊ ਵਿੱਚ ਇੱਕ ਲਾਈਨ ਵੀ ਅਜਿਹੀ ਲਿਖੀ ਗਈ ਸੀ ਜਿਹੜੀ ਕਿ ਇਸ ਗੱਲ ਨੂੰ ਸਾਬਤ ਕਰਦੀ ਹੋਵੇ ਕਿ ਉਨ੍ਹਾਂ (ਕੈਪਟਨ) ਨੇ ਬਾਦਲਾਂ ਨੂੰ ਬੇਅਦਬੀ ਮਾਮਲਿਆਂ ਵਿੱਚੋਂ ਕਲੀਨ ਚਿੱਟ ਦੇ ਦਿੱਤੀ ਹੈ?  ਕੈਪਟਨ ਨੇ ਕਿਹਾ ਕਿ ਸਬੰਧਤ ਅਖ਼ਬਾਰ ਨੇ ਉਸ ਇੰਟਰਵਿਊ ਨੂੰ ਸਨਸਨੀਖੇਜ ਬਣਾਉਣ ਲਈ ਬੇਹੱਦ ਗੈਰ ਜਿੰਮੇਵਾਰਨਾ ਢੰਗ ਨਾਲ ਵਿਹਾਰ ਕਰਦਿਆਂ ਸਿਰਲੇਖ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਤੇ ਇਹ ਸੀਨੀਅਰ ਆਗੂ ਇਸ ਵਿਵਾਦ ਦੌਰਾਨ ਅਜਿਹੇ ਬਿਆਨ ਦੇ ਕੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ਕੀ ਉਨ੍ਹਾਂ (ਬਾਜਵਾ) ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਅਜਿਹੇ ਬਿਆਨ ਉਨ੍ਹਾਂ ਲੋਕਾਂ ‘ਤੇ ਮਾੜਾ ਅਸਰ ਪਾਉਣਗੇ ਜਿਹੜੇ ਕਿ ਸੂਬੇ ਦੇ ਸ਼ਾਂਤਮਈ ਮਾਹੌਲ ਵਿੱਚ ਵਿਕਾਸ ਚਾਹੁੰਦੇ ਹਨ? ਕੈਪਟਨ ਨੇ ਕਿਹਾ ਕਿ ਜਿਨ੍ਹਾਂ ਵਿਰੋਧੀ ਧਿਰਾਂ ਕੋਲ ਇਸ ਵੇਲੇ ਕੋਈ ਉਸਾਰੂ ਮੁੱਦਾ ਨਹੀਂ ਹੈ ਉਹ ਪਿਛਲੇ 2 ਸਾਲਾਂ ਦੌਰਾਨ ਚੋਣਾਂ ਤੋਂ ਪਹਿਲਾਂ ਅਕਸਰ ਉਨ੍ਹਾਂ ਖਿਲਾਫ ਅਧਾਰਹੀਨ ਦੋਸ਼ ਲਾਉਂਦੇ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ  ਚਾਹੀਦਾ ਤਾਂ ਇਹ ਸੀ ਕਿ ਬਾਜਵਾ ਤੱਥਾਂ ਦੇ ਅਧਾਰ ‘ਤੇ ਵਿਰੋਧੀਆਂ ਨੂੰ ਜਵਾਬ ਦਿੰਦੇ ਪਰ ਇਹ ਬੇਹੱਦ ਮੰਦਭਾਗਾ ਹੈ ਕਿ ਬਾਜਵਾ ਉਲਟਾ ਨੇ ਉਨ੍ਹਾਂ ਵਿਰੋਧੀਆਂ ਨਾਲ ਮਿਲ ਕੇ ਉਨ੍ਹਾਂ (ਕੈਪਟਨ) ‘ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।

