ਪੰਜਾਬ ਅੰਦਰ ਜ਼ਿਮਨੀ ਚੋਣਾਂ ਦਾ ਐਲਾਨ, ਦੇਖੋ ਕਿਹੜੇ ਕਿਹੜੇ ਵਿਧਾਨ ਸਭਾ ਹਲਕੇ ਅੰਦਰ ਹੋ ਰਹੀਆਂ ਹਨ ਚੋਣਾਂ

TeamGlobalPunjab
2 Min Read

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵੱਲੋਂ ਜਿੱਥੇ ਅੱਜ ਹਰਿਆਣਾ ਅਤੇ ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਪੰਜਾਬ ਦੀਆਂ ਵੀ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ। ਦੱਸਣਯੋਗ ਹੈ ਕਿ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਫਗਵਾੜਾ, ਜਲਾਲਾਬਾਦ, ਦਾਖਾਂ ਅਤੇ ਮੁਕੇਰੀਆਂ ਆਪਣੇ ਵਿਧਾਇਕਾਂ ਤੋਂ ਬਾਅਦ ਸੱਖਣੀਆਂ ਹੋ ਗਈਆਂ ਸਨ ਜਿੱਥੇ ਕਿ ਜ਼ਿਮਨੀ ਚੋਣਾਂ ਹੋਣੀਆਂ ਤੈਅ ਸਨ ਤੇ ਹੁਣ ਚੋਣ ਅਧਿਕਾਰੀਆਂ ਵੱਲੋਂ ਇਨ੍ਹਾਂ ਸੀਟਾਂ ‘ਤੇ ਵਿਧਾਇਕਾਂ ਦੀ ਚੋਣ ਲਈ 21 ਅਕਤੂਬਰ ਦੀ  ਤਾਰੀਖ ਤੈਅ ਕੀਤੀ ਗਈ ਹੈ।ਜਾਣਕਾਰੀ ਮੁਤਾਬਿਕ ਇਸ ਸਬੰਧੀ ਨੋਟੀਫਿਕੇਸ਼ਨ 23 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਪਤਾ ਲੱਗਾ ਹੈ ਕਿ ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਆਉਂਦੀ 30 ਸਤੰਬਰ ਤੱਕ ਚੱਲੇਗੀ।

ਦੱਸ ਦਈਏ ਕਿ ਮਈ 2019 ਨੂੰ ਜਲਾਲਾਬਾਦ ਤੋਂ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜੇ ਜਾਣ ਅਤੇ ਇਸ ਸੀਟ ਤੋਂ ਹੀ ਜਿੱਤਣ ਕਾਰਨ ਉਨ੍ਹਾਂ ਨੂੰ ਆਪਣੀ ਵਿਧਾਇਕੀ ਛੱਡਣੀ ਪਈ ਜਿਸ ਕਾਰਨ ਇਹ ਸੀਟ ਆਪਣੇ ਵਿਧਾਇਕ ਤੋਂ ਸੱਖਣੀ ਹੋ ਚੁਕੀ ਹੈ ਤੇ ਇਸੇ ਲਈ ਜਲਾਲਾਬਾਦ ਤੋਂ ਜਿਮਨੀ ਚੋਣ ਕਰਵਾਈ ਜਾ ਰਹੀ ਹੈ। ਜੇਕਰ ਗੱਲ ਕਰੀਏ ਫਗਵਾੜਾ ਸੀਟ ਦੀ ਤਾਂ ਇੱਥੋਂ ਦੇ ਵਿਧਾਇਕ ਵੀ ਸੋਮ ਪ੍ਰਕਾਸ਼ ਵੀ ਸੁਖਬੀਰ ਬਾਦਲ ਵਾਂਗ ਹੁਸ਼ਿਆਰਪੁਰ ਤੋਂ ਲੋਕ ਸਭਾ ਸੀਟ ਜਿੱਤ ਕੇ ਸੰਸਦ ਮੈਂਬਰ ਬਣ ਚੁਕੇ ਹਨ।

ਹੁਣ ਜੇਕਰ ਗੱਲ ਕਰੀਏ ਮੁਕੇਰੀਆਂ ਵਿਧਾਨ ਸਭਾ ਸੀਟ ਦੀ ਤਾਂ ਇੱਥੋਂ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਲੰਘੀ 27 ਅਗਸਤ ਨੂੰ ਦੇਹਾਂਤ ਹੋ ਗਿਆ ਸੀ ਜਿਸ ਕਾਰਨ ਇਹ ਸੀਟ ਵੀ ਵਿਧਾਇਕ ਤੋਂ ਖਾਲੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕਰਦੇ ਹਾਂ ਲੁਧਿਆਣਾ ਦੇ ਦਾਖਾਂ ਸੀਟ ਦੀ ਤਾਂ ਇੱਥੋਂ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਆਮ ਆਦਮੀ ਪਾਰਟੀ ਦੀ ਸੀਟ ਤੋਂ ਵਿਧਾਇਕ ਸਨ ਪਰ ਬੀਤੇ ਦਿਨੀਂ ਉਨ੍ਹਾਂ ਨੇ ਪਾਰਟੀ ਅਤੇ ਆਪਣੀ ਵਿਧਾਇਕੀ ਦੋਵਾਂ ਤੋਂ ਹੀ ਅਸਤੀਫਾ ਦੇ ਦਿੱਤਾ ਜਿਸ ਕਾਰਨ ਇਸ ਸੀਟ ‘ਤੇ ਵੀ ਹੁਣ ਕੋਈ ਵਿਧਾਇਕ ਨਹੀਂ ਹੈ। ਇਸ ਲਈ ਇੱਥੇ ਵੀ ਵਿਧਾਇਕੀ ਦੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ।

 

- Advertisement -

Share this Article
Leave a comment