ਓਟਾਵਾ: ਦੇਸ਼ ਦੀ ਸੁਰੱਖਿਆ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਗਲਤੀ ਨਾਲ ਕੈਨੇਡਾ ਦੀ ਪੀ.ਆਰ. ਦੇ ਦਿੱਤੀ ਗਈ ਜਿਸਦੀ ਨਿਖੇਧੀ ਕਰਦਿਆਂ ਫੈਡਰਲ ਪਬਲਿਕ ਸੇਫਟੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਸਵੀਕਾਰ ਨਹੀਂ ਕੀਤੀ ਜਾਵੇਗੀ। ਕੈਨੇਡਾ ਸਰਹੱਦੀ ਸਰਵਿਸਿਜ਼ ਏਜੰਸੀ ਦੇ ਪ੍ਰੈਜ਼ੀਡੈਂਟ ਜੌਹਨ ਓਸੋਵਸਕੀ ਵੱਲੋਂ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਭੇਜੀ ਗਈ ਬ੍ਰੀਫਿੰਗ ਨੋਟ ਦੀ ਕਾਪੀ ਅਨੁਸਾਰ ਇਹ ਅਸਫਲਤਾਵਾਂ ਦੀ ਲੜੀ ਦਾ ਹੀ ਨਤੀਜਾ ਹੈ ਕਿ ਦੇਸ਼ ਦੀ ਸੁਰੱਖਿਆ ਨੂੰ ਖਤਰਾ ਮੰਨੇ ਜਾਣ ਵਾਲੇ ਵਿਅਕਤੀ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾ ਰਹੀ ਹੈ।
ਪੀ.ਆਰ. ਦਿੱਤੇ ਜਾਣ ਤੋਂ ਮਤਲਬ ਹੈ ਕਿ ਕਿਸੇ ਹੋਰ ਦੇਸ਼ ਦੇ ਨਾਗਰਿਕ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਰਮਾਨੈਂਟ ਰੈਜ਼ੀਡੈਂਟਸ ਟੈਕਸ ਅਦਾ ਕਰਦੇ ਹਨ, ਸੋਸ਼ਲ ਬੈਨੇਫਿਟ ਜਿਵੇਂ ਕਿ ਹੈਲਥ ਕਵਰੇਜ ਲੈਂਦੇ ਹਨ, ਇੱਥੇ ਕੰਮ ਕਰ ਸਕਦੇ ਹਨ ਤੇ ਕੈਨੇਡਾ ਵਿੱਚ ਕਿਤੇ ਵੀ ਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਉਹ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਅਪਲਾਈ ਵੀ ਕਰ ਸਕਦੇ ਹਨ।
ਅਜਿਹੇ ਲੋਕਾਂ ਨੂੰ ਹਰ ਪੰਜਾਂ ਸਾਲਾਂ ਬਾਅਦ ਆਪਣੇ ਸਥਾਈ ਰੈਜ਼ੀਡੈਂਟ ਕਾਰਡ ਨੂੰ ਰਿਨਿਊ ਕਰਵਾਉਣ ਲਈ ਅਪਲਾਈ ਕਰਨਾ ਪੈਂਦਾ ਹੈ। ਸਕਿਊਰਿਟੀ ਦੇ ਆਧਾਰ ਉੱਤੇ ਜਾਂ ਖੁਦ ਨੂੰ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ‘ਤੇ ਉਨ੍ਹਾਂ ਦਾ ਇਹ ਦਰਜਾ ਰੱਦ ਵੀ ਕੀਤਾ ਜਾ ਸਕਦਾ ਹੈ। ਇਸ ਮੁੱਦੇ ਉੱਤੇ ਫੈਡਰਲ ਕੰਜ਼ਰਵੇਟਿਵਜ਼ ਵੱਲੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਲੋਕਾਂ ਲਈ ਕੈਨੇਡਾ ਦੀ ਸਕਿਊਰਿਟੀ ਸਕਰੀਨਿੰਗ ਪ੍ਰਕਿਰਿਆ ਦਾ ਮੁਲਾਂਕਣ ਕਰਨ ਦੀ ਮੰਗ ਕੀਤੀ ਗਈ ਹੈ।