ਜਗਤਾਰ ਸਿੰਘ ਸਿੱਧੂ;
ਇਕ ਪਾਸੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਮੈਦਾਨ ਗਰਮ ਹੋਣ ਲੱਗਾ ਹੈ ਪਰ ਇਸ ਦੇ ਨਾਲ ਹੀ ਨਸ਼ਿਆਂ ਵਿਰੁਧ ਮੁਹਿੰਮ ਪਿੰਡਾਂ ਵਿਚ ਲਾਮਵੰਦ ਹੋ ਰਹੀ ਹੈ। ਇਸ ਦੀ ਤਾਜਾ ਮਿਸਾਲ ਮਾਲਵੇ ਦੇ ਪਿੰਡ ਭਾਈ ਰੂਪਾ ਦੀ ਹੈ। ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਨੇ ਪਿੰਡ ਪੱਧਰ ਉੱਪਰ ਲੋਕਾਂ ਨੂੰ ਜਾਗਰਿਤ ਕਰਨ ਲਈ ਪਹਿਲਾਂ ਵੀ ਜਾਗੋ ਅਤੇ ਜਲੂਸ ਕੱਢੇ ਹਨ ਪਰ ਹੁਣ ਚੋਣਾਂ ਦੇ ਮੌਕੇ ਸਾਈਕਲ ਰੈਲੀ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਹੋਕਾ ਦਿਤਾ ਹੈ। ਰੈਲੀ ਵਿਚ ਬੱਚਿਆਂ ਅਤੇ ਵੱਡਿਆਂ ਸਮੇਤ ਹਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੁਹਿੰਮ ਦਾ ਅਸਰ ਇਹ ਪੈ ਰਿਹਾ ਹੈ ਕਿ ਪਿੰਡ ਵਿਚ ਨਸ਼ਾ ਤਸਕਰਾਂ ਦੇ ਅੱਡੇ ਪੁੱਟੇ ਗਏ ਹਨ। ਪਿੰਡ ਅੰਦਰ ਚੋਰੀਆਂ ਅਤੇ ਸਮਾਜ ਵਿਰੌਧੀ ਕੰਮ ਕਰਨ ਵਾਲੇ ਅਨਸਰਾਂ ਨੂੰ ਰੋਕ ਲੱਗੀ ਹੈ। ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ ਕਰਨ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਪਿੰਡ ਦੇ ਚੁਫੇਰੇ ਪੱਕੀ ਨਾਕਾਬੰਦੀ ਕੀਤੀ ਗਈ ਹੈ। ਸਰਦੀਆਂ ਹੋਣ ਚਾਹੇ ਗਰਮੀਆਂ ਹੋਣ, ਨਾਕਿਆਂ ਉਤੇ ਹਰ ਸਮੇ ਪਹਿਰੇਦਾਰੀ ਹੁੰਦੀ ਹੈ। ਇਕ ਢੰਗ ਨਾਲ ਦਿੱਲੀ ਦੇ ਕਿਸਾਨ ਮੋਰਚੇ ਦੀ ਤਰਜ ਤੇ ਪਕੇ ਮੋਰਚੇ ਬਣਾ ਲਏ ਹਨ।ਨੌਜਵਾਨ, ਸੀਨੀਅਰ ਐਡਵੋਕੇਟ ਸਾਹਿਬਾਨ , ਕਿਸਾਨ, ਸਮਾਜਸੇਵੀ ਅਤੇ ਹਰ ਵਰਗ ਦੇ ਲੋਕ ਸਹਿਯੋਗ ਦੇ ਰਹੇ ਹਨ। ਰਾਜਸੀ ਧਿਰਾਂ ਅਕਸਰ ਭਾਈਚਾਰਕ ਸਾਂਝ ਦੀ ਗੱਲ ਕਰਦੀਆਂ ਹਨ ਪਰ ਅਕਸਰ ਉਨਾਂ ਦਾ ਮਨੋਰਥ ਰਾਜਸੀ ਹੁੰਦਾ ਹੈ। ਸਾਂਝ ਦੀ ਮਿਸਾਲ ਤਾਂ ਭਾਈ ਰੂਪਾ ਦੀ ਨਸ਼ਾ ਵਿਰੋਧੀ ਮੁਹਿੰਮ ਦਿੰਦੀ ਹੈ। ਪਿੰਡ ਦਾ ਬਿਜਨਸ ਕਰਨ ਵਾਲੇ ਕਾਰੋਬਾਰੀ ਅਤੇ ਦੁਕਾਨਦਾਰਾਂ ਨੇ ਵੀ ਇਕ ਮੋਰਚਾ ਸੰਭਾਲਿਆ ਹੋਇਆ ।