ਕੈਪਟਨ ਅਮਰਿੰਦਰ ਸਿੰਘ ਵੱਲੋਂ CAA ‘ਤੇ ਅਕਾਲੀਆਂ ਦੇ ਦੂਹਰੇ ਮਾਪਦੰਡਾਂ ਦੀ ਕਰੜੀ ਆਲੋਚਨਾ

TeamGlobalPunjab
2 Min Read

ਚੰਡੀਗੜ੍ਹ : ਇੰਨੀ ਦਿਨੀਂ ਕੌਮੀ ਨਾਗਰਿਕਤਾ ਰਜਿਸਟਰ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੁਨੀਆਂ ਭਰ ‘ਚ ਪ੍ਰਦਰਸ਼ਨ ਹੋ ਰਹੇ ਹਨ। ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਅਕਾਲੀਆਂ ਵੱਲੋਂ ਦੂਹਰਾ ਮਾਪਦੰਡ ਅਪਣਾਉਣ ਦੀ ਸਖ਼ਤ ਆਲੋਚਨਾ ਕਰਦਿਆਂ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਦੇਣ ਦੇ ਸਟੈਂਡ ਨੂੰ ਸਪੱਸ਼ਟ ਕਰਨ ਲਈ ਆਖਿਆ ਹੈ ਜਿਸ ਨਾਲ ਉਹ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸੰਸਦ ਵਿੱਚ ਭਾਜਪਾ ਵੱਲੋਂ ਪੇਸ਼ ਕੀਤੇ ਨਾਗਰਿਕਤਾ ਸੋਧ ਐਕਟ ਦੀ ਹਮਾਇਤ ਕੀਤੀ ਪਰ ਹੁਣ ਇਸ ਕਾਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟਰ ਦੇ ਮੁੱਦਿਆਂ ‘ਤੇ ਆਪਾ ਵਿਰੋਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੀ ਮੰਗ ਬਾਰੇ ਸੁਖਬੀਰ ਬਾਦਲ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੱਲੋਂ ਦਿੱਤੇ ਬਿਆਨਾਂ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਭਲੀ ਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ  ਅਕਾਲੀ ਦੂਹਰੀ ਖੇਡ ਖੇਡ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਵੱਲੋਂ ਦੂਹਰਾ ਮਾਪਦੰਡ ਅਪਣਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕ ਪਾਸੇ ਤਾਂ ਐਨ.ਡੀ.ਏ. ਨਾਲ ਆਪਣਾ ਨਾਤਾ ਕਾਇਮ ਰੱਖਿਆ ਅਤੇ ਦੂਜੇ ਪਾਸੇ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਸਮਰਥਨ ਦਿੱਤਾ।

ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਹਰਿਆਣਾ ਵਿੱਚ ਅਕਾਲੀ ਦਲ ਇਨੈਲੋ ਦੀ ਪਿੱਠ ‘ਤੇ ਖੜ੍ਹਾ ਸੀ ਜਦਕਿ ਦੂਜੇ ਪਾਸੇ ਪੰਜਾਬ ਵਿੱਚ ਭਾਜਪਾ ਦਾ ਭਾਈਵਾਲ ਬਣਿਆ ਹੋਇਆ ਸੀ ਜਿੱਥੇ ਇਸੇ ਸਮੇਂ ਦੌਰਾਨ ਹੀ ਕੁਝ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਅਜਿਹੇ ਆਪਾ ਵਿਰੋਧੀ ਲਏ ਗਏ ਸਟੈਂਡ ਅਤੇ ਬਿਆਨਾਂ ਨੇ ਇਸ ਸਚਾਈ ਤੋਂ ਪਰਦਾ ਚੁੱਕ ਦਿੱਤਾ ਹੈ ਕਿ ਅਕਾਲੀਆਂ ਨੂੰ ਸਿਰਫ਼ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਨਾਲ ਹੀ ਸਰੋਕਾਰ ਹੈ ਅਤੇ ਕੌਮੀ ਮਹੱਤਤਾ ਵਾਲੇ ਕਿਸੇ ਵੀ ਮੁੱਦੇ ‘ਤੇ ਇਨ੍ਹਾਂ ਦਾ ਕੋਈ ਵਿਚਾਰਧਾਰਕ ਸਟੈਂਡ ਨਹੀਂ ਹੈ।

Share this Article
Leave a comment