ਕੈਲੀਫੋਰਨੀਆ ‘ਚ ਅਧਿਆਪਕਾਂ ਲਈ ਜ਼ਰੂਰੀ ਹੋਵੇਗੀ ਕੋਰੋਨਾ ਵੈਕਸੀਨ

TeamGlobalPunjab
2 Min Read

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਦੀ ਸਟੇਟ ਕੈਲੀਫੋਰਨੀਆ  ਸਕੂਲ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਜ਼ਰੂਰੀ ਕਰਨ ਜਾ ਰਿਹਾ ਹੈ।  ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਬੁੱਧਵਾਰ ਨੂੰ ਸਾਨ ਫਰਾਂਸਿਸਕੋ ਬੇ ਏਰੀਆ ਸਕੂਲ ਦੇ ਦੌਰੇ ਦੌਰਾਨ ਇਸ ਦੀ ਘੋਸ਼ਣਾ ਕੀਤੀ।

ਨਿਊਸਮ ਅਨੁਸਾਰ ਕੈਲੀਫੋਰਨੀਆ ਇਹ ਆਦੇਸ਼ ਦੇਣ ਵਾਲਾ ਪਹਿਲਾ ਰਾਜ ਬਣ ਜਾਵੇਗਾ ਜਿਸ ਵਿੱਚ ਸਾਰੇ ਅਧਿਆਪਕਾਂ ਅਤੇ ਸਕੂਲ ਦੇ ਹੋਰ ਕਰਮਚਾਰੀਆਂ ਨੂੰ  ਕੋਵਿਡ -19 ਦਾ ਟੀਕਾ ਲਗਵਾਉਣ ਦੀ ਜ਼ਰੂਰਤ ਹੋਵੇਗੀ। ਵੈਕਸੀਨ ਨਾ ਲਗਵਾਉਣ ਦੀ ਸੂਰਤ ਵਿੱਚ ਰੈਗੂਲਰ ਹਫਤਾਵਰੀ  ਕੋਰੋਨਾ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ।

ਇਸ ਆਦੇਸ਼ ਵਿੱਚ ਅਧਿਆਪਕ ਅਤੇ ਸਕੂਲ ਦੇ ਸਾਰੇ ਕਰਮਚਾਰੀ ਜਿਨ੍ਹਾਂ ਵਿੱਚ ਸਹਿਯੋਗੀ ਅਤੇ ਬੱਸ ਡਰਾਈਵਰ ਵੀ ਸ਼ਾਮਲ ਹਨ, ਨੂੰ ਆਪਣੇ ਸਕੂਲ ਡਿਸਟ੍ਰਿਕਟ ਵਿੱਚ ਟੀਕਾਕਰਨ ਦੀ ਸਥਿਤੀ ਦਾ ਸਬੂਤ ਦਿਖਾਉਣਾ ਜਰੂਰੀ ਹੈ।

ਸਟੇਟ ਦੇ ਪਬਲਿਕ ਹੈਲਥ ਵਿਭਾਗ ਅਨੁਸਾਰ ਇਹ ਨਵੀਂ ਨੀਤੀ ਪਬਲਿਕ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ‘ਤੇ ਲਾਗੂ ਹੁੰਦੀ ਹੈ ਅਤੇ 800,000 ਤੋਂ ਵੱਧ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗੀ, ਜਿਨ੍ਹਾਂ ਵਿੱਚ ਲਗਭਗ 320,000 ਪਬਲਿਕ ਸਕੂਲ ਦੇ ਅਧਿਆਪਕ ਅਤੇ ਸਹਾਇਤਾ ਕਰਮਚਾਰੀ ਜਿਵੇਂ ਕਿ ਕੈਫੇਟੇਰੀਆ ਕਰਮਚਾਰੀ ਅਤੇ ਕਲੀਨਰ ਸ਼ਾਮਲ ਹਨ।  ਇਹ ਅਦੇਸ਼ ਸਕੂਲ ਵਾਲੰਟੀਅਰਾਂ ਤੇ ਵੀ ਲਾਗੂ ਹੋਵੇਗਾ।

- Advertisement -

ਇਸ ਆਦੇਸ਼ ਅਨੁਸਾਰ ਸਕੂਲ ਅਤੇ ਸਕੂਲ ਨਾਲ ਸਬੰਧਿਤ ਹੋਰ ਕਰਮਚਾਰੀ 15 ਅਕਤੂਬਰ ਤੱਕ ਇਸਦੀ ਪਾਲਣਾ ਕਰਨ। ਸਟੇਟ ਦੇ ਕਈ ਵੱਡੇ ਸਕੂਲੀ ਜ਼ਿਲ੍ਹਿਆਂ ਨੇ ਹਾਲ ਹੀ ਦੇ ਦਿਨਾਂ ਵਿੱਚ ਅਜਿਹੀਆਂ ਜਰੂਰਤਾਂ ਲਾਗੂ ਕੀਤੀਆਂ ਹਨ, ਜਿਹਨਾਂ ਵਿੱਚ ਸਾਨ ਫਰਾਂਸਿਸਕੋ, ਓਕਲੈਂਡ, ਸੈਨ ਹੋਜੇ ਅਤੇ ਲਾਂਗ ਬੀਚ ਯੂਨੀਫਾਈਡ ਆਦਿ  ਸਕੂਲ ਡਿਸਟ੍ਰਿਕਟ ਸ਼ਾਮਲ ਹਨ।

Share this Article
Leave a comment