- Advertisement -

ਇਹ ਤਾਂ ਸੀ ਉਹ ਬਿਆਨ ਜੋ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਤੇ ਅਸੀਂ ਹੂ-ਬ-ਹੂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ, ਪਰ ਹੁਣ ਜਰਾ ਫਲੈਸ਼ ਬੈਕ ‘ਚ ਜਾਓ ਤੇ ਦਿਮਾਗ ‘ਤੇ ਜੋਰ ਦਿਓ ਕਿ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਰੈਲੀ ਦੌਰਾਨ ਸਟੇਜ਼ ਤੋਂ ਕੀ ਬਿਆਨ ਦਿੱਤਾ ਸੀ ਜੇ ਨਹੀਂ ਯਾਦ ਆਇਆ ਤਾਂ ਅਸੀਂ ਦਸਦੇ ਹਾਂ ਕਿ ਉਸ ਵੇਲੇ ਸਿੱਧੂ ਨੇ ਵੀ ਉਹੋ ਕੁਝ ਕਿਹਾ ਸੀ ਜੋ ਲੱਗਭਗ ਮਿਲਦਾ ਜੁਲਦਾ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ। ਇਸ ਤੋਂ ਇਲਾਵਾ ਯਾਦ ਕਰੋ 27 ਅਗਸਤ 2018 ਵਾਲਾ ਵਿਧਾਨ ਸਭਾ ਇਜਲਾਸ, ਜਿਸ ਵਿੱਚ ਵਿਰੋਧੀਆਂ ਨਾਲ ਤਲਖ ਕਲਾਮੀ ਹੋਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਹ ਕਹਿ ਦਿੱਤਾ ਸੀ ਕਿ ਸਾਡੀ ਸਰਕਾਰ ਨਕੰਮੀ ਹੈ ਤੇ ਇਹ ਸਭ ਰਲੇ ਹੋਏ ਹਨ।

ਇਹ ਉਹ ਕੁਝ ਗੱਲਾਂ ਹਨ, ਜਿਹੜੀਆਂ ਕਿ ਆਪਸ ਵਿੱਚ ਮੇਲ ਖਾਂਦੀਆਂ ਹਨ ਤੇ ਕੜੀ-ਦਰ-ਕੜੀ ਜੋੜ ਕੇ ਬਾਜਵਾ, ਸਿੱਧੂ   ਅਤੇ ਸੁੱਖੀ ਰੰਧਾਵਾ ਦੇ ਬਿਆਨਾਂ ਰਾਹੀਂ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਵਿਰੋਧੀ ਧਿਰਾਂ ਵੱਲੋਂ ਕੈਪਟਨ ਅਤੇ ਬਾਦਲਾਂ ਦੇ ਦੋਸਤਾਨਾਂ ਮੈਚ ਵਾਲੇ ਦਿੱਤੇ ਬਿਆਨਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ, ਪਰ ਮਾਹਰਾਂ ਅਨੁਸਾਰ ਕੈਪਟਨ ਦੀ ਆਪਣੀ ਹੀ ਪਾਰਟੀ ਦੇ ਆਗੂਆਂ ਨਾਲ ਬਿਆਨਬਾਜ਼ੀ ਰਾਹੀਂ ਕੋਈ ਇਹ ਝੜੱਪ ਪਹਿਲੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ‘ਤੇ ਕੈਪਟਨ ਦੀ  ਆਪਣੀ ਹੀ ਪਾਰਟੀ ਦੇ ਉਨ੍ਹਾਂ ਸੂਬਾ ਪੱਧਰੀ ਆਗੂਆਂ ਨਾਲ ਤਲਖੀ ਹੁੰਦੀ ਰਹੀ ਹੈ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਰਗੁਜਾਰੀਆਂ ‘ਤੇ ਉਂਗਲ ਚੱਕੀ ਹੈ। ਫਿਰ ਭਾਵੇਂ ਉਹ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਹੋਣ, ਜਗਮੀਤ ਸਿੰਘ ਬਰਾੜ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਹੋਣ, ਸੁਖਪਾਲ ਸਿੰਘ ਖਹਿਰਾ ਹੋਣ, ਸਮਸ਼ੇਰ ਸਿੰਘ ਦੂਲੋ ਹੋਣ, ਜਾਂ ਮਹਿੰਦਰ ਸਿੰਘ ਕੇਪੀ ਇਨ੍ਹਾਂ ਸਾਰਿਆਂ ਨਾਲ ਹੀ ਸਮੇਂ ਸਮੇਂ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਨਾਲ ਕਿਸੇ ਗੱਲ ਨੂੰ ਲੈ ਕੇ ਹੁੰਦੀ ਝੜੱਪ ਨੂੰ ਮੀਡੀਆ ਵੱਲੋਂ ਰਿਪੋਰਟ ਕੀਤਾ ਜਾਂਦਾ ਰਿਹਾ ਹੈ।

ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ਅੰਦਰਲੇ ਵੱਡੇ ਸਿਆਸੀ ਕੱਦ ਅੱਗੇ ਕੋਈ ਵੀ ਆਗੂ ਟਿਕ ਨਹੀਂ ਪਾਇਆ, ਜੇ ਕੋਈ ਟਿਕਿਆ ਤਾਂ ਉਹ ਹਨ ਸੁਨੀਲ ਜਾਖੜ ਕਿਉਂਕਿ ਉਨ੍ਹਾਂ ਨੇ ਕੈਪਟਨ ਦਾ ਕੋਈ ਬਹੁਤ ਵਿਰੋਧ ਨਹੀਂ ਕੀਤਾ। ਸ਼ਾਇਦ ਇਹੋ ਕਾਰਨ ਹੈ ਕਿ ਕੈਪਟਨ ਨੇ ਆਪ ਖੁਦ ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਲਈ ਯਤਨ ਕੀਤੇ ਹਨ। ਬਾਕੀ ਦਿਆਂ ਨੂੰ ਜਾਂ ਤਾਂ ਕਾਂਗਰਸ ਛੱਡਣੀ ਪਈ ਤੇ ਜਾਂ ਫਿਰ ਉਨ੍ਹਾਂ ਨੂੰ ਕੇਂਦਰ ਦੀ ਰਾਜਨੀਤੀ ਵੱਲ ਧੱਕ ਦਿੱਤਾ ਗਿਆ ਤੇ ਜਿਹੜੇ ਨਾ ਕਾਂਗਰਸ ਛੱਡ ਗਏ ਤੇ ਨਾਂ ਕੇਂਦਰ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਹਸਰ ਅੱਜ ਉਹ ਹੋਇਆ ਹੈ ਜੋ ਅੱਜ ਨਵਜੋਤ ਸਿੰਘ ਸਿੱਧੂ ਦਾ ਹੋ ਰਿਹਾ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਛੱਡ ਕੇ ਪਹਿਲਾਂ ਹੀ ਕੇਂਦਰ ਦੀ ਰਾਜਨੀਤੀ ਵਿੱਚ ਪਹੁੰਚ ਚੁਕੇ ਪ੍ਰਤਾਪ ਸਿੰਘ ਬਾਜਵਾ ਨਾਲ ਕੈਪਟਨ ਦੇ ਨਵੇਂ ਉਠੇ ਇਸ ਬਿਆਨ ਤੋਂ ਬਾਅਦ ਬਾਜਵਾ ਦਾ ਕੀ ਬਣਦਾ ਹੈ ਕਿਉਂਕਿ ਕੈਪਟਨ ਦਾ ਕੁਝ ਵਿਗੜੇਗਾ ਇਹ ਅਜੇ ਨੇੜਲੇ ਭਵਿੱਖ ਵਿੱਚ ਤਾਂ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਹੜਾ ਆਗੂ ਟਿਕਟਾਂ ਆਪਣੀ ਮਰਜੀ ਨਾਲ ਜਾਰੀ ਕਰਵਾ ਸਕਦਾ ਹੈ, ਜਿਹੜਾ ਆਗੂ ਨਵਜੋਤ ਸਿੰਘ ਸਿੱਧੂ ਵਰਗੇ ਵੱਡੇ ਕੱਦ ਦੇ ਆਗੂ ਦੀ ਬੋਲਤੀ ਬੰਦ ਕਰਵਾ ਸਕਦਾ ਹੈ, ਉਸ ਆਗੂ ਅੱਗੇ ਪ੍ਰਤਾਪ ਸਿੰਘ ਬਾਜਵਾ ਕਿੰਨੀ ਦੇਰ ਠਹਿਰਨਗੇ ਇਹ ਵੇਖਣ ਲਈ ਸਾਰਿਆਂ ਨੇ ਆਪਣੀਆਂ ਅੱਖਾਂ ਬਿਨਾਂ ਝਪਕੇ ਖੋਲ੍ਹ ਰੱਖੀਆਂ ਹਨ।

Share this Article
Leave a comment