ਉਹ ਵੀ ਵਾਰੀ ਸਿਰ ਪਹਿਰਾ ਦਿੰਦੇ ਹਨ। ਇਸ ਤਰਾਂ ਇਹ ਲਹਿਰ ਭਾਈਚਾਰਕ ਸਾਂਝ ਦਾ ਉਹ ਸੁਨੇਹਾ ਦਿੰਦੀ ਹੈ ਜੋ ਰਾਜਸੀ ਧਿਰਾਂ ਨੇ ਅਮਲੀ ਰੂਪ ਵਿਚ ਅਜਿਹਾ ਨਹੀਂ ਕੀਤਾ। ਰਾਜਸੀ ਧਿਰਾਂ ਦੇ ਆਗੂ ਨਸ਼ੇ ਦੇ ਮੁੱਦੇ ਨੂੰ ਲੈਕੇ ਆਏ ਦਿਨ ਮੇਹਣੋ ਮੇਹਣੀ ਹੁੰਦੇ ਹਨ ਪਰ ਕੀ ਕਦੇ ਉਨਾਂ ਵਲੋਂ ਆਮ ਲੋਕਾਂ ਨੂੰ ਮੁਹਿੰਮ ਵਿਚ ਜੋੜਨ ਦੀ ਕੋਸ਼ਿਸ਼ ਕੀਤੀ? ਪਿੰਡ ਦੀ ਪਹਿਰਾ ਦੇਣ ਵਾਲੀ ਕਮੇਟੀ ਵਿਚ ਤਕਰੀਬਨ 150 ਤੋ ਉਪਰ ਲੋਕਾਂ ਦੀ ਰੈਗੂਲਰ ਸ਼ਮੂਲੀਅਤ ਹੈ। ਇਥੋਂ ਤੱਕ ਕਿ ਕਮੇਟੀ ਵਿਚ ਕਿਸੇ ਦਾ ਜਨਮ ਦਿਨ ਆਉਂਦਾ ਹੈ ਤਾਂ ਨਾਕਿਆਂ ਉਪਰ ਸਾਂਝੇ ਤੌਰ ਤੇ ਮਨਾਇਆ ਜਾਂਦਾ ਹੈ। ਕੇਕ ਕਟਕੇ ਸਾਰੇ ਨਾਕਿਆਂ ਉੱਤੇ ਵੰਡਿਆ ਜਾਂ ਦਾ ਹੈ। ਜੇਕਰ ਕਿਸੇ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਜਾਵੇ ਤਾਂ ਪੁਲੀਸ ਨੂੰ ਸੂਚਿਤ ਕਰਦੇ ਹਨ। ਔਖੀ ਸਥਿਤੀ ਦਾ ਵੀ ਟਾਕਰਾ ਕਰਦੇ ਹਨ।
ਸਰਕਾਰ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਕੰਮ ਕਰ ਰਹੀਆਂ ਕਮੇਟੀਆਂ ਨੂੰ ਹੱਲਾਸ਼ੇਰੀ ਦਿਤੀ ਜਾਵੇ ਕਿਉਂ ਜੋ ਕੇਵਲ ਸਰਕਾਰੀ ਤੰਤਰ ਨਾਲ ਨਸ਼ਿਆਂ ਦਾ ਖਾਤਮਾ ਨਹੀ ਕੀਤਾ ਜਾ ਸਕਦਾ ਸਗੋ ਸਮਾਜਿਕ ਪੱਧਰ ਤੇ ਸਹਿਯੋਗ ਬਹੁਤ ਅਹਿਮ ਭੂਮਿਕਾ ਅਦਾ ਕੀਤੀ ਜਾ ਸਕਦੀ ਹੈ। ਇਸ ਮੁਹਿੰਮ ਲਈ ਕਈ ਤਰਾਂ ਦੀਆਂ ਮੁਸ਼ਕਲਾਂ ਵੀ ਆਉਂਦੀਆਂ ਹਨ ਜੋ ਕਿ ਸਰਕਾਰ ਦੀ ਮਦਦ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ।
ਪਿੰਡਾਂ ਅੰਦਰ ਪੰਚਾਇਤਾਂ ਜਮਹੂਰੀਅਤ ਦੀ ਸਭ ਤੋਂ ਹੇਠਲੀ ਕੜੀ ਹਨ। ਪੰਚਾਇਤਾਂ ਲਈ ਸਰਬਸੰਮਤੀ ਹੋਵੇ ਜਾਂ ਚੋਣ ਹੋਵੇ, ਇਸ ਦਾ ਬਹੁਤਾ ਮਹਤਵ ਨਹੀਂ ਹੈ ਸਗੋਂ ਸਵਾਲ ਤਾਂ ਇਹ ਹੈ ਕਿ ਪੰਚਾਇਤ ਦੀ ਲੀਡਰਸ਼ਿਪ ਵਿਕਾਸ ਅਤੇ ਸਮਾਜ ਲਈ ਬੇਹਤਰ ਭੂਮਿਕਾ ਨਿਭਾਉਣ ਵਾਲ਼ੀ ਹੋਵੇ।
ਸੰਪਰਕਃ 9814002186