ਭੁਪਿੰਦਰ ਮਾਨ ਸਪੱਸ਼ਟ ਕਰਨ ਕਿ ਉਹ ਕੈਪਟਨ ਦੇ ਕਹਿਣ ਉੱਤੇ ਕਮੇਟੀ ‘ਚੋਂ ਬਾਹਰ ਆਏ ਜਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ : ਭਗਵੰਤ ਮਾਨ

TeamGlobalPunjab
4 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਮਾਮਲੇ ਸਬੰਧੀ ਬਣਾਈ ਚਾਰ ਮੈਂਬਰੀ ਕਮੇਟੀ ‘ਚੋਂ ਭੁਪਿੰਦਰ ਸਿੰਘ ਮਾਨ ਦੇ ਵੱਖ ਹੋਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਟਿੱਪਣੀ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਸਾਹਿਬ ਆਪਣੇ-ਆਪ ਹੀ ਮੋਦੀ ਸਰਕਾਰ ਨਾਲ ਮਿਲੀਭੁਗਤ ਹੋਣ ਦਾ ਸਬੂਤ ਦੇ ਰਹੇ ਹਨ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿਣਾ ਕਿ ਭੁਪਿੰਦਰ ਸਿੰਘ ਨੂੰ ਫੋਨ ਕਰਕੇ ਉਸ ਨੂੰ ਕਮੇਟੀ ਵਿੱਚੋਂ ਬਾਹਰ ਆਉਣ ਲਈ ਕਹਿਣਾ ਇਹ ਸਿੱਧ ਕਰਦਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਕੇ ਹੀ ਚਾਰ ਮੈਂਬਰੀ ਕਮੇਟੀ ‘ਚ ਸ਼ਾਮਲ ਕਰਵਾਇਆ ਸੀ। ਮਾਨ ਨੇ ਕਿਹਾ ਕਿ ਜਦੋਂ ਕਿਸਾਨਾਂ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਕੈਪਟਨ ਨੇ ਲੋਕ ਰੋਹ ਨੂੰ ਵੇਖਦਿਆਂ ਹੋਇਆ ਆਪਣਾ ਪੈਂਤੜਾ ਬਦਲਕੇ ਆਪਣੇ ਆਦਮੀ ਨੂੰ ਕਮੇਟੀ ‘ਚੋਂ ਬਾਹਰ ਕੱਢ ਲਿਆ। ਮਾਨ ਨੇ ਕਿਹਾ ਕਿ ਭੁਪਿੰਦਰ ਸਿੰਘ ਮਾਨ ਸਪੱਸ਼ਟ ਕਰਨ ਕਿ ਕੀ ਉਹ ਆਪਣੇ ਦਿਲ ਦੀ ਗੱਲ ਸੁਣਕੇ ਕਮੇਟੀ ‘ਚੋਂ ਬਾਹਰ ਨਿਕਲੇ ਹਨ ਜਾਂ ਫਿਰ ਅਮਰਿੰਦਰ ਸਿੰਘ ਦੇ ਕਹਿਣ ਉੱਤੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਕੇਂਦਰੀ ਦੀ ਮੋਦੀ ਸਰਕਾਰ ਮਿਲੇ ਹੋਏ ਹਨ ਅਤੇ ਲੋਕ ਵਿਰੋਧੀ ਫੈਸਲੇ ਇਕ ਸਾਂਝੇਦਾਰੀ ਨਾਲ ਹੀ ਲੈ ਰਹੇ ਹਨ।

ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਚੇਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਿਆ ਹੈ ਕਿ ਕਿਵੇਂ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਮਿਲੀਭੁਗਤ ਨਾਲ ਕਾਲੇ ਕਾਨੂੰਨਾਂ ਲਈ ਦੋਗਲੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪਹਿਲਾਂ ਹਾਈਪਾਵਰ ਕਮੇਟੀ ਵਿੱਚ ਇਨ੍ਹਾਂ ਬਿੱਲਾਂ ਨੂੰ ਹਿਮਾਇਤ ਦਿੱਤੀ ਅਤੇ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਕੁਝ ਨਾ ਦੱਸਿਆ ਕਿ ਕਿੰਨੇ ਖਤਰਨਾਕ ਹਨ। ਇਸ ਤੋਂ ਬਾਅਦ ਜਦੋਂ ਲੋਕਾਂ ਨੇ ਵਿਰੋਧ ਕੀਤਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਦੀ ਵਿਧਾਨ ਸਭਾ ‘ਚ ਡਰਾਮੇਬਾਜ਼ੀ ਕਰਦੇ ਹੋਏ ਨਵੇਂ ਕਾਨੂੰਨ ਬਣਾਏ ਜੋ ਅਜੇ ਤੱਕ ਪੰਜਾਬ ਕੋਲ ਹੀ ਪਏ ਹਨ ਅਤੇ ਸਰਕਾਰ ਨੇ ਕੋਈ ਪੈਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਕਾਲੇ ਕਾਨੂੰਨਾਂ ਖਿਲਾਫ ਕਾਨੂੰਨੀ ਲੜਾਈ ਲੜੀ ਜਾਵੇਗੀ, ਪ੍ਰੰਤੂ ਅਜੇ ਤੱਕ ਸ਼ੁਰੂਆਤ ਵੀ ਨਹੀਂ ਕੀਤੀ, ਜਦੋਂ ਕਿ ਅਟਰਨੀ ਜਨਰਲ (ਏਜੀ) ਕੋਲ ਐਨੀ ਵੱਡੀ ਵਕੀਲਾਂ ਦੀ ਫੌਜ ਹੋਣ ਦੇ ਬਾਵਜੂਦ ਕੁਝ ਨਹੀਂ ਕੀਤਾ। ਕੈਪਟਨ ਨੇ ਪੁੱਤ ਮੋਹ ਦੇ ਚਲਦਿਆਂ ਈਡੀ ਤੋਂ ਬਚਣ ਲਈ ਕਿਸਾਨਾਂ ਦੇ ਮੁੱਦੇ ਉੱਤੇ ਕਦੇ ਵੀ ਪ੍ਰਧਾਨ ਮੰਤਰੀ ਨਾਲ ਗੱਲ ਨਹੀਂ ਕੀਤੀ। ਪਿਛਲੇ ਦਿਨੀਂ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਕੇ ਆਏ ਤਾਂ ਉਸ ਤੋਂ ਬਾਅਦ ਪੰਜਾਬ ਵਿੱਚ ਕਿਸਾਨਾਂ ਵਿਰੁੱਧ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ। ਈਡੀ ਦੇ ਦਬਕੇ ਹੇਠ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਕੋਲ ਵੇਚ ਦਿੱਤਾ।

ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਦੋ ਪਾਸੇ ਤੋਂ ਮਾਰ ਪੈ ਰਹੀ ਹੈ। ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਨਵੇਂ ਨਵੇਂ ਕਾਨੂੰਨ ਲਿਆਕੇ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਗੁਲਾਮ ਬਣਾਉਣ ਦੀਆਂ ਚਾਲਾਂ ਚੱਲ ਰਹੀ ਹੈ, ਦੂਜੇ ਪਾਸੇ ਕੈਪਟਨ ਸਰਕਾਰ ਕਿਸਾਨਾਂ ਦੀ ਰੱਖਿਆ ਕਰਨ ਦੀ ਬਜਾਏ ਕੇਂਦਰ ਸਰਕਾਰ ਨਾਲ ਰਲਕੇ ਕਿਸਾਨਾਂ ਦੇ ਅੰਦੋਲਨ ਨੂੰ ਕੋਚਲਣ ਦੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਚੌਕਸ ਹੋ ਕੇ ਚੱਲਣ ਦੀ ਜ਼ਰੂਰਤ ਹੈ। ਕਿਸਾਨਾਂ ਨੇ ਜਿੱਥੇ ਆਪਣੇ ਹੱਕਾਂ ਲਈ ਜਿੱਤ ਪ੍ਰਾਪਤ ਲਈ ਸੰਘਰਸ਼ ਕਰਨਾ ਹੈ, ਉਥੇ ਭਾਜਪਾ ਦੇ ਮੁੱਖ ਮੰਤਰੀ ਬਣਕੇ ਕੰਮ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਦੀਆਂ ਚਾਲਾਂ ਤੋਂ ਵੀ ਚੁਸਤ ਰਹਿਣਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੋਂ ਕਈ ਥਾਵਾਂ ਉੱਤੇ ਸਿੱਧ ਹੋ ਚੁੱਕਿਆ ਕਿ ਉਹ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਹਨ। ਮੋਦੀ-ਸ਼ਾਹ ਦੇ ਹੁਕਮਾਂ ਉੱਤੇ ਚਲਦੇ ਹੋਏ ਅੰਦੋਲਨ ਨੂੰ ਕੁਚਲਣ ਲਈ ਹਰ ਹੱਥਕੰਡਾ ਵਰਤਣ ਦੀ ਕੋਸ਼ਿਸ਼ ਕਰਦੇ ਹਨ।

Share this Article
Leave a comment